ਹੁਸ਼ਿਆਰਪੁਰ, 28 ਜੂਨ (ਰਾਜਪੂਤ )
ਵਿਸ਼ੇਸ਼ ਰਿਪੋਰਟ
ਕਾਬੁਲ ਦੇ ਕਰਤਾ-ਏ-ਪਰਵਾਨ ਗੁਰਦੁਆਰਾ ਸਾਹਿਬ ਦੇ ਮਲਬੇ ਵਿੱਚੋਂ ਧੁਖਦੇ ਧੂੰਏ ਦੇ ਆਲੇ ਦੁਆਲੇ ਘੁੰਮਦੇ ਸਿੱਖਾਂ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਇਹ ਸ਼ਬਦ ਕਹੇ ਸਨ। ਉਨ੍ਹਾਂ ਨੇ ਕਿਹਾ, “ਅਸੀਂ ਭਾਰਤ ਸਰਕਾਰ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਾਂ ਕਿ ਉਹ ਸਾਨੂੰ ਵੀਜ਼ਾ ਦੇਣ। ਅਸੀਂ ਹੁਣ ਇੱਥੇ ਹੋਰ ਨਹੀਂ ਰਹਿਣਾ ਚਾਹੁੰਦੇ।” 18 ਜੂਨ 2022 ਨੂੰ ਕਾਬੁਲ ਦੇ ਕਰਤਾ-ਏ-ਪਰਵਾਨ ਗੁਰਦੁਆਰਾ ਸਾਹਿਬ ਉੱਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਇੱਕ ਸਿੱਖ ਸ਼ਰਧਾਲੂ ਤੇ ਇੱਕ ਤਾਲਿਬਾਨ ਦੇ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਸੀ ਜਦਕਿ 7 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਹਮਲਾਵਰ ਵਿਸਫੋਟਕਾਂ ਨਾਲ ਭਰੀ ਗੱਡੀ ਨੂੰ ਲੈ ਕੇ ਆਏ ਸੀ, ਜੋ ਗੁਰੁਦਆਰੇ ਦੇ ਗੇਟ ਤੋਂ ਥੋੜ੍ਹੀ ਦੂਰੀ ‘ਤੇ ਹੀ ਬਲਾਸਟ ਹੋ ਗਈ ਸੀ। ਗੁਰਦੁਆਰੇ ਵਿੱਚ ਵੀ ਅੱਤਵਾਦੀਆਂ ਵੱਲੋਂ ਧਮਾਕੇ ਤੇ ਫਾਇਰਿੰਗ ਕੀਤੀ ਗਈ ਸੀ। ਇਸ ਹਮਲੇ ਵਿੱਚ ਗੁਰਦੁਆਰੇ ਦੀ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਆਈਐੱਸ ਖੈਬਰ ਪਖਤੂਨਵਾ ਸੰਗਠਨ ਵੱਲੋਂ ਲਈ ਗਈ ਹੈ। ਹੁਣ ਹਮਲੇ ਮਗਰੋਂ ਭਾਰਤ ਸਰਕਾਰ ਵੱਲੋਂ ਉੱਥੇ ਬਚੇ ਹੋਏ ਸਿੱਖਾਂ ਲਈ ਵੀਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਅਫ਼ਗਾਨਿਸਤਾਨ ‘ਚ ਸਿੱਖਾਂ ‘ਤੇ ਕਈ ਵਾਰ ਹਮਲੇ ਹੋਏ
ਅਫ਼ਗਾਨਿਸਤਾਨ ਵਿੱਚ ਸਿੱਖਾਂ ਉੱਤੇ ਹਮਲਾ ਪਹਿਲੀ ਵਾਰ ਨਹੀਂ ਹੋਇਆ ਹੈ। ਮੁਲਕ ਵਿੱਚ ਇੱਕ ਘੱਟ ਗਿਣਤੀ ਕੌਮ ਵਜੋਂ ਰਹਿੰਦੇ ਸਿੱਖ ਕਈ ਵਾਰ ਹਮਲਿਆਂ ਦਾ ਸ਼ਿਕਾਰ ਬਣਦੇ ਰਹੇ ਹਨ। ਕਦੇ ਅਫ਼ਗਾਨਿਸਤਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਰਹਿੰਦਾ ਸਿੱਖ ਭਾਈਚਾਰਾ ਅੱਜ ਉਂਗਲਾਂ ਉੱਤੇ ਗਿਣਿਆ ਜਾ ਸਕਦਾ ਹੈ। ਹਾਲ ਦੇ ਸਾਲਾਂ ਵਿੱਚ ਅਫ਼ਗਾਨਿਸਤਾਨ ਵਿੱਚ ਆਈਐੱਸ ਦੇ ਸਥਾਨਕ ਗੁੱਟ ਵੱਲੋਂ ਵਾਰ-ਵਾਰ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਰਤਾ-ਏ-ਪਰਵਾਨ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੁਖਬੀਰ ਸਿੰਘ ਖ਼ਾਲਸਾ ਕਹਿੰਦੇ ਹਨ, “ਸਾਲ 2018 ਵਿੱਚ ਜਲਾਲਾਬਾਦ ਵਿੱਚ ਵੀ ਵੱਡਾ ਹਮਲਾ ਹੋਇਆ ਸੀ। ਉਸ ਵੇਲੇ 1500 ਸਿੱਖ ਰਹਿੰਦੇ ਸਨ। ਉਸ ਹਮਲੇ ਤੋਂ ਬਾਅਦ ਕਈਆਂ ਨੇ ਅਫ਼ਗਾਨਿਸਤਾਨ ਨੂੰ ਛੱਡ ਦਿੱਤਾ ਸੀ।” ਸੁਖਬੀਰ ਸਿੰਘ ਖਾਲਸਾ ਅਨੁਸਾਰ ਹੁਣ ਅਫ਼ਗਾਨਿਸਤਾਨ ਵਿੱਚ 150 ਤੋਂ ਘੱਟ ਸਿੱਖ ਰਹਿ ਗਏ ਹਨ। ਸਾਲ 2021 ਵਿੱਚ ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਉੱਤੇ ਮੁੜ ਕਬਜ਼ਾ ਕੀਤਾ ਤਾਂ ਸਿੱਖਾਂ ਦੇ ਕੁਝ ਜਥੇ ਭਾਰਤ ਪਹੁੰਚਣ ਵਿੱਚ ਕਾਮਯਾਬ ਹੋਏ ਸਨ। ਕਈ ਸਿੱਖਾਂ ਨੂੰ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਹਵਾਈ ਜਹਾਜ਼ਾਂ ਤੋਂ ਭਾਰਤ ਲਿਆਂਦਾ ਗਿਆ ਸੀ।
ਸਿੱਖ ਕੌਮ ਦੇ ਪਹਿਲੇ ਨਿਸ਼ਾਨ
ਅਫ਼ਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਮੌਜੂਦਗੀ ਸਦੀਆਂ ਪੁਰਾਣੀ ਹੈ। ਇੰਦਰਜੀਤ ਸਿੰਘ ਨੇ ‘ਅਫ਼ਗਾਨ ਸਿੱਖ ਐਂਡ ਹਿੰਦੂਜ਼ ਹਿਸਟਰੀ ਆਫ ਥਾਊਜ਼ੈਂਡ ਈਅਰਜ਼’ ਨਾਂ ਦੀ ਕਿਤਾਬ ਲਿਖੀ ਹੈ। ਇੰਦਰਜੀਤ ਸਿੰਘ ਕਹਿੰਦੇ ਹਨ, “ਬਾਬਰ ਤੋਂ ਨਾਦਰ ਸ਼ਾਹ ਦੇ ਭਾਰਤ ਆਉਣ ਤੱਕ ਕਾਬੁਲ, ਜਲਾਲਾਬਾਦ ਤੇ ਗਜ਼ਨੀ ਮੁਗਲ ਰਾਜ ਦਾ ਹੀ ਹਿੱਸਾ ਰਿਹਾ ਸੀ। ਇਹ ਸਮਾਂ ਕਰੀਬ 235 ਸਾਲ ਦਾ ਬਣਦਾ ਹੈ। ਤਾਂ ਇਸ ਵੇਲੇ ਸਿੱਖਾਂ ਤੇ ਹਿੰਦੂਆਂ ਦਾ ਅਫ਼ਗਾਨਿਸਤਾਨ ਵਿੱਚ ਰਹਿਣ ਜਾਂ ਵਿਚਰਨ ਵਿੱਚ ਕੋਈ ਮੁਸ਼ਕਿਲ ਨਹੀਂ ਸੀ।” “ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਹੋਂਦ 1519-21 ਵੇਲੇ ਦੀ ਹੈ, ਜਦੋਂ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਅਫ਼ਗਾਨਿਸਤਾਨ ਦੀ ਯਾਤਰਾ ਉੱਤੇ ਗਏ ਸਨ। ਉਸ ਵੇਲੇ ਉੱਥੇ ਰਹਿੰਦੇ ਕੁਝ ਹਿੰਦੂ ਉਨ੍ਹਾਂ ਦੇ ਪੈਰੋਕਾਰ ਬਣ ਗਏ ਸਨ।”ਸਿੱਖ ਇਤਿਹਾਸ ‘ਚ ਕਾਬੁਲ ਦੀ ਸੰਗਤ ਦੇ ਕਈ ਹਵਾਲੇ ਮਿਲਦੇ ਹਨ।