ਤਲਵਾੜਾ, 02 ਸਤੰਬਰ (ਬਲਦੇਵ ਰਾਜ ਟੋਹਲੂ)- ਤਲਵਾੜਾ ਦੇ ਟੈਰਸ ਰੋਡ ‘ਤੇ ਪੈਂਦੀ ਦੁਕਾਨ ਬੌਬੀ ਸਾਈਕਲ ਐਂਡ ਆਟੋ ਸਟੋਰ ‘ਚ ਰਾਤ ਕਰੀਬ 12 ਵਜੇ ਭਿਆਨਕ ਅੱਗ ਲੱਗ ਗਈ। ਜਿਸ ਨਾਲ ਦੁਕਾਨ ਅੰਦਰ ਰਖਿੱਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਬੌਬੀ ਸਾਈਕਲ ਦੁਕਾਨ ਦੇ ਮਾਲਕ ਕ੍ਰਿਸ਼ਨ ਕੁਮਾਰ ਘਈ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਸਾਡੀ ਦੁਕਾਨ ‘ਤੇ ਮਾਲ ਆਉਣ ਸੀ। ਜਿਸ ਦਾ ਇੰਤਜ਼ਾਰ ਕਰ ਰਹੇ ਉਨ੍ਹਾਂ ਦੇ ਮੁਲਾਜ਼ਮ ਨੇ ਦੁਕਾਨ ‘ਚੋਂ ਧੂੰਆਂ ਨਿਕਲਦਾ ਵੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਦੱਸਿਆ। ਘਈ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸ਼ਟਰ ਚੁੱਕਿਆ ਤਾਂ ਅੱਗ ਦੀਆਂ ਲਪਟਾਂ ਅੰਦਰੋਂ ਨਿਕਲਣੀਆਂ ਸ਼ੁਰੂ ਹੋ ਗਈਆਂ ਸਨ।
ਉਸ ਤੋਂ ਬਾਅਦ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚ ਕੇ ਬੀ.ਬੀ.ਐਮ.ਬੀ. ਦੇ ਫਾਇਰ ਬ੍ਰਿਗੇਡ ਵਿਭਾਗ ਵਲੋਂ ਅੱਗ ‘ਤੇ ਤਾਂ ਕਾਬੂ ਪਾ ਲਿਆ ਗਿਆ। ਪਰ ਉਨ੍ਹਾਂ ਦਾ ਲੱਖਾਂ ਦਾ ਸਮਾਨ, ਕੁਝ ਨਕਦੀ ਅਤੇ ਚਾਰ ਸਾਲ ਦੇ ਲੇਖੇ-ਜੋਖੇ ਦੀਆਂ ਕਾਪੀਆਂ ਸੜ ਕੇ ਸੁਆਹ ਹੋ ਗਈਆਂ। ਜਿਸ ਦੀ ਸੂਚਨਾ ਪੁਲਸ ਵਿਭਾਗ ਨੂੰ ਵੀ ਦਿੱਤੀ ਗਈ। ਤਲਵਾੜਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।