ਅਮਰੀਕਾ ਦੀ ਸੁਪਰੀਮ ਕੋਰਟ ਨੇ ਗਰਭਪਾਤ ਸਬੰਧੀ 50 ਸਾਲ ਪੁਰਾਣੇ ਫ਼ੈਸਲੇ ਨੂੰ ਉਲਟਾ ਦਿੱਤਾ ਹੈ। ਇਸ ਤੋਂ ਬਾਅਦ ਅਮਰੀਕਾ ਦੀਆਂ ਲੱਖਾਂ ਔਰਤਾਂ ਗਰਭਪਾਤ ਦੇ ਕਾਨੂੰਨੀ ਅਧਿਕਾਰ ਤੋਂ ਵਾਂਝੀਆਂ ਰਹਿ ਜਾਣਗੀਆਂ।
ਇੱਕ ਲੀਕ ਹੋਏ ਦਸਤਾਵੇਜ਼ ਦੇ ਸੁਝਾਅ ਦੇ ਕੁਝ ਹਫ਼ਤਿਆਂ ਬਾਅਦ ਹੀ ਅਦਾਲਤ ਨੇ ਇਤਿਹਾਸਕ ਰੋਅ ਬਨਾਅ ਵੇਡ ਫ਼ੈਸਲੇ ਨੂੰ ਰੱਦ ਕਰ ਦਿੱਤਾ। ਇਹ ਫ਼ੈਸਲਾ ਅਮਰੀਕਾ ਵਿੱਚ ਗਰਭਪਾਤ ਦੇ ਅਧਿਕਾਰਾਂ ਨੂੰ ਬਦਲ ਦੇਵੇਗਾ, ਹੁਣ ਸੂਬੇ ਇਸ ਪ੍ਰਕਿਰਿਆ ਉੱਤੇ ਪਾਬੰਦੀ ਲਗਾਉਣ ਦੇ ਯੋਗ ਹਨ। ਅਮਰੀਕਾ ਦੇ ਲਗਭਗ ਅੱਧੇ ਸੂਬਿਆਂ ਤੋਂ ਨਵੀਆਂ ਪਾਬੰਦੀਆਂ ਲਗਾਉਣ ਦੀ ਉਮੀਦ ਹੈ।
13 ਸੂਬਿਆਂ ਨੇ ਪਹਿਲਾਂ ਹੀ ਅਜਿਹੇ ਕਾਨੂੰਨ ਪਾਸ ਕੀਤੇ ਹਨ ਜੋ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਆਪਣੇ ਆਪ ਗਰਭਪਾਤ ਨੂੰ ਗੈਰ-ਕਾਨੂੰਨੀ ਬਣਾ ਦੇਣਗੇ। ਕਈ ਹੋਰ ਸੂਬਿਆਂ ਵੱਲੋਂ ਤੇਜ਼ੀ ਨਾਲ ਨਵੀਆਂ ਪਾਬੰਦੀਆਂ ਪਾਸ ਕਰਨ ਦੀ ਸੰਭਾਵਨਾ ਹੈ। ਗਰਭਪਾਤ ਪ੍ਰਦਾਨ ਕਰਨ ਵਾਲੀ ਹੈਲਥ ਕੇਅਰ ਸੰਸਥਾ ਪਲੈਨਡ ਪੇਰੰਟਹੁੱਡ ਦੀ ਰਿਸਰਚ ਮੁਤਾਬਕ ਪ੍ਰਜਨਨ ਉਮਰ ਦੀਆਂ ਲਗਭਗ ਤਿੰਨ ਕਰੋੜ 60 ਲੱਖ ਔਰਤਾਂ ਲਈ ਗਰਭਪਾਤ ਦੀ ਪਹੁੰਚ ਖਤਮ ਹੋ ਜਾਣ ਦੀ ਉਮੀਦ ਹੈ। ਸਾਲ 1973 ਵਿੱਚ ਅਮਰੀਕਾ ਵਿੱਚ ਗਰਭਪਾਤ ਨੂੰ ਕਾਨੂੰਨੀ ਬਣਾ ਦਿੱਤਾ ਗਿਆ, ਜਿਸ ਨੂੰ ਰੋਅ ਵਰਸਜ਼ ਵੇਡ (ਰੋਅ ਬਨਾਮ ਵੇਡ) ਕੇਸ ਵਜੋਂ ਯਾਦ ਕੀਤਾ ਜਾਂਦਾ ਹੈ।
ਹੁਣ ਗਰਭਪਾਤ ਕਰਵਾਉਣਾ ਕਿੰਨਾ ਔਖਾ ਹੋਵੇਗਾ?
ਸੁਪਰੀਮ ਕੋਰਟ ਦੇ ਫੈਸਲੇ ਦਾ ਮਤਲਬ ਹੈ ਕਿ ਹੁਣ ਗਰਭਪਾਤ ਦੇ ਅਧਿਕਾਰ ਦੀ ਦੇਸ਼ ਵਿਆਪੀ ਗਰੰਟੀ ਨਹੀਂ ਹੋਵੇਗੀ।ਬਹੁਤ ਸਾਰੇ ਸੂਬਿਆਂ ਵਿੱਚ ਗਰਭਪਾਤ ਦੇ ਅਧਿਕਾਰ ਨੂੰ ਪ੍ਰਾਪਤ ਕਰਨਾ ਪਹਿਲਾਂ ਹੀ ਬਹੁਤ ਮੁਸ਼ਕਲ ਹੈ, ਖਾਸ ਤੌਰ ‘ਤੇ ਦੱਖਣੀ ਅਮਰੀਕਾ ਦੱਖਣੀ ਅਤੇ ਮੱਧ-ਪੱਛਮੀ ਅਮਰੀਕਾ ਵਿੱਚ। ਪ੍ਰੋ-ਚੁਆਇਸ ਰਿਸਰਚ ਅਦਾਰੇ ਗੁਟਮੇਕਰ ਇੰਸਟੀਚਿਊਟ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਅਮਰੀਕਾ ਦੇ 50 ਵਿੱਚੋਂ 26 ਸੂਬੇ ਗਰਭਪਾਤ ਪ੍ਰਦਾਨ ਕਰਨ ਵਾਲੇ ਕਲੀਨਿਕਾਂ ‘ਤੇ ਕਾਰਵਾਈ ਕਰਨ ਲਈ ਤੁਰੰਤ ਅੱਗੇ ਵਧਣਗੇ। ਅਧਿਐਨਾਂ ਦਾ ਅਨੁਮਾਨ ਹੈ ਕਿ ਗਰਭਪਾਤ ਕਰਵਾਉਣ ਵਾਲਿਆਂ ਤੱਕ ਪਹੁੰਚ ਲਈ ਔਸਤ ਡਰਾਈਵਿੰਗ ਦੂਰੀ ਲਗਭਗ 1300 ਕਿਲੋਮੀਟਰ (791 ਮੀਲ) ਤੱਕ ਵਧੇਗੀ। ਇਸ ਲਈ ਭਾਵੇਂ ਬਹੁਤ ਸਾਰੇ ਸੂਬੇ ਅਜੇ ਵੀ ਗਰਭਪਾਤ ਪ੍ਰਦਾਨ ਕਰਨਗੇ, ਇੱਕ ਸੂਬੇ ਤੱਕ ਯਾਤਰਾ ਕਰਨ ਲਈ ਲੋੜੀਂਦੀ ਦੂਰੀ ਲੱਖਾਂ ਔਰਤਾਂ ਦੀ ਪਹੁੰਚ ਤੋਂ ਬਾਹਰ ਹੋ ਸਕਦੀ ਹੈ।
ਰੋਅ ਬਨਾਮ ਵੇਡ ਕੇਸ ਕੀ ਸੀ?
ਸਾਲ 1969 ਵਿੱਚ ਇੱਕ 25 ਸਾਲਾ ਮਹਿਲਾ ਨੋਰਮਾ ਮੈਕੋਰਵੀ ਨੇ ”ਜੇਨ ਰੋਅ” ਨਾਮ ਨਾਲ ਟੇਕਸਾਸ ਵਿੱਚ ਗਰਭਪਾਤ ਦੇ ਕਾਨੂੰਨਾਂ ਨੂੰ ਚੁਣੌਤੀ ਦਿੱਤੀ। ਹਾਲਾਂਕਿ, ਗਰਭਪਾਤ ਨੂੰ ਗੈਰ-ਸੰਵਿਧਾਨਕ ਮੰਨਿਆ ਜਾਂਦਾ ਸੀ ਅਤੇ ਅਜਿਹਾ ਕਰਨ ਦੀ ਮਨਾਹੀ ਸੀ ਅਤੇ ਸਿਰਫ਼ ਅਜਿਹੇ ਮਾਮਲਿਆਂ ‘ਚ ਛੋਟ ਦਿੱਤੀ ਗਈ ਸੀ ਜਿੱਥੇ ਮਾਂ ਦੀ ਜਾਨ ਨੂੰ ਖਤਰਾ ਹੋਵੇ। ਇਸ ਮਾਮਲੇ ਵਿੱਚ, ਡਿਸਟਰਿਕਟ ਅਟੌਰਨੀ ਹੇਨਰੀ ਵੇਡ ਗਰਭਪਾਤ ਦੇ ਵਿਰੁੱਧ ਕਾਨੂੰਨ ਦੇ ਪੱਖ ਵਿੱਚ ਲੜ ਰਹੇ ਸਨ। ਇਸ ਤਰ੍ਹਾਂ ਇਸ ਕੇਸ ਦਾ ਨਾਮ ‘ਰੋਅ ਵਰਸਜ਼ ਵੇਡ’ ਪੈ ਗਿਆ। ਜਿਸ ਵੇਲੇ ਨੋਰਮਾ ਮੈਕੋਰਵੀ ਨੇ ਇਹ ਮਾਮਲਾ ਦਰਜ ਕਰਵਾਇਆ, ਉਹ ਆਪਣੇ ਤੀਜੇ ਬੱਚੇ ਨਾਲ ਗਰਭਵਤੀ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ। ਪਰ ਇਹ ਕੇਸ ਰੱਦ ਹੋ ਗਿਆ ਅਤੇ ਉਨ੍ਹਾਂ ਨੂੰ ਮਜਬੂਰਨ ਉਸ ਬੱਚੇ ਨੂੰ ਜਨਮ ਦੇਣਾ ਪਿਆ। ਸਾਲ 1973 ਵਿੱਚ ਉਨ੍ਹਾਂ ਦਾ ਕੇਸ ਅਮਰੀਕੀ ਸੁਪਰੀਮ ਕੋਰਟ ਪਹੁੰਚਿਆ ਜਿੱਥੇ ਉਨ੍ਹਾਂ ਦੇ ਕੇਸ ਦੀ ਸੁਣਵਾਈ ਜੋਰਜੀਆ ਦੀ ਸਾਂਡਰਾ ਬੇਨਸਿੰਗ ਨਾਮ ਦੀ 20 ਸਾਲਾ ਮਹਿਲਾ ਦੇ ਕੇਸ ਨਾਲ ਹੋਈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਟੇਕਸਾਸ ਅਤੇ ਜੋਰਜੀਆ ਦੇ ਕਾਨੂੰਨ ਅਮਰੀਕਾ ਦੇ ਸੰਵਿਧਾਨ ਦੇ ਖਿਲਾਫ਼ ਸਨ ਕਿਉਂਕਿ ਉਹ ਔਰਤਾਂ ਦੇ ਨਿੱਜੀ ਖੇਤਰ ਦੀ ਉਲੰਘਣਾ ਸਨ। ਸੱਤ ਅਤੇ ਦੋ ਵੋਟਾਂ ਦੇ ਫਰਕ ਨਾਲ ਜੱਜਾਂ ਨੇ ਫੈਸਲਾ ਸੁਣਾਇਆ ਕਿ ਸਰਕਾਰਾਂ ਕੋਲ ਗਰਭਪਾਤ ‘ਤੇ ਪਾਬੰਦੀ ਲਗਾਉਣ ਦੀਆਂ ਸ਼ਕਤੀਆਂ ਨਹੀਂ ਹਨ। ਉਨ੍ਹਾਂ ਫੈਸਲਾ ਸੁਣਾਇਆ ਕਿ ਗਰਭਪਾਤ ਕਰਾਉਣ ਦਾ ਕਿਸੇ ਮਹਿਲਾ ਦਾ ਅਧਿਕਾਰ ਅਮਰੀਕੀ ਸੰਵਿਧਾਨ ਦੇ ਅਨੁਸਾਰ ਸੀ।
ਇਸ ਕੇਸ ਨੇ ਔਰਤਾਂ ਦੇ ਅਧਿਕਾਰ ‘ਚ ਕੀ ਬਦਲਾਅ ਕੀਤਾ
ਇਸ ਕੇਸ ਦੇ ਨਾਲ ਟ੍ਰਾਇਮੇਸਟਰ ਸਿਸਟਮ ਦੀ ਸ਼ੁਰੂਆਤ ਹੋਈ, ਜਿਸ ਵਿੱਚ:
- ਅਮਰੀਕੀ ਔਰਤਾਂ ਨੂੰ ਅਧਿਕਾਰ ਮਿਲਿਆ ਕਿ ਉਹ ਪਹਿਲੇ 3 ਮਹੀਨਿਆਂ (ਟ੍ਰਾਇਮੇਸਟਰ) ਵਿੱਚ ਗਰਭਪਾਤ ਕਰਵਾ ਸਕਦੀਆਂ ਹਨ।
- ਗਰਭ ਅਵਸਥਾ ਦੇ ਦੂਜੇ ਟ੍ਰਾਇਮੇਸਟਰ ਜਾਂ ਚਰਣ ਵਿੱਚ ਕੁਝ ਸਰਕਾਰੀ ਨਿਯਮਾਂ ਦੇ ਤਹਿਤ ਅਜਿਹਾ ਕੀਤਾ ਜਾ ਸਕਦਾ ਹੈ।
- ਗਰਭ ਅਵਸਥਾ ਦੇ ਆਖਰੀ ਟ੍ਰਾਇਮੇਸਟਰ ਜਾਂ ਚਰਣ ਵਿੱਚ ਗਰਭਪਾਤ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਾਂ ਇਸ ਨੂੰ ਬੈਨ ਕਰ ਸਕਦੀ ਹੈ ਕਿਉਂਕਿ ਇਸ ਸਥਿਤੀ ਵਿੱਚ ਭਰੂਣ ਉਸ ਅਵਸਥਾ ‘ਚ ਹੁੰਦਾ ਹੈ ਜਿੱਥੇ ਉਹ ਬਾਹਰਲੀ ਦੁਨੀਆ ਵਿੱਚ ਵੀ ਜਿਉਂਦਾ ਰਹਿ ਸਕਦਾ ਹੈ।