ਹਰਿਆਣਾ/ਹੁਸ਼ਿਆਰਪੁਰ, 25 ਸਤੰਬਰ (ਰਮਨਦੀਪ ਸਿੰਘ/ਪ੍ਰਦੀਪ ਕੁਮਾਰ/ਜਨਸੰਦੇਸ਼ ਨਿਓੂਜ਼)- ਪੰਜਾਬ ਦੇ ਮੁਲਾਜ਼ਮਾਂ ਨਾਲ਼ ਜਨਵਰੀ 2004 ਤੋਂ ਬਾਅਦ ਭਾਰਤੀ ਹੋਏ ਮੁਲਾਜਮਾਂ ਉੱਪਰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਪ ਸਰਕਾਰ, ਹੁਣ ਲਾਰੇਬਾਜੀ ਕਰਕੇ ਸਮਾਂ ਲੰਘਾ ਰਹੀ ਹੈ । ਇਸੇ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਹੁਸ਼ਿਆਰਪੁਰ ਇਕਾਈ ਵੱਲੋ ਅੱਜ ਹਰਿਆਣਾ ਵਿਖੇ ਜਿਲ੍ਹਾ ਕਨਵੀਨਰ ਸੰਜੀਵ ਧੂਤ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਨੂੰ ਲਾਂਬੂ ਲਗਾਇਆ ਗਿਆ ।
ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਸਾਹਿਬ ਨੇ ਮੁੱਖ ਸਕੱਤਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਟਵੀਟ ਕੀਤਾ ਹੈ, ਪਰ ਅਸੀਂ ਨੋਟੀਫਿਕੇਸ਼ਨ ਹੋਣ ਤੱਕ ਸੰਘਰਸ਼ ਜਾਰੀ ਰੱਖਾਂਗੇ। ਮੁਲਾਜਮਾਂ ਦੀਆਂ ਮੰਗਾਂ ਅਤੇ ਮਸਲਿਆਂ ਦੇ ਹੱਲ ਦਾ ਸਬਜ਼ਬਾਗ ਦਿਖਾ ਕੇ ਸੱਤਾ ਵਿੱਚ ਆਈ ਆਪ ਸਰਕਾਰ ਦੇ ਵਾਅਦਿਆਂ ਦੀ ਹਵਾ ਨਿੱਕਲ ਚੁੱਕੀ ਹੈ ।
ਛੇ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਅਜੇ ਤੱਕ ਮੁਲਾਜਮਾਂ ਦੇ ਪੱਲੇ ਲਾਰਿਆਂ ਤੋਂ ਬਗੈਰ ਕੁੱਝ ਨਹੀਂ ਪਿਆ। ਇਸੇ ਕਰਕੇ ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋੰ ਪੰਜਾਬ ਭਰ ਵਿੱਚ ਸਰਕਾਰ ਦੇ ਲਾਰਿਆਂ ਦੀ ਪੰਡ ਨੂੰ ਲਾਂਬੂ ਲਗਾਇਆ ਜਾ ਰਿਹਾ ।
ਆਗੂਆਂ ਤਿਲਕ ਰਾਜ, ਅਮਨਦੀਪ ਸ਼ਰਮਾ, ਮਨਮੋਹਨ ਸਿੰਘ, ਰਮਨ ਕੁਮਾਰ, ਚਮਨ ਲਾਲ, ਰਜਤ ਮਹਾਜਨ, ਪ੍ਰਿੰਸ ਕੁਮਾਰ, ਗੁਰਵਿੰਦਰ ਸਿੰਘ ਅਤੇ ਅਸ਼ੋਕ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜਮ ਆਮ ਵਰਗ ਦਾ ਉਹ ਹਿੱਸਾ ਹਨ ਜੋ ਅਪਣੀ ਮਿਹਨਤ ਦੇ ਬਲਬੂਤੇ ਨੌਕਰੀਆਂ ਹਾਸਲ ਕਰਕੇ ਸੇਵਾ ਲਈ ਚੁਣੇ ਜਾਂਦੇ ਹਨ ਅਤੇ ਇਨ੍ਹਾਂ ਦੇ ਦਰਦ ਨੂੰ ਸਮਝਦੇ ਹੋਏ ਰਾਜਸਥਾਨ ਸਰਕਾਰ, ਛੱਤੀਸਗੜ੍ਹ ਸਰਕਾਰ ਅਤੇ ਝਾਰਖੰਡ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ
ਪਰ ਜਿੱਥੋਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰ ਰਹੀ ਹੈ, ਉਹ ਅਜੇ ਵੀ ਇਸ ਨੂੰ ਲਾਗੂ ਕਰਨ ਬਾਰੇ ਸਲਾਹਾਂ ਕਰ ਰਹੀ ਹੈ । ਦਲਜੀਤ ਸਿੰਘ, ਬਲਦੇਵ ਸਿੰਘ, ਅਮਰ ਸਿੰਘ, ਜਗਵਿੰਦਰ ਸਿੰਘ, ਸਚਿਨ ਕੁਮਾਰ, ਗੁਰਨਾਮ ਸਿੰਘ, ਦਵਿੰਦਰ ਸਿੰਘ, ਸਤ ਪਰਕਾਸ਼, ਵਰਿੰਦਰ ਵਿੱਕੀ, ਸਤ ਪਾਲ, ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਇੱਕ ਦਹਾਕੇ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ,ਪਰ ਪੁਰਾਣੀ ਪੈਨਸ਼ਨ ਬਹਾਲੀ ਦੇ ਨਾਮ ਤੇ ਗੂੰਗੀ ਤੇ ਬੋਲ਼ੀ ਹੋ ਚੱਕੀ ਹੈ ।
ਅੰਤ ਵਿੱਚ ਸੰਜੀਵ ਧੂਤ ਨੇ ਰੋਸ ਪ੍ਰਦਰਸ਼ਨ ਵਿੱਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪੈਨਸ਼ਨ ਦੇ ਮੁੱਦੇ ਉੱਪਰ ਗੰਭੀਰਤਾ ਨਾ ਦਿਖਾਈ ਤਾਂ ਪੰਜਾਬ ਤੋਂ ਬਾਹਰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਓਥੋਂ ਦੇ ਵੋਟਰਾਂ ਨੂੰ ਇਹਨਾਂ ਦੀ ਅਸਲੀਅਤ ਦੱਸ ਕੇ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਨਾਲ਼ ਹੀ 30 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ।