ਹੁਸ਼ਿਆਰਪੁਰ,1 ਜੂਨ (ਇੰਦਰਜੀਤ ਸਿੰਘ ਹੀਰਾ)- ਪੁਲਿਸ ਵਿਭਾਗ ਵਿੱਚ ਕਮਾਂਡੈਂਟ ਹਰਪ੍ਰੀਤ ਸਿੰਘ ਮੰਡੇਰ ਪੀ.ਪੀ.ਐਸ. ਦੀ ਰਹਿਨੁਮਾਈ ਅਧੀਨ ਪੁਲਿਸ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ ‘ਚ ਨਵੇਂ ਭਰਤੀ ਹੋਏ ਪੁਲਿਸ ਜਵਾਨਾਂ ਨੂੰ ਵੱਖ ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ । ਇਸੇ ਲੜੀ ਤਹਿਤ ਅੱਜ ਪੰਜਾਬ ਦੇ ਵਿਰਸੇ ਤੇ ਇਤਿਹਾਸ ਬਾਰੇ ਲੈਕਚਰਾਰ ਗੁਰਿੰਦਰ ਸਿੰਘ ਵਲੋਂ ਖੋਜ ਭਰਪੂਰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਪੰਜਾਬ ਦਾ ਵਿਰਸਾ ਸ਼ਹਾਦਤ, ਸੇਵਾ, ਸਹਿਯੋਗ ਤੇ ਨਿਮਰਤਾ ਦਾ ਪ੍ਰਤੀਕ ਹੈ ।
ਓਹਨਾਂ ਦਸਿਆ ਕਿ ਪੰਜਾਬ ਦੀ ਅਸਲ ਖੁਰਾਕ ਮੋਟਾ ਅਨਾਜ ਜਿਵੇਂ ਕੀ ਮੱਕੀ, ਬਾਜਰਾ, ਕੋਧਰਾ, ਕੰਗਣੀ, ਛੋਲੇ ਆਦਿ ਦੀ ਰੋਟੀ ਹੈ । ਪੰਜਾਬ ਦੀ ਖੁਰਾਕ ਵਿਚ ਦੁੱਧ, ਦਹੀਂ, ਮੱਖਣ, ਘਿਉ, ਦਾਲਾਂ, ਸਬਜੀਆਂ, ਚੂਰੀ, ਸੇਵੀਆਂ, ਦਲੀਆ, ਖਿਚੜੀ, ਸੱਤੂ, ਲੱਸੀ, ਆਦਿ ਸ਼ਾਮਿਲ ਹਨ।
ਪਰ ਅਜੋਕੀ ਜਵਾਨੀ ਪੀਜੇ, ਬਰਗਰ, ਨੂਡਲਜ਼, ਮੋਮੋਜ ਆਦਿ ਦੇ ਚੱਕਰ ਵਿਚ ਫਸ ਕੇ ਪੰਜਾਬ ਦੀ ਦੇਸੀ ਤਾਕਤਵਾਰ ਖੁਰਾਕ ਤੋ ਦੂਰ ਹੋਈ ਹੈ । ਮਿੱਟੀ , ਲੋਹੇ, ਕੈਹੇਂ ਤੇ ਤਾਂਬੇ ਦੇ ਭਾਂਡੇ ਵਰਤਣ ਵਾਲੀ ਕੌਮ ਐਲਮੀਨੀਅਮ ਤੇ ਪਲਾਸਟਿਕ ਦੇ ਭਾਂਡਿਆਂ ਵਿਚ ਫਸ ਗਈ ਹੈ । ਕੈਮੀਕਲ ਤੇ ਖਾਦਾਂ ਦੀ ਵਰਤੋਂ ਨੇ ਕੈਂਸਰ ਵਰਗੇ ਰੋਗ ਪੰਜਾਬ ਵਿੱਚ ਵਾੜ ਦਿੱਤੇ ।
ਇਸ ਮੌਕੇ ਟ੍ਰੇਨਿੰਗ ਸੈਂਟਰ ਦੇ ਅਧਿਕਾਰੀ ਡੀ.ਐਸ.ਪੀ. ਮਲਕੀਤ ਸਿੰਘ, ਇੰਸਪੈਕਟਰ ਕਮਲਜੀਤ ਰਾਏ, ਕਾਨੂੰਨ ਸਿੱਖਿਅਕ ਮਨਿੰਦਰ ਸਿੰਘ ਭੱਟੀ ਤੇ ਸੈਂਟਰ ਦੇ ਪ੍ਰਬੰਧਕੀ ਅਧਿਕਾਰੀ ਹਾਜ਼ਰ ਸਨ ।