ਹੁਸ਼ਿਆਰਪੁਰ, 17 ਮਈ (ਜਨ ਸੰਦੇਸ਼ ਨਿਊਜ਼)- ਐਸ. ਐਸ. ਪੀ ਸਰਤਾਜ ਸਿੰਘ ਚਾਹਲ ਨੇ ਅੱਜ ਉਨ੍ਹਾਂ ਬਹਾਦਰ ਬੱਚੀਆਂ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਬੀਤੇ ਦਿਨੀਂ ਹਥਿਆਰ ਦਿਖਾ ਕੇ ਪੈਸੇ ਲੁੱਟ ਕੇ ਭੱਜ ਰਹੇ ਲੁਟੇਰਿਆਂ ਦਾ ਬੜੀ ਦਲੇਰੀ ਨਾਲ ਮੁਕਾਬਲਾ ਕਰਦਿਆਂ ਉਨ੍ਹਾਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕੀਤਾ ਸੀ। ਹੁਸ਼ਿਆਰਪੁਰ ਦੇ ਮੁਹੱਲਾ ਤੁਲਸੀ ਨਗਰ ਦੇ ਰਹਿਣ ਵਾਲੇ ਜਗਦੀਸ਼ ਸਿੰਘ ਦੀਆਂ ਬੇਟੀਆਂ ਅਮੀਸ਼ਾ ਅਤੇ ਸਿਮਰਨ ਦਾ ਆਪਣੇ ਦਫ਼ਤਰ ਵਿਖੇ ਪ੍ਰਸੰਸਾ ਪੱਤਰਾਂ ਨਾਲ ਸਨਮਾਨ ਕਰਦਿਆਂ ਐਸ. ਐਸ. ਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਸਾਨੂੰ ਆਪਣੀਆਂ ਇਨ੍ਹਾਂ ਬਹਾਦਰ ਧੀਆਂ ’ਤੇ ਮਾਣ ਹੈ। ਉਨ੍ਹਾਂ ਦੱਸਿਆ ਦਿੱਲੀ ਤੋਂ ਆਈ ਆਪਣੀ ਮਾਸੀ ਦੀ ਲੜਕੀ ਈਸ਼ਾ ਨਾਲ ਬੀਤੀ 22 ਅਪ੍ਰੈਲ ਨੂੰ ਹੁਸ਼ਿਆਰਪੁਰ ਦੇ ਸੈਸ਼ਨ ਚੌਕ-ਰੇਲਵੇ ਰੋਡ ਸਥਿਤ ਏ. ਟੀ. ਐਮ ਤੋਂ ਪੈਸੇ ਕਢਵਾਉਣ ਆਈਆਂ ਇਨ੍ਹਾਂ ਬੱਚੀਆਂ ਨੂੰ ਦੋ ਲੁਟੇਰਿਆਂ ਨੇ ਹਥਿਆਰ ਦਿਖਾ ਕੇ ਇਨ੍ਹਾਂ ਕੋਲੋਂ 7500 ਰੁਪਏ ਲੁੱਟ ਲਏ ਸਨ, ਪਰੰਤੂ ਇਨ੍ਹਾਂ ਲੜਕੀਆਂ ਨੇ ਬੜੀ ਹਿੰਮਤ ਤੇ ਦਲੇਰੀ ਨਾਲ ਉਨ੍ਹਾਂ ਨੂੰ ਘੇਰ ਕੇ ਫੜ ਲਿਆ ਅਤੇ ਲੋਕਾਂ ਦੀ ਮਦਦ ਨਾਲ 7500 ਰੁਪਏ ਹਾਸਲ ਕਰ ਲਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਅਜਿਹੀਆਂ ਹਿੰਮਤੀ ਧੀਆਂ ਨੂੰ ਸਲਾਮ ਕਰਦੀ ਹੈ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਲਈ ਹਮੇਸ਼ਾ ਵਚਨਬੱਧ ਹੈ।