ਹੁਸ਼ਿਆਰਪੁਰ, 20 ਜੁਲਾਈ (ਰਾਜਪੂਤ)- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਦਰਬਾਰਾ ਸਿੰਘ ਨੇ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਮੱਦੇਨਜ਼ਰ ਪਿੰਡ ਕੋਟਲਾ ਨੌਧ ਸਿੰਘ ਦੇ ਆਜ਼ਾਦੀ ਘੁਲਾਟੀਏ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਸਮਰਪਿਤ 60 ਦਿਨਾਂ ਪਸ਼ੂ ਮਿੱਤਰ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਚ ਸ਼ਮ੍ਹਾ ਰੌਸ਼ਨ ਕਰਕੇ ਕੀਤੀ। ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ ਵਲੋਂ ਆਯੋਜਿਤ ਇਸ ਟੇ੍ਰਨਿੰਗ ਕੈਂਪ ਵਿਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਲੀਡ ਜ਼ਿਲ੍ਹਾ ਮੈਨੇਜਰ ਸ੍ਰੀ ਤਰਸੇਮ ਸਿੰਘ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿਚ 75ਵਾਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਉਸੇ ਕੜੀ ਵਿਚ ਆਪਣੇ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਏ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਯਾਦ ਕਰਦੇ ਹੋਏ ਇਸ ਟੇ੍ਰਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ 25 ਵਿਦਿਆਰਥੀਆਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ। ਸੰਸਥਾ ਦੇ ਡਾਇਰੈਕਟਰ ਸ੍ਰੀ ਰਜਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ 60 ਦਿਨਾਂ ਦੀ ਇਹ ਟ੍ਰੇਨਿੰਗ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਸੰਸਥਾ ਵਲੋਂ ਸਿਖਿਆਰਥੀਆਂ ਲਈ ਦੁਪਹਿਰ ਦਾ ਖਾਣਾ ਆਦਿ ਵੀ ਮੁਫ਼ਤ ਦਿੱਤਾ ਜਾਵੇਗਾ।
ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਿਪਟੀ ਡਾਇਰੈਕਟਰ ਡਾ. ਹਰਨੂਰ ਸਿੰਘ, ਡਾ. ਮਨਦੀਪ ਸਿੰਘ, ਡਾ. ਰਾਣਾ ਪ੍ਰੀਤ ਤੇ ਆਰ.ਸੇਟੀ ਸਟਾਫ, ਫੈਕਿਲਟੀ ਸਾਕਸ਼ੀ ਜੋਸ਼ੀ, ਗੁਰਜੀਤ ਕੌਰ, ਹਰਪਾਲ ਤੇ ਸਿਮਰਨਜੀਤ ਸਿੰਘ ਤੋਂ ਇਲਾਵਾ ਨਿਸ਼ਾਂਤ ਕੁਮਾਰ ਤੇ ਭੂਸ਼ਨ ਸ਼ਰਮਾ ਵੀ ਮੌਜੂਦ ਸਨ।