ਗੜ੍ਹਦੀਵਾਲ, 01 ਸਤੰਬਰ (ਮਲਹੋਤਰਾ)- ਗੁਰਦੁਆਰਾ ਸਿੰਘ ਸਭਾ ਬਾਹਗਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਜਥੇਦਾਰ ਬਾਬਾ ਅਜਮੇਰ ਸਿੰਘ ਬਾਹਗਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਪੰਥਕ ਪ੍ਰਚਾਰਕ ਪ੍ਰਧਾਨ ਕਲਿਆਣ ਸਿੰਘ ਗੁਰਦੁਆਰਾ ਗਰਨਾ ਸਾਹਿਬ ਜੀ ਨੇ ਗੁਰਤਾ ਗੱਦੀ ਦਿਵਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਉਪਰੰਤ ਪੰਥਕ ਢਾਡੀ ਜਥਾ ਭਾਈ ਸੁਖਰਾਜ ਸਿੰਘ ਰਾਜਾ ਪਿੰਡ ਮੁਸਤਫਾਬਾਦ ਸੈਦਾ ਗੁਰਦਾਸਪੁਰ ਵਾਲਿਆਂ ਨੇ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਚਾਹ ਪਕੌੜਿਆਂ ਦਾ ਲੰਗਰ ਵੀ ਸੰਗਤਾਂ ਨੂੰ ਛਕਾਇਆ ਗਿਆ। ਅਖੀਰ ਵਿਚ ਸਰਪੰਚ ਸ. ਚੈਂਚਲ ਸਿੰਘ ਬਾਹਗਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਚੈਨ ਸਿੰਘ, ਖਜ਼ਾਨਚੀ ਸ. ਸਮਿੱਤਰ ਸਿੰਘ, ਸ. ਕੁਲਵੰਤ ਸਿੰਘ, ਗਿਆਨੀ ਹਰਭਜਨ ਸਿੰਘ, ਸਰਦਾਰ ਪਰਗਟ ਸਿੰਘ, ਬਚਿੱਤਰ ਸਿੰਘ, ਅਮਨਦੀਪ ਸਿੰਘ ਬੰਟੀ, ਮਾਸਟਰ ਸਾਧੂ ਸਿੰਘ, ਹਰਭਜਨ ਸਿੰਘ ਬਾਹਗਾ, ਸੁਖਮਨੀ ਸਾਹਿਬ ਸੁਸਾਇਟੀ ਬਾਹਗਾ ਦੀਆਂ ਬੀਬੀਆਂ ਅਤੇ ਹੋਰ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।