ਮਰਾਠੀ ਭਾਈਚਾਰੇ ਨਾਲ ਸਬੰਧਤ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਪਹਾੜੀ ਜਵਾਲੀ ਤਾਲੁਕਾ ਦੇ ਰਹਿਣ ਵਾਲੇ ਹਨ। ਉਨ੍ਹਾਂ ਠਾਣੇ ਵਿੱਚ ਰਹਿ ਕੇ 11ਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਫਿਰ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। 80 ਦੇ ਦਹਾਕੇ ਵਿੱਚ, ਏਕਨਾਥ ਸ਼ਿੰਦੇ ਸ਼ਿਵ ਸੈਨਾ ਵਿੱਚ ਸ਼ਾਮਲ ਹੋਏ ਅਤੇ ਇੱਕ ਸ਼ਿਵ ਸੈਨਿਕ ਦੇ ਰੂਪ ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। 1997 ਵਿੱਚ ਏਕਨਾਥ ਸ਼ਿੰਦੇ ਠਾਣੇ ਨਗਰ ਨਿਗਮ ਤੋਂ ਕੌਂਸਲਰ ਚੁਣੇ ਗਏ ਸਨ ਅਤੇ 2001 ਵਿੱਚ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ ਸਨ। ਅਤੇ ਦੂਜੀ ਵਾਰ ਕੌਂਸਲਰ ਚੁਣੇ ਜਾਣ ਤੋਂ ਬਾਅਦ ਸ਼ਿੰਦੇ ਨੇ ਵਿਧਾਇਕ ਦੀ ਚੋਣ ਲੜੀ ਅਤੇ ਜਿੱਤੇ। ਏਕਨਾਥ ਸ਼ਿੰਦੇ ਪਹਿਲੀ ਵਾਰ ਸਾਲ 2004 ਵਿੱਚ ਠਾਣੇ ਦੀ ਕੋਪੜੀ-ਪੰਚਪਖਾੜੀ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 2009, 2014 ਅਤੇ 2019 ਵਿੱਚ ਵੀ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਸ਼ਿਵ ਸੈਨਾ ਦੇ ਸੀਨੀਅਰ ਆਗੂ ਆਨੰਦ ਦਿਘੇ ਦਾ ਸਾਲ 2000 ਵਿੱਚ ਠਾਣੇ ਖੇਤਰ ਵਿੱਚ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਏਕਨਾਥ ਸ਼ਿੰਦੇ ਅੱਗੇ ਵਧੇ ਅਤੇ ਉਹਨਾਂ ਦੀ ਗਿਣਤੀ ਠਾਣੇ ਜ਼ਿਲ੍ਹੇ ਵਿੱਚ ਸ਼ਿਵ ਸੈਨਾ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿੱਚ ਹੋਣ ਲੱਗੀ।