ਵਿਸ਼ੇਸ਼ ਰਿਪੋਰਟ
ਹੁਸ਼ਿਆਰਪੁਰ, 8 ਜੁਲਾਈ (ਚੀਫ ਬਿਓੂਰੋ)-
ਸ਼ਿੰਜ਼ੋ ਆਬੇ ਦਾ ਦੇਹਾਂਤ ਉਸ ਹਸਪਤਾਲ ਵਿੱਚ ਹੋਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਲਿਬਰੇਲ ਡੈਮੋਕਰੇਟਿਕ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਇਸ ਬਾਰੇ ਦੱਸਿਆ ਹੈ।
ਪ੍ਰੈਸ ਕਾਨਫਰੰਸ ਦੌਰਾਨ ਡਾਕਟਰ ਨੇ ਜਾਣਕਾਰੀ ਦਿੱਤੀ ਕਿ ਸ਼ਿੰਜ਼ੋ ਆਬੇ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਘੰਟਿਆਂ ਤੱਕ ਕੋਸ਼ਿਸ਼ ਕੀਤੀ। ਸ਼ੁੱਕਰਵਾਰ ਦੀ ਸਵੇਰੇ ਹੀ ਉਨ੍ਹਾਂ ‘ਤੇ ਜਾਨਲੇਵਾ ਹਮਲਾ ਹੋਇਆ ਸੀ, ਉਸ ਵੇਲੇ ਉਹ ਨਾਰਾ ਸ਼ਹਿਰ ਵਿੱਚ ਇੱਕ ਚੋਣ ਪ੍ਰਚਾਰ ਸਮਾਗਮ ਵਿੱਚ ਭਾਸ਼ਣ ਦੇ ਰਹੇ ਸਨ। ਮੌਕੇ ‘ਤੇ ਮੌਜੂਦ ਐੱਨਐੱਚਕੇ ਦੇ ਰਿਪੋਰਟਰ ਨੇ ਦੱਸਿਆ ਸੀ ਕਿ ਉਸ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਸ਼ਿੰਜ਼ੋ ਆਬੇ ਨੂੰ ਖੂਨ ਨਾਲ ਲੱਥ-ਪੱਥ ਦੇਖਿਆ।
ਰਿਪੋਰਟ ਮੁਤਾਬਕ, ਘਟਨਾ ਵਾਲੀ ਥਾਂ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਹੈ।
ਦਿ ਜਪਾਨ ਟਾਈਮਜ਼ ਅਨੁਸਾਰ, ਇਹ ਘਟਨਾ ਸਵੇਰੇ 11:30 ਵਜੇ ਦੇ ਕਰੀਬ ਵਾਪਰੀ ਸੀ।
ਇਸ ਤੋਂ ਪਹਿਲਾਂ ਆਬੇ ‘ਤੇ ਹੋਏ ਹਮਲੇ ਨੂੰ ਪ੍ਰਧਾਨ ਮੰਤਰੀ ਫੁਮਿਓ ਕਸ਼ਿਦਾ ਨੇ ਇੱਕ ‘ਮਾੜਾ ਕਾਰਾ’ ਦੱਸਿਆ ਸੀ।
ਉਨ੍ਹਾਂ ਨੇ ਕਿਹਾ ਕਿ ਹਮਲਾਵਰ ਦੇ ਮਕਸਦ ਬਾਰੇ ਅਜੇ ਪਤਾ ਨਹੀਂ ਲੱਗਿਆ ਹੈ ਪਰ ਇਸ ਦਾ ਮੌਜੂਦਾ ਚੋਣਾਂ ਨਾਲ ਸਬੰਧ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
”ਮੈਂ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ, ਲੋਕਤੰਤਰ ਵਿੱਚ ਅਜਿਹੀ ਹਿੰਸਾ ਦੀ ਕੋਈ ਥਾਂ ਨਹੀਂ ਹੈ।”
ਉਹ ਪਲ ਜਦੋਂ ਸ਼ਿੰਜ਼ੋ ਆਬੇ ਨੂੰ ਗੋਲੀ ਮਾਰੀ ਗਈ
ਸ਼ਿੰਜ਼ੋ ਆਬੇ ਗੋਲੀ ਲੱਗਣ ਤੋਂ ਪਹਿਲਾਂ ਜਦੋਂ ਭਾਸ਼ਣ ਦੇਣ ਲਈ ਉੱਠਣ ਲੱਗੇ ਸਨI
ਚਸ਼ਮਦੀਦਾਂ ਨੇ ਕੀ ਦੱਸਿਆ
ਬੀਬੀਸੀ ਜਪਾਨ ਦੇ ਪੱਤਰਕਾਰ ਰੁਪਰਟ ਵਿੰਗਫ਼ਿਲਡ-ਹੇਯਸ ਨੇ ਜਾਣਕਾਰੀ ਦਿੱਤੀ ਕਿ ਘਟਨਾ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਵੇਖਿਆ, ਜਿਸ ਨੇ ਆਬੇ ‘ਤੇ ਪਿੱਛਿਓਂ ਹਮਲਾ ਕੀਤਾ।
ਜਾਣਕਾਰੀ ਅਨੁਸਾਰ, ਆਬੇ ‘ਤੇ ਦੋ ਗੋਲੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਦੂਸਰੀ ਗੋਲੀ ਨੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਹ ਤੁਰੰਤ ਜ਼ਮੀਨ ‘ਤੇ ਡਿੱਗ ਪਏ ਸਨ।
ਐੱਨਐੱਚਕੇ ਨੂੰ ਇੱਕ ਚਸ਼ਮਦੀਦ ਮਹਿਲਾ ਨੇ ਦੱਸਿਆ, ”ਸਾਬਕਾ ਪ੍ਰਧਾਨ ਮੰਤਰੀ ਭਾਸ਼ਣ ਦੇ ਰਹੇ ਸਨ ਉਸੇ ਵੇਲੇ ਇੱਕ ਵਿਅਕਤੀ ਉਨ੍ਹਾਂ ਦੇ ਪਿਛਲੇ ਪਾਸੇ ਗਿਆ। ਪਹਿਲੀ ਗੋਲੀ ਦੀ ਆਵਾਜ਼ ਬਹੁਤ ਤੇਜ਼ ਆਈ। ਉਦੋਂ ਸ਼ਿੰਜ਼ੋ ਆਬੇ ਡਿੱਗੇ ਨਹੀਂ ਸਨ।”
ਮਹਿਲਾ ਨੇ ਅੱਗੇ ਦੱਸਿਆ, ”ਜਦੋਂ ਦੂਜੀ ਗੋਲ਼ੀ ਲੱਗੀ ਤਾਂ ਆਬੇ ਡਿੱਗ ਗਏ। ਲੋਕਾਂ ਨੇ ਆਬੇ ਨੂੰ ਚਾਰੇ ਪਾਸਿਓਂ ਘੇਰ ਲਿਆ।”
”ਹਮਲਾਵਰ ਟੀ-ਸ਼ਰਟ ‘ਚ ਸੀ। ਉਹ ਵਿਅਕਤੀ ਭੱਜ ਨਹੀਂ ਰਿਹਾ ਸੀ। ਉਹ ਕੋਲ਼ ਹੀ ਖੜ੍ਹਾ ਸੀ ਅਤੇ ਬੰਦੂਕ ਵੀ ਉੱਥੇ ਹੀ ਪਈ ਸੀ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਘਟਨਾ ਵਾਲੀ ਥਾਂ ਤੋਂ ਹੀ ਫੜ੍ਹਿਆ ਹੈ।”
ਆਬੇ ਦੀ ਮੌਤ ਉੱਤੇ ਪ੍ਰਤੀਕਿਰਿਆਵਾਂ
ਜਪਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਨੇ ਸ਼ਿੰਜੋ ਆਬੇ ਦੀ ਗੋਲੀਬਾਰੀ ਦੀ ਨਿੰਦਾ ਕਰਦਿਆਂ ਹੋਇਆ ਕਿਹਾ ਕਿ ਇਹ ਬੇਰਹਿਮੀ ਭਰਿਆ ਕਾਰਾ ਹੈ।
ਫੂਮੀਓ ਕਿਸ਼ਿਦਾ ਨੇ ਕਿਹਾ ਕਿ ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਆਬੇ ਨੇ “ਮਹਾਨ ਲੀਡਰਸ਼ਿਪ” ਨਾਲ ਦੇਸ਼ ਦੀ ਅਗਵਾਈ ਕੀਤੀ ਅਤੇ ਕਿਹਾ ਕਿ ਕਤਲ ਤੋਂ ਬਾਅਦ ਉਹ “ਸ਼ਬਦ ਹੀ ਗੁਆਚ ਗਏ” ਹਨ।
ਕਿਸ਼ਿਦਾ ਨੇ ਕਿਹਾ, “ਮੈਂ ਸ਼ਿੰਜੋ ਆਬੇ ਦੀ ਪਿੱਛੇ ਰਹਿ ਗਈ ਵਿਰਾਸਤ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਮੈਂ ਡੂੰਘੇ ਸੋਗ ਵਿੱਚ ਹਾਂ।”
ਕਿਸ਼ਿਦਾ ਨੇ ਆਬੇ ਨੂੰ “ਆਪਣਾ ਦੋਸਤ” ਅਤੇ ਕਿਸੇ ਅਜਿਹੇ ਵਿਅਕਤੀ ਵਜੋਂ ਦਰਸਾਇਆ ਜਿਸ ਨਾਲ ਉਨ੍ਹਾਂ ਨੇ “ਬਹੁਤ ਸਾਰਾ ਸਮਾਂ ਬਤੀਤ” ਕੀਤਾ ਹੈ।
ਉਨ੍ਹਾਂ ਨੇ ਕਿਹਾ, “ਮੈਨੂੰ ਆਬੇ ਤੋਂ ਹਮੇਸ਼ਾ ਤੋਂ ਕੀਮਤੀ ਸਲਾਹ ਅਤੇ ਸਮਰਥਨ ਮਿਲਿਆ।”
ਉਧਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਉਹ ਆਪਣੇ ਪਿਆਰੇ ਦੋਸਤ ਦੀ ਮੌਤ ਦਾ ਦਰਦ ਬਿਆਨ ਨਹੀਂ ਕਰ ਸਕਦੇ।
ਮੋਦੀ ਨੇ ਆਬੇ ਨੂੰ “ਵੱਡਾ ਕੌਮਾਂਤਰੀ ਰਾਜਨੇਤਾ, ਇੱਕ ਸ਼ਾਨਦਾਰ ਲੀਡਰ ਅਤੇ ਸ਼ਾਨਦਾਰ ਪ੍ਰਸ਼ਾਸਕ” ਦੱਸਿਆ।
ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ, “ਉਨ੍ਹਾਂ ਨੇ ਜਾਪਾਨ ਅਤੇ ਦੁਨੀਆ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕੀਤਾ।” ਪੀਐੱਮ ਮੋਦੀ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਹੈ ਕਿ, “ਸਾਬਕਾ ਪ੍ਰਧਾਨ ਮੰਤਰੀ ਆਬੇ ਸ਼ਿੰਜੋ ਲਈ ਸਾਡੇ ਡੂੰਘੇ ਸਨਮਾਨ ਦੇ ਪ੍ਰਤੀਕ ਵਜੋਂ, 9 ਜੁਲਾਈ 2022 ਨੂੰ ਇੱਕ ਰੋਜ਼ਾ ਰਾਸ਼ਟਰੀ ਸੋਗ ਮਨਾਇਆ ਜਾਵੇਗਾ।”
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੂਕ-ਯੋਲ ਨੇ ਜਪਾਨ ਲਈ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, ”ਇਹ ਕਦੇ ਨਾ ਮਾਫ਼ ਕੀਤੇ ਜਾਣ ਵਾਲਾ ਅਪਰਾਧ ਹੈ।”
ਜਰਮਨ ਦੇ ਚਾਂਸਲਰ ਓਲਾਫ ਸਕੋਲਜ਼ ਕਿਹਾ ਕਿ ਉਹ ਇਸ ਘਟਨਾ ਨਾਲ ਬਹੁਤ ਦੁੱਖੀ ਅਤੇ ਸੁੰਨ ਹੋ ਗਏ। ਉਨ੍ਹਾਂ ਕਿਹਾ, ”ਇਸ ਦੁੱਖ ਦੀ ਘੜੀ ਵਿੱਚ ਜਰਮਨ ਪੂਰੀ ਤਰ੍ਹਾਂ ਜਪਾਨ ਦੇ ਨਾਲ ਖੜ੍ਹਾ ਹੈ।”
ਰੋਮਾਨੀਆ ਦੇ ਰਾਸ਼ਟਰਪਤੀ ਕਲੌਸ ਆਇਓਹਾਨਿਸ ਨੇ ਆਬੇ ਨੂੰ “ਲੋਕਤੰਤਰ ਦਾ ਵੱਡਾ ਸਮਰੱਥਕ, ਬਹੁਪੱਖਵਾਦੀ ਅਤੇ ਇੱਕ ਸੱਚਾ ਮਿੱਤਰ” ਦੱਸਿਆ।
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਏਰਦੋਗਨ ਨੇ ਆਬੇ ਨੂੰ ਆਪਣਾ ਪਿਆਰਾ ਦੋਸਤ ਕਹਿੰਦਆਂ ਕਿਹਾ, “ਮੈਂ ਉਨ੍ਹਾਂ ਲੋਕਾਂ ਦੀ ਨਿੰਦਾ ਕਰਦਾ ਹਾਂ ਜਿਨ੍ਹਾਂ ਨੇ ਇਸ ਘਿਨਾਉਣੇ ਹਮਲੇ ਨੂੰ ਅੰਜਾਮ ਦਿੱਤਾ।”
ਸ਼ਿੰਜ਼ੋ ਆਬੇ ਦਾ ਕਾਫ਼ੀ ਖ਼ੂਨ ਵਹਿ ਰਿਹਾ ਸੀ
ਜਿਸ ਵੇਲੇ ਸ਼ਿੰਜ਼ੋ ਆਬੇ ਨੂੰ ਹਸਪਤਾਲ ਲੈ ਜੇ ਕੇ ਜਾ ਰਹੇ ਸਨ ਤਾਂ ਉਨ੍ਹਾਂ ਦੀ ਛਾਤੀ ‘ਚੋਂ ਖੂਨ ਵਗ ਰਿਹਾ ਸੀ।
ਉਨ੍ਹਾਂ ਨੂੰ ਨਾਰਾ ਮੈਡੀਕਲ ਯੂਨੀਵਰਸਿਟੀ ‘ਚ ਦਾਖ਼ਲ ਕਰਵਾਇਆ ਗਿਆ ਸੀ।
ਜਪਾਨ ਦੇ ਚੀਫ਼ ਕੈਬਨਿਟ ਸਕੱਤਰ ਨੇ ਕਿਹਾ ਸੀ, ”ਸ਼ੁੱਕਰਵਾਰ ਨੂੰ ਦਿਨ ‘ਚ ਸਥਾਨਕ ਸਮੇਂ 11:30 ਵਜੇ ਨਾਰਾ ਵਿੱਚ ਸ਼ਿੰਜ਼ੋ ਆਬੇ ਨੂੰ ਗੋਲ਼ੀ ਮਾਰੀ ਗਈ।”
ਜਪਾਨ ਦੇ ਕੈਬਨਿਟ ਸਕੱਤਰ ਹਿਰੋਕਾਜ਼ੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਚਾਹੇ ਜੋ ਵੀ ਕਾਰਨ ਹੋਵੇ, ਅਜਿਹੀ ਬਰਬਰਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਟੋਕੀਓ ਦੇ ਸਾਬਕਾ ਗਵਰਨਰ ਯੋਇਚੀ ਮਾਸੂਜ਼ੋਏ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਸ਼ਿੰਜ਼ੋ ਆਬੇ ਨੂੰ ਕਾਰਡੀਓਪੂਲਮੋਨਰੀ ਅਰੈਸਟ (ਦਿਲ ਦਾ ਦੌਰਾ) ਹੋਇਆ ਹੈ।
ਜਪਾਨ ਵਿੱਚ ਕਿਸੇ ਮੌਤ ਦੀ ਅਧਿਕਾਰਿਤ ਪੁਸ਼ਟੀ ਤੋਂ ਪਹਿਲਾਂ ਇਸ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਹਮਲਾਵਰ ਕੌਣ ਹੈ?
ਜਾਪਾਨ ਦੇ ਸਥਾਨਕ ਮੀਡੀਆ ਬਰਾਡਕਾਸਟਰ ਐੱਨਐੱਚਕੇ ਮੁਤਾਬਕ, ਹਮਲਾਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ।
ਐਨਐੱਚਏ ਦੇ ਅਨੁਸਾਰ ਹਮਲਾਵਰ ਦੀ ਪਛਾਣ ਨਾਰਾ ਸ਼ਹਿਰ ਦੇ ਰਹਿਣ ਵਾਲੇ ਤੇਤਸੁਯਾ ਯਾਮਾਗਾਮੀ (41) ਵੱਜੋਂ ਹੋਈ ਹੈ। ਅਤੇ ਉਸ ਨੂੰ ਨਾਰਾ ਦੇ ਨਿਸ਼ੀ ਪੁਲਿਸ ਸਟੇਸ਼ਨ ਲੈ ਗਏ ਹਨ।
ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਉਸ ਨੇ ਪੁਲਿਸ ਨੂੰ ਕਿਹਾ ਕਿ ਉਪ ਆਬੇ ਤੋਂ ਅਸੰਤੁਸ਼ਟ ਸੀ ਅਤੇ ਉਨ੍ਹਾਂ ਦੀ ਹੱਤਿਆਂ ਕਰਨੀ ਚਾਹੁੰਦਾ ਸੀ।
ਕਥਿਤ ਹਮਲਾਵਰ ਗਰੇ ਟੀ-ਸ਼ਰਟ ਅਤੇ ਪੈਂਟ ਵਿੱਚ ਆਇਆ ਸੀ। ਰੱਖਿਆ ਵਿਭਾਗ ਦੇ ਹਵਾਲੇ ਨਾਲ ਐੱਨਐੱਚਏ ਨੇ ਦੱਸਿਆ, “ਸ਼ੱਕੀ ਵਿਅਕਤੀ ਸਵੈ-ਰੱਖਿਆ ਬਲ ਦਾ ਸਾਬਕਾ ਮੈਂਬਰ ਹੈ। ਉਸ ਨੇ ਹੱਥ ਨਾਲ ਬਣੀ ਬੰਦੂਕ ਨਾਲ ਗੋਲੀ ਮਾਰੀ ਸੀ। ਉਸ ਨੇ 2005 ਤੱਕ ਤਿੰਨ ਸਾਲ ਸਵੈ-ਰੱਖਿਆ ਬਲ ਵਿੱਚ ਸੇਵਾ ਕੀਤੀ ਸੀ।”
ਨਾਰਾ ਦੀ ਰਹਿਣ ਵਾਲੀ 50 ਸਾਲਾਂ ਇੱਕ ਔਰਤ ਇਸ ਰੈਲੀ ਵਿੱਚ ਸ਼ਾਮਿਲ ਸੀ। ਉਸ ਨੇ ਐਨਐੱਚਕੇ ਨੂੰ ਕਿਹਾ, ”ਜਦੋਂ ਮੈਂ ਆਬੇ ਦੀ ਭਾਸ਼ਣ ਸੁਣ ਰਹੀ ਸੀ ਤਾਂ ਹੈਲਮਟ ਪਾਏ ਹੋਏ ਇਕ ਵਿਆਕਤੀ ਨੇ ਦੋ ਗੋਲੀਆਂ ਮਾਰੀਆਂ।”
“ਉਸ ਨੂੰ ਨਾਲ ਦੀ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤਰ੍ਹਾਂ ਜਲਦੀ ਹੀ ਐਂਬੂਲੈਂਸ ਸੱਦੀ ਗਈ ਅਤੇ ਆਬੇ ਨੂੰ ਹਸਪਤਾਲ ਭੇਜਿਆ ਗਿਆ। ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਹਮਲਾ ਕਰਨ ਵਾਲਾ ਮੇਰੇ ਸਾਹਮਣੇ ਖੜਾ ਸੀ।”
ਜਾਪਾਨ ਦੇ ਪੱਤਰਕਾਰ ਤੋਬਿਅਸ ਹੈਰਿਸ ਨੇ ਸ਼ਿੰਜ਼ੋ ਆਬੇ ‘ਤੇ ਹੋਏ ਇਸ ਹਮਲੇ ਨੂੰ ਲੈ ਕੇ ਕਈ ਟਵੀਟ ਕੀਤੇ ਹਨ।
ਆਪਣੇ ਟਵੀਟ ‘ਚ ਉਨ੍ਹਾਂ ਕਿਹਾ ਹੈ ਕਿ ਜੋ ਜਾਪਾਨ ਦੇ ਚੋਣਾਵੀਂ ਕੈਂਪੇਨ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕੈਂਪੇਨ ਦੇ ਦੌਰਾਨ ਨੇਤਾ ਅਤੇ ਮਤਦਾਤਾਵਾਂ ਵਿਚਕਾਰ ਦੂਰੀ ਬਹੁਤ ਘੱਟ ਹੁੰਦੀ ਹੈ।
ਹਾਲਾਂਕਿ ਆਬੇ ਨਾਲ ਸੁਰੱਖਿਆ ਕਰਮਚਾਰੀ ਵੀ ਹੋਣਗੇ ਪਰ ਪੂਰੇ ਕੈਂਪੇਨ ਵਿੱਚ ਸੁਰੱਖਿਆ ਨੂੰ ਲੈ ਕੇ ਕੋਈ ਸਖ਼ਤ ਪਹਿਰਾ ਨਹੀਂ ਹੁੰਦਾ।
ਦੱਸ ਦੇਈਏ ਕਿ ਸ਼ਿੰਜ਼ੋ ਆਬੇ ਐਤਵਾਰ ਨੂੰ ਸੰਸਦ ਦੇ ਉਪਰੀ ਹਾਊਸ ਲਈ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੇ ਸਨ।
ਸ਼ਿੰਜ਼ੋ ਆਬੇ ਬਾਰੇ ਕੁੱਝ ਖ਼ਾਸ ਗੱਲਾਂ
ਸ਼ਿੰਜ਼ੋ ਆਬੇ ਸਭ ਤੋਂ ਲੰਮੇ ਸਮੇਂ ਤੱਕ ਜਪਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੇ ਹਨ।
ਪਹਿਲੀ ਵਾਰ ਉਹ 2006 ‘ਚ ਪ੍ਰਧਾਨ ਮੰਤਰੀ ਬਣੇ ਸਨ ਪਰ ਇੱਕ ਸਾਲ ਬਾਅਦ ਹੀ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।
ਇਸ ਤੋਂ ਬਾਅਦ ਉਹ 2012 ਤੋਂ 2022 ਤੱਕ ਜਪਾਨ ਦੇ ਪ੍ਰਧਾਨ ਮੰਤਰੀ ਰਹੇ ਅਤੇ 2020 ਵਿੱਚ ਵੀ ਉਨ੍ਹਾਂ ਨੇ ਬਿਮਾਰੀ ਕਾਰਨ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਹਾਲਾਂਕਿ, ਅਸਤੀਫ਼ਾ ਦੇਣ ਤੋਂ ਬਾਅਦ ਵੀ ਉਹ ਲਿਬਰਲ ਡੈਮੋਕਰੈਟਿਕ ਪਾਰਟੀ ‘ਚ ਕਾਫ਼ੀ ਸਰਗਰਮ ਹਨ।
ਜਪਾਨ ‘ਚ ‘ਗਨ ਕਲਚਰ’
ਜਪਾਨ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੈ ਜਿੱਥੇ ਬੰਦੂਕ ਰੱਖਣ ਨੂੰ ਲੈ ਕੇ ਕਾਨੂੰਨ ਬਹੁਤ ਸਖ਼ਤ ਹਨ ਅਤੇ ਸਿਆਸੀ ਹਿੰਸਾ ਦੀਆਂ ਘਟਨਾਵਾਂ ਵਿਰਲੇ ਹੀ ਹੁੰਦੀਆਂ ਹਨ।
ਸਾਲ 2014 ਵਿੱਚ ਜਪਾਨ ਵਿੱਚ ਗੋਲ਼ੀ ਨਾਲ 6 ਮੌਤਾਂ ਹੋਈਆਂ ਸਨ ਜਦਕਿ ਅਮਰੀਕਾ ਵਿੱਚ ਅਜਿਹੀਆਂ ਮੌਤਾਂ ਦੀ ਗਿਣਤੀ 33,599 ਸੀ।