ਤਲਵਾੜਾ, 4 ਅਕਤੂਬਰ (ਬਲਦੇਵ ਰਾਜ ਟੋਹਲੂ)- ਬਲਾਕ ਤਲਵਾੜਾ ਵਿਖੇ ਸਮਾਜ ਸੇਵਕ, ਅਗਾਂਹਵਧੂ ਸੋਚ ਦੇ ਮਾਲਕ ਤੇ ਲੋਕਾਂ ਦੇ ਦਿਲਾਂ ਦੀ ਧੜਕਣ ਸ਼੍ਰੀ ਸੁਸ਼ੀਲ ਸ਼ਰਮਾ ਪਿੰਕੀ ਜੀ ਦੇ ਦਫਤਰ ਤਲਵਾੜਾ ਵਿਖੇ ਇਕ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਦੀ ਪੰਡ ਦਾ ਖੁਲਾਸਾ ਕੀਤਾ ਗਿਆ, ਇਸ ਉੱਪਰ ਵਿਚਾਰ ਵਟਾਂਦਰਾ ਹੋਇਆ ਕਿ ਮਹਿਲਾਵਾਂ ਨੂੰ 1000 ਰੁਪਏ ਦਾ ਝਾਂਸਾ ਦੇ ਕੇ ਆਪ ਨੇ ਸੱਤਾ ਹਥਿਆਈ ਹੈ। ਸਰਕਾਰ ਦੀਆਂ ਗਲਤ ਨੀਤੀਆਂ ਤੋਂ ਪੀੜਤ ਤੇ ਦੁਖੀ ਮਹਿਲਾਵਾਂ ਅਤੇ ਮੁਲਾਜ਼ਮ 2024 ਦੀਆਂ ਐਮ.ਪੀ. ਚੋਣਾਂ ਵਿੱਚ ਸਰਕਾਰ ਨੂੰ ਉਸ ਦਾ ਜਵਾਬ ਦੇਣ ਲਈ ਤਿਆਰ ਹੋ ਚੁੱਕੇ ਹਨ।
ਸ਼੍ਰੀ ਸੁਸ਼ੀਲ ਸ਼ਰਮਾ ਪਿੰਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਝੂਠੇ ਵਾਅਦੇ ਕਰਕੇ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ ਤੇ ਸਰਕਾਰ ਦੀ ਪੁੱਠੀ ਗਿਣਤੀ ਵੀ ਸ਼ੁਰੂ ਹੋ ਚੁੱਕੀ ਹੈ। ਹੁਣ ਲੋਕ ਬਦਲਾਵ ਦੀ ਚਾਹਤ ਵਿੱਚ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਹਨਾਂ ਹੋਰ ਕਿਹਾ ਕਿ ਪੰਜਾਬ ਵਿੱਚ ਵਿਕਾਸ ਕਾਰਜ ਠੱਪ ਪਏ ਹਨ ਤੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਨਿੱਤ ਨਵੇਂ-ਨਵੇਂ ਡਰਾਮੇ ਕਰ ਰਹੀ ਹੈ। ਇਸ ਮੌਕੇ ਤੇ ਡਾਕਟਰ ਧਰੁਵ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ, ਅਮਨਦੀਪ ਹੈਪੀ ਹਲਕਾ ਇੰਚਾਰਜ ਦਸੂਹਾ, ਕੁਲਦੀਪ ਸਿੰਘ, ਸ਼ਕਤੀ ਸਿੰਘ ਸਾਬਕਾ ਸਰਪੰਚ, ਗਣੇਸ਼ ਕੁਮਾਰ ਆਦਿ ਮੌਜੂਦ ਸਨ।