ਹੁਸ਼ਿਆਰਪੁਰ, 12 ਸਤੰਬਰ (ਜਨ ਸੰਦੇਸ਼ ਨਿਊਜ਼)- ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸ਼੍ਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਬਣਾਈ ਗਈ ਮੋਬਾਇਲ ਐਪ ਡੀ.ਬੀ.ਈ.ਈ. ਆਨਲਾਈਨ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਵਿਚ ਕਾਫੀ ਸਹਾਇਕ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਨੌਜਵਾਨਾਂ ਨੂੰ ਸਰਕਾਰੀ ਤੇ ਨਿੱਜੀ ਖੇਤਰ ਵਿਚ ਰੋਜ਼ਗਾਰ ਸਬੰਧੀ ਜਾਣਕਾਰੀ ਘਰ ਬੈਠੇ ਹੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਨੂੰ ਇਸ ਐਪ ’ਤੇ ਅਪਲੋਡ ਕੀਤਾ ਜਾਂਦਾ ਹੈ, ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਬਿਊਰੋ ਐਪ ਰਾਹੀਂ ਘੱਟ ਪੜ੍ਹੇ ਲਿਖੇ ਨੌਜਵਾਨਾਂ ਨੂੰ ਮੁਫ਼ਤ ਸਕਿੱਲ ਕੋਰਸਾਂ ਵਿਚ ਦਾਖਲਾ ਦੇਣ ਲਈ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ੇ ਦੀ ਸੁਵਿਧਾ ਵੀ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਰੋਜ਼ਗਾਰ ਮੋਬਾਇਲ ਐਪ ਡੀ.ਬੀ.ਈ.ਈ. ਆਨਲਾਈਨ ਨੂੰ 31 ਹਜ਼ਾਰ ਲੋਕ ਡਾਊਨਲੋਡ ਕਰ ਚੁੱਕੇ ਹਨ। ਉਨ੍ਹਾਂ ਦੱÇਸਆ ਕਿ ਇਸ ਐਪ ਦੀ ਸਹਾਇਤਾ ਨਾਲ ਬਹੁਤ ਸਾਰੀਆਂ ਨਾਮੀ ਕੰਪਨੀਆਂ ਅਤੇ ਨਾਮੀ ਪ੍ਰਾਈਵੇਟ ਸਕੂਲਾਂ ਵਿਚ ਨੌਜਵਾਨਾਂ ਨੂੰ ਵਧੀਆ ਸਾਲਾਨਾ ਪੈਕੇਜ ’ਤੇ ਨੌਕਰੀਆਂ ਦਿਵਾਉਣ ਵਿਚ ਬਹੁਤ ਕਾਮਯਾਬੀ ਹਾਸਲ ਕੀਤੀ ਗਈ ਹੈ।
ਗੁਰਮੇਲ ਸਿੰਘ ਨੇ ਦੱਸਿਆ ਕਿ ਦੂਰ-ਦਰਾਜ ਰਹਿ ਰਹੇ ਪ੍ਰਾਰਥੀ, ਜੋ ਕਿ ਰੋਜ਼ਗਾਰ ਦਫ਼ਤਰ ਨਹੀਂ ਆ ਸਕਦੇ, ਉਹ ਇਸ ਮੋਬਾਇਲ ਐਪ ਰਾਹੀਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨਾਲ ਸਿੱਧੇ ਜੁੜ ਗਏ ਹਨ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਮੋਬਾਇਲ ਐਪ ਡੀ.ਬੀ.ਈ.ਈ. ਆਨਲਾਈਨ ਨੂੰ ਆਪਣੇ ਮੋਬਾਇਲ ਫੋਨ ’ਤੇ ਡਾਊਨਲੋਡ ਕਰਨ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਸਬੰਧੀ ਜਾਣਕਾਰੀ ਘਰ ਬੈਠੇ ਹੀ ਮਿਲ ਸਕੇ।