ਹੁਸ਼ਿਆਰਪੁਰ, 01 ਸਤੰਬਰ (ਜਨ ਸੰਦੇਸ਼ ਨਿਊਜ਼)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਖੇਡਾਂ ਵਤਨ ਪੰਜਾਬ ਦੀਆਂ’ ਖੇਡ ਮੁਕਾਬਿਲਆਂ ਤਹਿਤ ਜ਼ਿਲ੍ਹੇ ਵਿਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਜ਼ਿਲ੍ਹੇ ਦੇ ਪੰਜ ਬਲਾਕਾਂ ਵਿਚ ਅੱਜ ਪਹਿਲੇ ਪੜਾਅ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ, ਜਿਸ ਵਿਚ ਬਲਾਕ ਗੜ੍ਹਸ਼ੰਕਰ ਵਿਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ, ਬਲਾਕ ਹੁਸ਼ਿਆਰਪੁਰ-2 ਵਿਚ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ, ਬਲਾਕ ਟਾਂਡਾ ਵਿਚ ਵਿਧਾਇਕ ਉੜਮੁੜ ਸ਼੍ਰੀ ਜਸਵੀਰ ਸਿੰਘ ਰਾਜਾ ਗਿੱਲ, ਬਲਾਕ ਮੁਕੇਰੀਆਂ ਵਿਚ ਆਪ ਨੇਤਾ ਸ਼੍ਰੀ ਗੁਰਧਿਆਨ ਸਿੰਘ ਮੁਲਤਾਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ।
ਬਲਾਕ ਹੁਸ਼ਿਆਰਪੁਰ-2 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਵਿਚ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਦੇ ਹੋਏ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਮੇਅਰ ਦੇ ਯਤਨਾਂ ਨਾਲ ਪੰਜਾਬ ਵਿਚ ਨਵੇਂ ਖੇਡ ਯੁੱਗ ਦੀ ਸ਼ੁਰੂਆਤ ਹੋਈ ਹੈ, ਜੋ ਕਿ ਪੰਜਾਬ ਦੀ ਜਵਾਨੀ ਨੂੰ ਇਕ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਸਭ ਤੋਂ ਪਹਿਲਾਂ ਕਾਰਜ ਸਿਹਤਮੰਦ ਤੇ ਡਰੱਗ ਫਰੀ ਪੰਜਾਬ ਬਣਾਉਣ ਦੀ ਦਿਸ਼ਾ ਵਿਚ ਕੀਤਾ ਗਿਆ ਜੋ ਕਿ ਖੇਡ ਨਾਲ ਜੁੜ ਕੇ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਬੰਦ ਪਏ ਖੇਡ ਵਿੰਗ ਦੁਬਾਰਾ ਸ਼ੁਰੂ ਕੀਤੇ ਜਾਣਗੇ ਅਤੇ ਆਉਣ ਵਾਲੇ ਸਮੇਂ ਵਿਚ ਪੂਰੇ ਸੂਬੇ ਵਿਚ ਪੰਜਾਬ ਮੋਹਰੀ ਰਾਜ ਵਜੋਂ ਉਭਰੇਗਾ। ਇਸ ਦੌਰਾਨ ਉਨ੍ਹਾਂ ਨਾਲ ਚੱਬੇਵਾਲ ਤੋਂ ਆਪ ਨੇਤਾ ਹਰਮਿੰਦਰ ਸਿੰਘ ਸੰਧੂ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਐਸ.ਡੀ.ਐਮ. ਸ਼ਿਵਰਾਜ ਸਿੰਘ ਬੱਲ, ਆਪ ਨੇਤਾ ਮੋਹਨ ਲਾਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਬਲਾਕ ਗੜ੍ਹਸ਼ੰਕਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਚ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਰੌੜੀ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਪਹਿਲਕਦਮੀ ਦੇ ਚੱਲਦਿਆਂ ਸੂਬੇ ਵਿਚ ਖੇਡ ਸਭਿਆਚਾਰ ਪ੍ਰਫੁਲਿਤ ਹੋ ਰਿਹਾ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਬਲਾਕ ਪੱਧਰੀ ਤੋਂ ਲੈ ਕੇ ਸੂਬਾ ਪੱਧਰ ਤੱਕ ਹੋਣ ਵਾਲੇ ਖੇਡ ਮੁਕਾਬਲਿਆਂ ਨਾਲ ਸੂਬੇ ਦੇ ਪਿੰਡ ਪੱਧਰ ’ਤੇ ਖਿਡਾਰੀਆਂ ਨੂੰ ਇਕ ਵੱਡਾ ਪਲੇਟਫਾਰਮ ਮਿਲਿਆ ਹੈ, ਜਿਸ ਨਾਲ ਉਹ ਆਪਣੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਰੱਖ ਪਾਉਣਗੇ। ਇਸ ਦੌਰਾਨ ਉਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਗੜ੍ਹਸ਼ੰਕਰ ਸ਼੍ਰੀ ਪ੍ਰੀਤ ਇੰਦਰ ਸਿੰਘ ਵੀ ਮੌਜੂਦ ਸਨ।
ਇਸ ਤੋਂ ਇਲਾਵਾ ਬਲਾਕ ਟਾਂਡਾ ਦੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਵਿਚ ਵਿਧਾਇਕ ਸ਼੍ਰੀ ਜਸਵੀਰ ਸਿੰਘ ਰਾਜਾ ਗਿੱਲ ਤੇ ਬਲਾਕ ਮੁਕੇਰੀਆਂ ਦੇ ਟਾਂਡਾ ਰਾਮ ਸਹਾਏ ਵਿਚ ਆਪ ਨੇਤਾ ਸ਼੍ਰੀ ਗੁਰਧਿਆਨ ਸਿੰਘ ਮੁਲਤਾਨੀ ਨੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਨਾਲ ਪੰਜਾਬ ਨੂੰ ਖੇਡ ਖੇਤਰ ਵਿਚ ਨਵੀਂ ਦਿਸ਼ਾ ਮਿਲੇਗੀ ਕਿਉਂਕਿ ਇਨ੍ਹਾਂ ਜ਼ਰੀਏ ਖਿਡਾਰੀਆਂ ਦੀ ਪ੍ਰਤਿਭਾ ਨੂੰ ਤਰਾਸ਼ਣ ਦਾ ਮੌਕਾ ਮਿਲੇਗਾ। ਉਨ੍ਹਾਂ ਖਿਡਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਖਿਡਾਰੀਆਂ ਨੂੰ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹੈ।
ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ-2 ਵਿਚ ਕਬੱਡੀ ਨੈਸ਼ਨਲ ਸਟਾਈਲ ਅੰਡਰ-17 ਲੜਕੇ ਤੇ ਅੰਡਰ-14 ਲੜਕੇ ਵਿਚ ਸਰਕਾਰੀ ਹਾਈ ਸਕੂਲ ਬਹਾਦਰਪੁਰ ਬਾਹੀਆਂ ਜੇਤੂ ਰਹੇ। ਇਸੇ ਤਰ੍ਹਾਂ ਖੋ-ਖੋ ਅੰਡਰ-14 ਲੜਕੀਆਂ ਵਿਚ ਸਰਕਾਰੀ ਸੈਕੰਡਰੀ ਸਕੂਲ ਖੜ੍ਹਕਾਂ ਪਹਿਲੇ, ਰਿਆਤ-ਬਾਹਰਾ ਸਕੂਲ ਦੂਜੇ ਸਥਾਨ ’ਤੇ ਰਹੇ। ਅੰਡਰ-14 ਲੜਕੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਪਹਿਲੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ ਦੂਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗ ਪਹਿਲੇ ਸਥਾਨ ’ਤੇ ਰਿਹਾ। ਅੰਡਰ-21 ਲੜਕੇ ਅਤੇ ਅੰਡਰ-21 ਲੜਕੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਜੇਤੂ ਰਿਹਾ।
ਬਲਾਕ ਟਾਂਡਾ ਵਿਚ ਸ਼ਾਟਪੁਟ ਅੰਡਰ-17 ਲੜਕੇ ਵਿਚ ਪਿੰਡ ਜਲਾਲਪੁਰ ਦਾ ਜ਼ੋਰਾਵਰ ਸਿੰਘ ਪਹਿਲੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰ ਦਾ ਗੁਰਸੇਵਕ ਸਿੰਘ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿਚ ਪਿੰਡ ਹੰਭੜਾ ਦੀ ਪਲਕ ਚੌਹਾਨ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰ ਨਰਿਆਲ ਦੀ ਸਾਵਿਤਰੀ ਦੂਜੇ ਤੇ ਏਕਨੂਰ ਤੀਜੇ ਸਥਾਨ ’ਤੇ ਰਹੀ।
ਬਲਾਕ ਮੁਕੇਰੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਵਿਚ ਆਯੋਜਿਤ ਖੇਡ ਮੁਕਾਬਲਿਆਂ ਵਿਚ ਅੰਡਰ-14 ਖੋ-ਖੋ ਲੜਕੇ ਤੇ ਲੜਕੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਪਹਿਲੇ ਤੇ ਸਰਕਾਰੀ ਹਾਈ ਸਕੂਲ ਮਹਿੰਦੀਪੁਰ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੂਜੇ ਸਥਾਨ ’ਤੇ ਅਤੇ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਪਹਿਲੇ ਸਥਾਨ ਤੇ ਰਿਹਾ। ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮ ਸਹਾਏ ਪਹਿਲੇ ਸਥਾਨ ’ਤੇ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੋਆ ਪਹਿਲੇ ਸਥਾਨ ’ਤੇ ਰਿਹਾ।
ਬਲਾਕ ਗੜ੍ਹਸ਼ੰਕਰ ਵਿਚ ਰੱਸਾ ਕੱਸ਼ੀ ਅੰਡਰ-21 (ਲੜਕੀਆਂ) ਵਿਚ ਸਰਕਾਰੀ ਹਾਈ ਸਕੂਲ ਰਾਮ ਪੁਰ ਬਿਲੜੋ ਪਹਿਲੇ, ਲੜਕਿਆਂ ਦੇ ਸਰਕਾਰੀ ਹਾਈ ਸਕੂਲ ਪਹਿਲੇ ਸਥਾਨ ’ਤੇ ਰਿਹਾ। ਕਬੱਡੀ ਅੰਡਰ-17 ਪਿੰਡ ਹੈਬੋਵਾਲ ਤੇ ਪਿੰਡ ਪੰਡੋਰੀ ਵਿਚ ਹੋਏ ਮੁਕਾਬਲਿਆਂ ਵਿਚ ਪਿੰਡ ਹੈਬੋਵਾਲ ਜੇਤੂ ਰਿਹਾ ਜਦਕਿ ਪਿੰਡ ਗੁਰਬਿਸ਼ਨਪੁਰੀ ਤੇ ਪਿੰਡ ਖੁਰਾਲੀ ਦੇ ਮੁਕਾਬਲਿਆਂ ਵਿਚ ਪਿੰਡ ਖੁਰਾਲੀ ਜੇਤੂ ਰਿਹਾ। ਇਸੇ ਤਰ੍ਹਾਂ ਅੰਡਰ-14 ਕਬੱਡੀ ਮੁਕਾਬਲਿਆਂ ਵਿਚ ਡੀ.ਪੀ.ਐਸ. ਤੇ ਹੈਬੋਵਾਲ ਦੇ ਮੁਕਾਬਲਿਆਂ ਵਿਚ ਹੈਬੋਵਾਲ ਜੇਤੂ ਅਤੇ ਖੁਰਾਲੀ ਤੇ ਗੜ੍ਹਸ਼ੰਕਰ ਦੇ ਮੁਕਾਬਲਿਆਂ ਵਿਚ ਖੁਰਾਲੀ ਜੇਤੂ ਰਿਹਾ। ਅੰਡਰ-21 ਕਬੱਡੀ ਮੁਕਾਬਲਿਆਂ ਵਿਚ ਹੈਬੋਵਾਲ ਤੇ ਖਾਲਸਾ ਕਾਲਜ ਦੇ ਮੁਕਾਬਲਿਆਂ ਵਿਚ ਹੈਬੋਵਾਲ ਜੇਤੂ ਅਤੇ ਬੀਨੇਵਾਲ ਤੇ ਗੁਰਬਿਸ਼ਨਪੁਰੀ ਦੇ ਮੁਕਾਬਲਿਆਂ ਵਿਚ ਬੀਨੇਵਾਲ ਜੇਤੂ ਰਿਹਾ।
ਬਲਾਕ ਤਲਵਾੜਾ ਅੰਡਰ-14 ਖੋ-ਖੋ ਲੜਕੀਆਂ ਵਿਚ ਸਰਕਾਰੀ ਸਕੂਲ ਰਜਵਾਲ, ਅੰਡਰ-17 ਲੜਕਿਆਂ ਵਿਚ ਪਲਾਹੜ, ਅੰਡਰ-14 ਲੜਕਿਆਂ ਵਿਚ ਨੰਗਲ ਖਨੌੜਾ ਜੇਤੂ ਰਿਹਾ। ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ-21 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-1 ਤਲਵਾੜਾ, ਅੰਡਰ-17 ਲੜਕੀਆਂ ਵਿਚ ਪਲਾਹੜ, ਅੰਡਰ-14 ਲੜਕੀਆਂ ਵਿਚ ਚੰਗੜਵਾਂ ਜੇਤੂ ਰਿਹਾ। ਐਥਲੈਟਿਕਸ 500 ਮੀਟਰ ਦੌੜ (ਗਰੁੱਪ 21-40) ਵਿਚ ਰਮਨ ਕੁਮਾਰ ਨੇ ਪਹਿਲਾ ਤੇ ਗਗਨਦੀਪ ਨੇ ਦੂਜਾ ਸਥਾਨ ਹਾਸਲ ਕੀਤਾ। ਪੰਜ ਹਜ਼ਾਰ ਮੀਟਰ ਦੌੜ ਅੰਡਰ-21 ਲੜਕਿਆਂ ਵਿਚ ਸਾਹਿਲ ਚੌਧਰੀ, ਅੰਡਰ-17 ਵਿਚ ਅਰਸ਼ ਡਡਵਾਲ ਨੇ ਪਹਿਲਾ ਸਥਾਨ ਹਾਸਲ ਕੀਤਾ। 100 ਮੀਟਰ ਦੌੜ ਅੰਡਰ-14 ਲੜਕੇ ਵਿਚ ਬ੍ਰਿਜੇਸ਼ ਕੁਮਾਰ, ਅੰਡਰ-17 ਵਿਚ ਹਰੀਸ਼ ਕੁਮਾਰ ਤੇ ਅੰਡਰ-21 ਵਿਚ ਚੰਦਨ ਸਿੰਘ ਪਹਿਲੇ ਸਥਾਨ ’ਤੇ ਰਿਹਾ। ਗਰੁੱਪ 21 ਤੋਂ 40 ਸਾਲ 100 ਮੀਟਰ ਦੌੜ ਵਿਚ ਰਾਕੇਸ਼ ਕੁਮਾਰ, ਗਰੁੱਪ 50 ਪਲੱਸ ਵਿਚ ਰਣਜੀਤ ਸਿਘੰ ਨੇ ਪਹਿਲਾ ਸਥਾਨ ਹਾਸਲ ਕੀਤਾ। ਵਾਲੀਬਾਲ ਅੰਡਰ-17 ਲੜਕੇ ਵਿਚ ਰਾਮਗੜ੍ਹ ਤੇ ਵਾਲੀਬਾਲ ਅੰਡਰ-21 ਲੜਕਿਆਂ ਵਿਚ ਰਾਣਾ ਕਲੱਬ ਭਵਨੌਰ ਜੇਤੂ ਰਿਹਾ। ਗਰੁੱਪ 21 ਤੋਂ 40 ਵਿਚ ਵੀ ਭਵਨੌਰ ਜੇਤੂ ਰਿਹਾ।