ਗੜ੍ਹਸ਼ੰਕਰ, 15 ਜੂਨ
ਪੰਜਾਬ ਵਿੱਚ ਪਿਛਲੇ ਕਰੀਬ ਡੇਢ ਮਹੀਨੇ ਤੋਂ ਪੈ ਰਹੀ ਅਤਿ ਦੀ ਗਰਮੀ ਕਾਰਨ ਜਿੱਥੇ ਲੋਕਾਂ ਦਾ ਰਹਿਣਾ ਸਹਿਣਾ ਮੁਸ਼ਕਿਲ ਹੋ ਗਿਆ ਹੈ ਉੱਥੇ ਹੀ ਇਹ ਗਰਮੀ ਦਾ ਕਹਿਰ ਕੰਢੀ ਇਲਾਕੇ ਵਿੱਚ ਪੈਂਦੇ ਜੰਗਲੀ ਜਾਨਵਰਾਂ ਦੀ ਜਾਨ ਦਾ ਖੌਅ ਬਣ ਗਿਆ ਹੈ। ਕਈ ਮਹੀਨਿਆਂ ਤੋਂ ਮੀਂਂਹ ਨਾ ਪੈਣ ਕਾਰਨ ਇਹ ਜੰਗਲੀ ਜਾਨਵਰ ਜਿੱਥੇ ਮੌਤ ਦੇ ਮੂੰਹ ਜਾ ਰਹੇ ਹਨ ਉੱਥੇ ਹੀ ਕੰਢੀ ਇਲਾਕੇ ਦੇ ਨੀਮ ਪਹਾੜੀ ਪਿੰਡਾਂ ਵੱਲ ਇਨ੍ਹਾਂ ਜਾਨਵਰਾਂ ਦੇ ਨਿਕਲਣ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਗੜ੍ਹਸ਼ੰਕਰ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੰਗਲੀ ਇਲਾਕੇ ਵਿੱਚ ਅਨੇਕਾਂ ਪ੍ਰਜਾਤੀਆਂ ਦੇ ਜਾਨਵਰ ਰਹਿੰਦੇ ਹਨ ਪਰ ਜੰਗਲਾਤ ਮਹਿਕਮੇ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਇਨ੍ਹਾਂ ਜਾਨਵਰਾਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਉਠਾਏ ਜਾਂਦੇ ਜਿਸ ਕਾਰਨ ਇਸ ਇਲਾਕੇ ਵਿੱਚ ਜਿੱਥੇ ਇਨ੍ਹਾਂ ਜਾਨਵਰਾਂ ਦਾ ਵੱਡੀ ਪੱਧਰ ’ਤੇ ਸ਼ਿਕਾਰ ਹੋ ਰਿਹਾ ਹੈ ਉੱਥੇ ਹੀ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਕਾਰਨ ਇਹ ਜਾਨਵਰ ਜੰਗਲਾਂ ਵਿੱਚ ਦਮ ਤੋੜ ਰਹੇ ਹਨ। ਪਾਣੀ ਦੀ ਤਲਾਸ਼ ਵਿੱਚ ਇਨ੍ਹਾਂ ਜਾਨਵਰਾਂ ਵਿੱਚੋਂ ਜੰਗਲੀ ਗੋਨਾਂ, ਹਿਰਨ, ਸਾਂਭਰ ਆਦਿ ਨੇੜੇ ਦੇ ਪਿੰਡਾਂ ਵੱਲ ਆ ਜਾਂਦੇ ਹਨ ਅਤੇ ਸ਼ਿਕਾਰੀਆਂ ਵੱਲੋਂ ਮਾਰ ਮੁਕਾ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਬੀਤ ਇਲਾਕੇ ਦੇ ਕਈ ਪਿੰਡਾਂ ਸਮੇਤ ਗੱਜਰ, ਰਾਮਪੁਰ ਬਿਲੜੋਂ ਆਦਿ ਵਿੱਚ ਬਾਘ ਦੀ ਦਹਿਸ਼ਤ ਕਾਰਨ ਲੋਕਾਂ ਦਾ ਆਪਣੇ ਖੇਤਾਂ ਵਿੱਚ ਜਾਣਾ ਵੀ ਮੁਸ਼ਕਿਲ ਬਣਿਆ ਹੋਇਆ ਹੈ। ਗਾਵਾਂ ਦੇ ਝੁੰਡ ਖੇਤਾਂ ਵਿੱਚ ਆ ਕੇ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਰਹੇ ਹਨ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਖਣਨ ਸਮੱਗਰੀ ਨਾਲ ਭਰੇ ਵਾਹਨਾਂ ਦੇ ਜੰਗਲ ਵਿੱਚੋਂ ਗੁਜ਼ਰਨ ਨਾਲ ਵੀ ਜੰਗਲੀ ਜਾਨਵਰ ਇਸ ਇਲਾਕੇ ਨੂੰ ਛੱਡੇ ਕੇ ਆਲੇ ਦੁਆਲੇ ਭਟਕਦੇ ਹਨ ਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਬਾਰੇ ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਪੰਜਾਬ ਦੇ ਜੰਗਲਾਂ ਤੇ ਸ਼ਿਵਾਲਕ ਪਹਾੜੀਆਂ ਵਾਲੇ ਇਸ ਇਲਾਕੇ ਵਿੱਚ ਕੁਦਰਤੀ ਸੰਪਤੀ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਨਵਰਾਂ ਲਈ ਕੁਦਰਤੀ ਰੱਖਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਜੰਗਲ ਵਿੱਚ ਪਾਣੀ ਲਈ ਪੱਕੇ ਚੁਬੱਚੇ ਤੇ ਹੋਦਾਂ ਬਣਨੀਆਂ ਚਾਹੀਦਆਂ ਹਨ। ਉਨ੍ਹਾਂ ਕਿਹਾ ਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਅਣਗਹਿਲੀ ਕਾਰਨ ਇਸ ਇਲਾਕੇ ਵਿੱਚੋਂ ਜੰਗਲੀ ਜਾਨਵਰਾਂ ਦੀਆਂ ਪ੍ਰਜਾਤੀਆਂ ਨਸ਼ਟ ਹੋ ਰਹੀਆਂ ਹਨ। ਵਾਤਾਵਰਣ ਚਿੰਤਕ ਵਿਜੇ ਬੰਬੇਲੀ ਨੇ ਕਿਹਾ ਕਿ ਜੰਗਲੀ ਜੀਵਾਂ ਦੀ ਹੋਂਦ ਦਾ ਖਤਮ ਹੋਣਾ ਵਾਤਾਵਰਣ ਲਈ ਖਤਰੇ ਦੀ ਘੰਟੀ ਹੈ ਤੇ ਸ਼ਿਵਾਲਕ ਜੰਗਲਾਂ ਦੇ ਜੀਵ ਜੰਤੂਆਂ ਤੇ ਪਸ਼ੂਆਂ ਦੀ ਸਲਾਮਤੀ ਲਈ ਵਿਸ਼ੇਸ਼ ਪ੍ਰਬੰਧ ਹੋਣੇ ਚਾਹੀਦੇ ਹਨ। ਇਸ ਬਾਰੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਵਣ ਰੇਂਜ ਅਫਸਰ ਭੁਪਿੰਦਰ ਸਿੰਘ ਨੇ ਕਿਹਾ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਵਿਭਾਗ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ਼ਿਕਾਰੀਆਂ ਤੋਂ ਜੰਗਲੀ ਜਾਨਵਰਾਂ ਨੂੰ ਬਚਾਉਣ ਲਈ ਕਰਮਚਾਰੀਆਂ ਵੱਲੋਂ ਵਿਸ਼ੇਸ਼ ਗਸ਼ਤ ਕੀਤੀ ਜਾਂਦੀ ਹੈ।