ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਦੀ ਨਵੀਂ ਸਕੀਮ ‘ਅਗਨੀਪਥ’ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਸਣੇ ਕਈ ਸਾਬਕਾ ਫੌਜੀ ਅਫ਼ਸਰਾਂ ਤੇ ਰੱਖਿਆਂ ਮਾਹਰਾਂ ਨੇ ਇਸ ਸਕੀਮ ਦਾ ਵਿਰੋਧ ਕੀਤਾ ਹੈ।
ਇਸ ਮਾਮਲੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਉਨ੍ਹਾਂ ਦੇ ਹਮਰੁਤਬਾ ਭੁਪੇਸ਼ ਬਘੇਲ ਸਮੇਤ ਰਾਹੁਲ ਗਾਂਧੀ ਨੇ ਵੀ ਭਾਰਤ ਸਰਕਾਰ ਦੇ ਇਸ ਕਦਮ ‘ਤੇ ਸਵਾਲ ਚੁੱਕੇ ਹਨ।
ਦਿ ਇੰਡੀਅਨ ਐਕਸਪ੍ਰੈਸ ਮੁਤਾਬਕ, ਭਾਰਤੀ ਫੌਜ ਦਾ ਹਿੱਸਾ ਰਹੇ ਕੈਪਟਨ ਅਮਰਿੰਦਰ ਸਿੰਘ ਨੇ ‘ਆਲ ਇੰਡੀਆ ਆਲ ਕਲਾਸ’ ਦੇ ਤਹਿਤ ਫੌਜ ਵਿੱਚ ਹੋਣ ਵਾਲੀ ਇਸ ਭਰਤੀ ਦਾ ਵਿਰੋਧ ਕੀਤਾ ਹੈ।
ਉਨ੍ਹਾਂ ਮੁਤਾਬਕ, 80ਵੇਂ ਦੇ ਦਹਾਕੇ ਵਿੱਚ ਵੀ ਅਜਿਹੀ ਕੋਸ਼ਿਸ਼ ਕੀਤੀ ਗਈ ਸੀ, ਜੋ ਕਿ ਕਾਮਯਾਬ ਨਹੀਂ ਹੋ ਸਕੀ ਸੀ।
ਉਨ੍ਹਾਂ ਨੇ ਸਵਾਲ ਕੀਤਾ, ”ਇਹ ਰੈਜੀਮੈਂਟਾਂ ਆਪਣੇ ਮੌਜੂਦਾ ਰੂਪ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ ਤਾਂ ਇਸ ਨੂੰ ਕਿਉਂ ਬਦਲਿਆ ਜਾਵੇ? ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ।”
”ਇਨ੍ਹਾਂ ਰੈਜੀਮੈਂਟਾਂ ਦੀਆਂ ਆਪਣੀਆਂ ਰਵਾਇਤਾਂ ਅਤੇ ਰਹਿਣ-ਸਹਿਣ ਦਾ ਤਰੀਕਾ ਹੈ ਅਤੇ ਜੋ ਵਿਅਕਤੀ ਉਸ ਪਿਛੋਕੜ ਤੋਂ ਹੀ ਨਹੀਂ ਹੈ, ਤੁਸੀਂ ਉਸ ਤੋਂ ਇਹ ਉਮੀਦ ਕਿਵੇਂ ਕਰ ਕਰਦੇ ਹੋ ਕਿ ਉਹ ਇਸ ਨੂੰ ਸਮਝੇਗਾ।”
ਦਰਅਸਲ, ਭਾਰਤ ਸਰਕਾਰ ਦੀ ਇਸ ਸਕੀਮ ਦੇ ਤਹਿਤ ਚਾਰ ਸਾਲ ਦੇ ਲਈ ਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ ਅਤੇ ਫਿਰ ਰਿਟਾਇਰ ਕਰ ਦਿੱਤਾ ਜਾਵੇਗਾ।
ਇਸ ਤਰ੍ਹਾਂ ਨਾਲ ਉਹ ਫੌਜ ਵਿੱਚ ਕੇਵਲ ਚਾਰ ਸਾਲ ਹੀ ਸੇਵਾ ਦੇ ਸਕਣਗੇ ਅਤੇ ਉਨ੍ਹਾਂ ਨੂੰ ‘ਅਗਨੀਵੀਰ’ ਆਖਿਆ ਜਾਵੇਗਾ।
ਇਨ੍ਹਾਂ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਚਾਰ ਸਾਲ ਬਾਅਦ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਡਿਪਲੋਮਾ ਵੀ ਦਿੱਤਾ ਜਾਵੇਗਾ।
ਇਨ੍ਹਾਂ ਚੁਣੇ ਹੋਏ ਨੌਜਵਾਨਾਂ ਵਿੱਚੋਂ 25 ਫ਼ੀਸਦੀ ਤੱਕ ਦੀ ਅੱਗੇ ਫੌਜਾਂ ਵਿੱਚ ਭਰਤੀ ਹੋ ਸਕਣਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ‘ਅਗਨੀਪੱਥ’ ਸਕੀਮ ਤੋਂ ਪਰਦਾ ਚੁੱਕਿਆ। ਉਨ੍ਹਾਂ ਨੇ ਕਿਹਾ ਹੈ ਕਿ ਰੱਖਿਆ ‘ਤੇ ਕੈਬਨਿਟ ਕਮੇਟੀ ਨੇ ਇਤਿਹਾਸਕ ਫ਼ੈਸਲਾ ਲਿਆ ਹੈ।