ਤਲਵਾੜਾ, 14 ਅਕਤੂਬਰ (ਬਲਦੇਵ ਰਾਜ ਟੋਹਲੂ)- ਇੱਕ ਮੌਕਾ ਦੇਣ ਵਾਲੀ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕ ਦੁਖੀ ਹਨ। ਪੰਜਾਬ ਦੀ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਉਪਰੰਤ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਤਾਂ ਕੀ ਕਰਨੇ ਸਗੋਂ ਪਹਿਲਾਂ ਤੋਂ ਦਿੱਤੀਆਂ ਹੋਈਆਂ ਸਹੂਲਤਾਂ ਵੀ ਖੋਹ ਲਈਆਂ ਹਨ। ਪੰਜਾਬ ਵਿੱਚ ਆਏ ਦਿਨ ਲੁੱਟਾਂ-ਖੋਹਾਂ ਗੋਲੀਆਂ ਆਮ ਗੱਲ ਹੋ ਗਈ ਹੈ। ਗੈਂਗਸਟਰ ਆਏ ਦਿਨ ਕਿਸੇ ਨਾ ਕਿਸੇ ਦੀ ਗੋਲੀ ਮਾਰ ਕੇ ਹੱਤਿਆ ਕਰ ਰਹੇ ਹਨ, ਜਿਸ ਕਾਰਨ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਪ੍ਰਸਿੱਧ ਤੇ ਉਘੇ ਸਮਾਜ ਸੇਵੀ ਸ੍ਰੀ ਸੁਸ਼ੀਲ ਕੁਮਾਰ ਸ਼ਰਮਾ ਪਿੰਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਚੋਣਾਂ ਦੌਰਾਨ ਪੰਜਾਬ ਦੀ ਭੋਲੀ-ਭਾਲੀ ਜਨਤਾ ਨਾਲ ਵੱਡੇ-ਵੱਡੇ ਕਈ ਵਾਅਦੇ ਕੀਤੇ ਸੀ, ਤੇ ਕਿਹਾ ਸੀ ਕਿ ਇਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦੇਵੋ ਅਸੀਂ ਪੰਜਾਬ ਦੀ ਨੁਹਾਰ ਬਦਲ ਦੇਵਾਂਗੇ, ਇਸ ਨੂੰ ਰੰਗਲਾ ਪੰਜਾਬ ਬਣਾ ਦੇਵਾਂਗੇ ਤੇ ਹਰ ਪਾਸੇ ਖੁਸ਼ਹਾਲੀ ਦੀ ਲਹਿਰ ਪੈਦਾ ਕਰ ਦੇਵਾਂਗੇ ਅਤੇ ਹਰ ਸ਼ਰਾਰਤੀ ਅਨਸਰ ਨੂੰ ਨਕੇਲ ਪਾ ਦੇਵਾਂਗੇ, ਬਿਗੜੇ ਹੋਏ ਅਮਨ ਕਾਨੂੰਨ ਨੂੰ ਮੁੜ ਬਹਾਲ ਕਰ ਦੇਵਾਂਗੇ। ਮਾਨ ਸਰਕਾਰ ਨੇ ਭੋਲੀ ਭਾਲੀ ਜਨਤਾ ਨਾਲ ਕੀਤੇ ਵਾਅਦੇ ਤਾਂ ਪੂਰੇ ਕੀ ਕਰਨੇ ਸਨ ਉਲਟਾ ਪਹਿਲਾਂ ਤੋਂ ਦਿੱਤੀਆਂ ਸਹੂਲਤਾਂ ਵੀ ਖੋਹ ਲਈਆਂ ਹਨ।
ਪਿੰਕੀ ਸ਼ਰਮਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਦਾ ਮਾਹੌਲ ਕਾਨੂੰਨ ਵਿਵਸਥਾ ਦੀ ਸਥਿਤੀ ਏਨੀ ਜ਼ਿਆਦਾ ਖਰਾਬ ਹੋ ਗਈ ਹੈ ਕਿ ਅੱਜ ਪੰਜਾਬ ਨਿਵਾਸੀ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ।
ਸ਼੍ਰੀ ਸੁਸ਼ੀਲ ਸ਼ਰਮਾ ਪਿੰਕੀ ਨੇ ਦੱਸਿਆ ਕੀ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਦੋਨੋ ਸਕੀਆਂ ਭੈਣਾਂ ਹਨ, ਮਾਨ ਸਰਕਾਰ ਕਾਂਗਰਸ ਸਰਕਾਰ ਦੀਆਂ ਲੀਹਾਂ ਤੇ ਚੱਲਦੀ ਹੋਈ ਮਾਫੀਆ ਦੇ ਹੌਂਸਲੇ ਵਿੱਚ ਹੋਰ ਵਾਧਾ ਕਰ ਰਹੀ ਹੈ , ਜਿਸ ਦਾ ਭੋਲੀ ਭਾਲੀ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਏਥੋਂ ਤੱਕ ਕਿ ਲੋਕਾਂ ਨੂੰ ਆਪਣੇ ਘਰ ਬਣਾਉਣ ਲਈ ਕਾਫ਼ੀ ਮਹਿੰਗੇ ਰੇਟਾਂ ਤੇ ਰੇਤਾ-ਬਜਰੀ ਖਰੀਦਣੀ ਪਈ ਹੈ, ਕੰਸਟਰਕਸ਼ਨ ਦੇ ਖ਼ਰਚੇ ਵਿੱਚ ਆਸਮਾਨ ਛੂਹਣ ਵਾਲੇ ਹੋਏ ਵਾਧੇ ਨੇ ਗਰੀਬ ਅਤੇ ਮਿਡਲ ਕਲਾਸ ਦੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।