ਹੁਸ਼ਿਆਰਪੁਰ, 7 ਫਰਵਰੀ (ਜਨ ਸੰਦੇਸ਼ ਨਿਊਜ਼)- ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਹਰਿਆਣਾ ਰੋਡ, ਹੁਸ਼ਿਆਰਪੁਰ ਦੇ ਸ਼ਿਵਪੁਰੀ ਸ਼ਮਸ਼ਾਨਘਾਟ ਨੂੰ ਹੋਰ ਬਿਹਤਰ ਬਣਾਉਣ ਲਈ ਵੱਡੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾਣਗੇ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਸ਼ਮਸ਼ਾਨਘਾਟ ਵਿਖੇ ਸਵਰਗੀ ਲਾਲਾ ਗੁੱਜਰ ਮੱਲ ਦੀ ਪ੍ਰਤਿਮਾ ਦਾ ਲੋਕ ਅਰਪਣ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਸੋਨਾਲੀਕਾ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ, ਐਡਵੋਕੇਟ ਮਨਿੰਦਰ ਸਿੰਘ, ਸ਼ਮਸ਼ਾਨਘਾਟ ਕਮੇਟੀ ਦੇ ਅਹੁਦੇਦਾਰ ਅਤੇ ਹੋਰ ਸ਼ਖਸੀਅਤਾਂ ਉਨ੍ਹਾਂ ਦੇ ਨਾਲ ਸਨ।
ਸਵਰਗੀ ਲਾਲਾ ਗੁੱਜਰ ਮੱਲ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਬਹੁਤ ਵੱਡੀ ਸੀ ਅਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇਥੇ ਉਨ੍ਹਾਂ ਦਾ ਪਰਿਵਾਰ ਵੀ ਅੱਜ ਸਾਡੇ ਵਿਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਸ਼ਮਸ਼ਾਨਘਾਟ ਦੀ ਬਿਹਤਰੀ ਲਈ ਅੰਮ੍ਰਿਤ ਸਾਗਰ ਮਿੱਤਲ, ਐਡਵੋਕੇਟ ਮਨਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਥੇ ਸਨਾਤਨ ਪਦਤੀ ਤਹਿਤ ਬਣਾਏ ਗਏ ਵੱਖ-ਵੱਖ ਸਥਾਨ ਬੇਹੱਦ ਵਿਲੱਖਣ ਹਨ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਦੀ ਬਿਹਤਰੀ ਲਈ ਪ੍ਰਸ਼ਾਸਨਿਕ ਤੌਰ ’ਤੇ ਕਿਸੇ ਵੀ ਮਦਦ ਲਈ ਉਹ ਹਮੇਸ਼ਾ ਤਿਆਰ ਹਨ।