ਹਰਿਆਣਾ/ਹੁਸ਼ਿਆਰਪੁਰ, 26 ਜੂਨ (ਜਨ ਸੰਦੇਸ਼ ਨਿਊਜ਼)-ਨਗਰ ਕੌਂਸਲ ਦੇ ਵੱਖ-ਵੱਖ ਵਾਰਡਾਂ ‘ਚ ਗੰਦੇ ਪਾਣੀ ਤੇ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਪਾਈ ਗਈ ਸੀਵਰੇਜ ਦੇ ਖੁੱਲ੍ਹੇ ਪਏ ਮੈਨਹੋਲ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਜਿਸ ਨੂੰ ਲੈ ਕੇ ਰਾਹਗੀਰ ਤੇ ਦੁਕਾਨਦਾਰ ਬਹੁਤ ਪਰੇਸ਼ਾਨ ਹਨ।
ਕਸਬਾ ਹਰਿਆਣਾ ਬਰੂਨ ਦੀ ਲਿੰਕ ਸੜਕ, ਜੋ ਕਿ ਜਨੌੜੀ ਰੋਡ ਤੋਂ ਪੈਟਰੋਲ ਪੰਪ ਨੂੰ ਜਾਂਦੀ ਹੈ ‘ਚ ਪਾਈ ਗਈ ਸੀਵਰੇਜ ਦੇ ਖੁੱਲ੍ਹੇ ਪਏ ਮੈਨਹੋਲਾਂ ਸਬੰਧੀ ਸਥਾਨਕ ਦੁਕਾਨਦਾਰਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੱਕ ਕਈ ਵਾਰ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀ ਹੋਈ।
ਦੁਕਾਨਦਾਰ ਜੋਤੀ ਚਾਵਲਾ, ਇਸਲਾਮ ਮੁਹੰਮਦ, ਅਰਸ਼ਈਲ ਮੁਹੰਮਦ, ਪ੍ਰਦੀਪ ਕੁਮਾਰ ਪਵਨ, ਹੰਸ ਰਾਜ, ਰਜੇਸ਼ ਕੁਮਾਰ, ਸੁਨੀਲ ਕੁਮਾਰ, ਹਰਮੇਸ਼ ਕੁਮਾਰ ਸਮੇਤ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ‘ਚ ਮੈਨਹੋਲਾਂ ਦੇ ਢੱਕਣ ਟੁੱਟੇ ਪਏ ਹਨ, ਜਿਨ੍ਹਾਂ ‘ਚ ਕਈ ਵਾਹਨ ਵੀ ਡਿੱਗ ਚੁੱਕੇ ਹਨ ਅਤੇ ਰਾਹਗੀਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕਈਂ ਮਹੀਨਿਆਂ ਤੋਂ ਸੀਵਰੇਜ ਦੇ ਮੈਨਹੋਲਾਂ ਦੇ ਢੱਕਣ ਟੁੱਟ ਚੁੱਕੇ ਹਨ ਤੇ ਖੁੱਲ੍ਹੇ ਮੇਨਹੋਲਾਂ ਵਿਚ ਮੱਛਰ ਤੇ ਮੱਖੀ ਦੀ ਪੈਦਾਵਾਰ ਵਧ ਰਹੀ ਹੈ, ਜਿਸ ਨਾਲ ਬਿਮਾਰੀਆਂ ਵਧਣ ਦਾ ਖਦਸ਼ਾ ਵਧਿਆ ਹੋਇਆ ਹੈ। ਉਨ੍ਹਾਂ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੀਵਰੇਜ ਦੇ ਬਣਾਏ ਗਏ ਮੈਨਹੋਲਾਂ ਦੇ ਟੁੱਟੇ ਹੋਏ ਢੱਕਣ ਜਲਦ ਲਗਾਏ ਜਾਣ, ਤਾਂ ਜੋ ਰਾਹਗੀਰਾਂ ਸਮੇਤ ਵਾਰਡ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।