ਗੜਦੀਵਾਲ, 15 ਸਤੰਬਰ (ਮਲਹੋਤਰਾ)- ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਅਤੇ ਲੋਕਾਂ ਵਲੋਂ ਚੁਣੇ ਗਏ ਵਿਧਾਇਕ ਆਪਣੀ ਧਰਤੀ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵਚਨਬੱਧ ਹਨ ਅਤੇ ਆਪਣੇ ਪੰਜਾਬ ਪ੍ਰਤੀ ਵਫ਼ਾਦਾਰ ਹਨ। ਭਾਜਪਾ ਕਦੇ ਵੀ ਆਪ ਵਿਧਾਇਕਾਂ ਨੂੰ ਤੋੜ ਨਹੀਂ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਯੂਥ ਵਿੰਗ ਜਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਪ੍ਰੈੱਸ ਬਿਆਨ ਰਾਹੀ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨੇ ਭਾਜਪਾ ਤੇ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਲੋਕ ਮਾਰੂ ਨੀਤੀਆਂ ਨੂੰ ਅਪਣਾਉਂਦੇ ਹੋਏ ਆਪ ਵਿਧਾਇਕਾਂ ਨੂੰ ਖਰੀਦਣ ਅਤੇ ਪੰਜਾਬ ਵਿੱਚ ਆਪ ਸਰਕਾਰ ਨੂੰ ਡੇਗਣ ਦੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ ਜੋਕਿ ਬਹੁਤ ਮਾੜੀ ਗੱਲ ਹੈ। ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਡੇਗਣਾ ਲੋਕਤੰਤਰ ਲਈ ਘਾਤਕ ਸਿੱਧ ਹੋ ਸਕਦਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਭਾਵੇਂ ਭਾਜਪਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਲਈ ਕੋਈ ਵੀ ਹਥਕੰਡੇ ਅਪਣਾ ਲਵੇ ਪ੍ਰੰਤੂ ਆਮ ਆਦਮੀ ਪਾਰਟੀ ਰਾਜਨੀਤਿਕ ਪਾਰਟੀ ਹੋਣ ਤੋਂ ਪਹਿਲਾਂ ਆਮ ਲੋਕਾਂ ਦੀ ਪਰਿਵਾਰਿਕ ਪਾਰਟੀ ਹੈ। ਇਸ ਕਰਕੇ ਭਾਜਪਾ ਦੇ ਆਪਣੇ ਹਥਕੰਡੇ ਕਿਸੇ ਅਰਥ ਨਹੀਂ ਆਉਣਗੇ ਅਤੇ ਆਪ ਸਰਕਾਰ ਪੰਜਾਬ ਦੀ ਖੁਸ਼ਹਾਲੀ ਲਈ ਵਧੀਆ ਕੰਮ ਕਰਦੀ ਰਹੇਗੀ।