ਹੁਸ਼ਿਆਰਪੁਰ, 11 ਜੁਲਾਈ (ਰਾਜਪੂਤ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੈਨਿਕ ਸਕੂਲ ਕਪੂਰਥਲਾ ਦੀ ਦੇਖਭਾਲ ਕਰੇਗੀ। ਇਹ ਪ੍ਰਗਟਾਵਾ ਰੱਖਿਆ ਸੇਵਾਵਾਂ ਭਲਾਈ ਮੰਤਰੀ ਫੌਜਾ ਸਿੰਘ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਇਸ ਵੱਕਾਰੀ ਸੰਸਥਾ ਨੂੰ ਪਿਛਲੇ ਸਮੇਂ ਵਿੱਚ ਅੱਖੋਂ ਪਰੋਖੇ ਕੀਤਾ ਗਿਆ ਸੀ ਪਰ ਹੁਣ ਰਾਜ ਸਰਕਾਰ ਸੈਨਿਕ ਸਕੂਲ ਦੀ ਸ਼ਾਨ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਜਿਸ ਮਕਸਦ ਲਈ ਇਹ ਸੰਸਥਾ ਬਣਾਈ ਗਈ ਸੀ, ਉਸ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੈਨਿਕ ਸਕੂਲ ਨੂੰ ਮੁੜ ਸੁਰਜੀਤ ਕਰਨ ਅਤੇ ਇਸ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਨਿੱਜੀ ਤੌਰ ‘ਤੇ ਦਿਲਚਸਪੀ ਲੈ ਰਹੇ ਹਨ। ਫੌਜਾ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਸਬੰਧੀ ਉਨ੍ਹਾਂ ਦੇ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਇਹ ਸੰਸਥਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਸਕੇ। ਸੈਨਿਕ ਸਕੂਲ ਨੇ ਮਹਾਨ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ ਜਿਨ੍ਹਾਂ ਨੇ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਵਿਸ਼ੇਸ਼ ਤੌਰ ‘ਤੇ ਰੱਖਿਆ ਬਲਾਂ ਵਿੱਚ ਦੇਸ਼ ਦੀ ਸੇਵਾ ਕੀਤੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਸਕੂਲ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਸੀ। ਉਨ੍ਹਾਂ ਵਿੱਤ ਵਿਭਾਗ ਨੂੰ ਸਕੂਲ ਦੀ ਇਮਾਰਤ ਦੀ ਮੁਰੰਮਤ ਲਈ ਤੁਰੰਤ ਫੰਡ ਜਾਰੀ ਕਰਨ ਲਈ ਕਿਹਾ। ਸਕੂਲ ਦੀ ਇਮਾਰਤ ਨੂੰ ਸਹੀ ਢੰਗ ਨਾਲ ਸੰਭਾਲਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ ਹੈ।
ਫੌਜਾ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਵੱਕਾਰੀ ਸੰਸਥਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਜ਼ੀਫੇ ਮੁਹੱਈਆ ਕਰਵਾਉਣ ਲਈ ਫੰਡ ਜਾਰੀ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੰਸਥਾ ਨੂੰ ਸ਼ਾਨ ਨਾਲ ਬਹਾਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।