ਹੁਸ਼ਿਆਰਪੁਰ, 13 ਜੁਲਾਈ (ਰਾਜਪੂਤ)- ਕਮਾਂਡੈਂਟ ਸ੍ਰੀ ਹਰਪ੍ਰੀਤ ਸਿੰਘ ਮੰਡੇਰ ਦੀ ਸਰਪ੍ਰਸਤੀ ਹੇਠ ਪੁਲਿਸ ਰਿਕਰੂਟਸ ਟ੍ਰੇਨਿੰਗ ਸੈਂਟਰ ਜਹਾਨਖੇਲਾਂ ਵਿਖੇ ਤਿੰਨ ਰੋਜ਼ਾ ਟੀਕਾਕਰਨ ਕੈਂਪ ਅੱਜ ਸਮਾਪਤ ਹੋ ਗਿਆ ਹੈ। ਕੈਂਪ ਵਿਚ 529 ਕਰਮਚਾਰੀਆਂ ਤੇ ਸਿਖਿਆਰਥੀਆਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ, ਦੂਜੀ ਅਤੇ ਬੂਸਟਰ ਡੋਜ਼ ਲਗਾਈ ਗਈ। ਇਹ ਟੀਕਾਕਰਨ ਕੈਂਪ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਸੀਮਾ ਗਰਗ ਦੀ ਅਗਵਾਈ ਵਿਚ ਲਗਾਇਆ ਗਿਆ ਅਤੇ ਟੀਕਾਕਰਨ ਟੀਮ ਵਿਚ ਮੈਡੀਕਲ ਅਫ਼ਸਰ ਜਹਾਨਖੇਲਾਂ ਡਾ. ਸੌਰਭ, ਸ੍ਰੀ ਹਰਜੀਤ, ਸੋਨੂ ਬਾਲਾ, ਖੁਸ਼ਬੂ ਅਤੇ ਕਮਲਜੀਤ ਸ਼ਾਮਲ ਸਨ।
ਇਸ ਤੋਂ ਇਲਾਵਾ ਵਣ ਮਹਾਉਤਸਵ ਤਹਿਤ ਜਹਾਨਖੇਲਾਂ ਵਿਖੇ ਕਮਾਂਡੈਂਟ ਸ੍ਰੀ ਹਰਪ੍ਰੀਤ ਸਿੰਘ ਮੰਡੇਰ ਵਲੋਂ ਬੂਟੇ ਲਗਾ ਕੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ, ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰਹਿ ਸਕੇ। ਇਸ ਮੌਕੇ ਡੀ.ਐਸ.ਪੀ. ਸ੍ਰੀ ਗੁਰਜੀਤ ਪਾਲ ਸਿੰਘ, ਸ੍ਰੀ ਹਰਜੀਤ ਸਿੰਘ, ਸ੍ਰੀ ਕੁਲਦੀਪ ਸਿੰਘ, ਸ੍ਰੀ ਮਲਕੀਤ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।