ਤਲਵਾੜਾ, 20 ਜੁਲਾਈ (ਬਲਦੇਵ ਰਾਜ ਟੋਹਲੂ)-ਕੰਢੀ ਇਲਾਕੇ ਦੇ ਦੂਰ ਦੁਰਾਡੇ ਪੈਂਦੇ ਕਰੀਬ ਅੱਧੀ ਦਰਜਨ ਪਿੰਡਾਂ ’ਚ ਖਾਲਿਸਤਾਨ ਦੇ ਸਮਰਥਨ ‘ਚ ਨਾਅਰੇ ਲਿਖੇ ਮਿਲੇ ਹਨ। ਹਿੰਦੂ ਬਹੁਲ ਇਲਾਕਿਆਂ ‘ਚ ਖਾਲਿਸਤਾਨ ਪੱਖੀ ਨਾਅਰਿਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਸਿਆਸੀ ਆਗੂਆਂ ਨੇ ਘਟਨਾਂ ਨੂੰ ਮੰਦਭਾਗਾ ਦੱਸਿਆ ਹੈ। ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਬੁੱਧਵਾਰ ਦੀ ਸਵੇਰ ਪਿੰਡ ਲੱਬਰ, ਕੰਧੋ ਕਰੋਡ਼ਾ, ਗੱਗਡ਼, ਜੁਗਿਆਲ, ਬਡਲਾ ਆਦਿ ‘ਚ ਲਿਖੇ ਨਾਅਰਿਆਂ ਨੂੰ ਪੁਲੀਸ ਨੇ ਪਹੁੰਚ ਕੇ ਸਾਫ ਕਰਵਾਇਆ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਉਕਤ ਨਾਅਰੇ ਸ਼ਰਾਰਤੀ ਤੱਤਾਂ ਵੱਲੋਂ ਮੰਗਲਵਾਰ ਦੀ ਰਾਤ ਨੂੰ ਹੀ ਲਿਖੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਉਧਰ ਇਸ ਮਾਮਲੇ ‘ਚ ਸਿਆਸਤ ਵੀ ਭਖ ਗਈ ਹੈ। ਐਡਵੋਕੇਟ ਇੰਦਰਪਾਲ ਸਿੰਘ ਧੰਨਾ ਸਾਬਕਾ ਵਾਇਸ ਚੇਅਰਮੈਨ ਬਾਰ ਕੌਂਸਲ ਪੰਜਾਬ ਹਰਿਆਣਾ ਚੰਡੀਗੜ੍ਹ ਹਾਈ ਕੋਰਟ ਨੇ ਘਟਨਾਂ ਨੂੰ ਮੰਦਭਾਗਾ ਦੱਸਿਆ ਹੈ। ਕੰਢੀ ਖ਼ੇਤਰ ਸ਼ਾਂਤ ਇਲਾਕਾ ਹੈ। ਉਨ੍ਹਾਂ ਅਜਿਹੀਆਂ ਹਰਕਤਾਂ ਨੂੰ ਇਲਾਕੇ ਦੀ ਅਮਨ ਸ਼ਾਂਤੀ ਅਤੇ ਸੂਬੇ ਵਿਚਲੀ ਹਿੰਦੂ-ਸਿੱਖ ਏਕਤਾ ਲਈ ਘਾਤਕ ਦੱਸਿਆ। ਬਸਪਾ ਆਗੂ ਸਮਾਜ ਸੇਵਕ ਸ੍ਰੀ ਸੁਸ਼ੀਲ ਕੁਮਾਰ ਪਿੰਕੀ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਚ ਆਈ ਹੈ, ਪੰਜਾਬ ਅਤੇ ਗੁਆਂਢੀ ਸੂਬਿਆਂ ’ਚ ਅਜਿਹੀਆਂ ਵਾਰਦਾਤਾਂ ਆਮ ਗੱਲ ਹੋ ਗਈਆਂ ਹਨ। ਪਰ ਪੰਜਾਬ ਦੇ ਲੋਕ ਸਿਆਣੇ ਹਨ, ਉਹ ਅਜਿਹੀਆਂ ਹਰਕਤਾਂ ਦਾ ਸਮਰਥਨ ਨਹੀਂ ਕਰਦੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਪ੍ਰਸ਼ਾਸਨ ਤੋਂ ਨੋਟਿਸ ਲੈਣ ਅਤੇ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ । ਹਲਕਾ ਦਸੂਹਾ ਤੋਂ ‘ਆਪ’ ਵਿਧਾਇਕ ਐਡ ਕਰਮਵੀਰ ਘੁੰਮਣ ਨੇ ਘਟਨਾ ਨੂੰ ਮੰਦਭਾਗਾ ਦੱਸਿਆ, ਅਤੇ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਸਿਆਸੀ ਆਗੂਆਂ ਨੇ ਲੋਕਾਂ ਨੂੰ ਅਮਨ ਸ਼ਾਂਤੀ ਬਹਾਲ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਡੀ.ਐਸ.ਪੀ. ਦਸੂਹਾ ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾਂ ਜਾਂਚ ਕਰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।
