ਗੜ੍ਹਦੀਵਾਲ, 09 ਅਗਸਤ (ਮਲਹੋਤਰਾ)- ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿੱਚ ਲੱਗੇ ਧਰਨੇ ਦੇ 77ਵੇਂ ਦਿਨ ਵੀ ਕਿਸਾਨਾਂ ਵੱਲੋਂ ਪਿੱਟ ਸਿਆਪਾ ਕਰਦੇ ਹੋਏ ਨਹਿਰੀ ਵਿਭਾਗ ਅਤੇ ਸਰਕਾਰ ਖ਼ਿਲਾਫ਼ ਜੰਮ ਕਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫ਼ੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਦੋਆਬਾ ਕਿਸਾਨ ਕਮੇਟੀ ਪੰਜਾਬ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ, ਨਵੀਂ ਅਟਵਾਲ ਸਮੇਤ ਵੱਖ ਵੱਖ ਆਗੂਆਂ ਨੇ ਕਿਹਾ ਕਿ ਭਾਰੀ ਮੀਂਹ ਚ ਵੀ ਅੱਜ ਕਿਸਾਨ ਤੇ ਪਿੰਡਾਂ ਦੇ ਲੋਕ ਡਟ ਕੇ ਖੜ੍ਹੇ ਹਨ। ਪਰ ਨਹਿਰੀ ਵਿਭਾਗ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਆਮ ਲੋਕ ਦਿਖਾਈ ਨਹੀਂ ਦੇ ਰਹੇ ਜਦਕਿ ਨਹਿਰ ਦਾ ਥੱਲਾ ਪੱਕਾ ਕਰਨਾ ਗੰਭੀਰ ਮਾਮਲਾ ਹੈ ਜਿਸਨੂੰ ਅਣਗੌਲਿਆ ਕੀਤਾ ਜਾ ਰਿਹਾ। ਜੇਕਰ ਨਹਿਰ ਦੇ ਹੇਠਲੇ ਹਿੱਸੇ ਨੂੰ ਤਰਪਾਲ ਵਿਸ਼ਾ ਕੇ ਉਸਤੇ ਕੰਕਰੀਟ ਲੈਂਟਰ ਪਾ ਕੇ ਬਣਾਇਆ ਗਿਆ ਤਾਂ ਪਾਣੀ ਦੀ ਸੇਮ ਜ਼ਮੀਨ ਵਿਚ ਨਹੀਂ ਰਚੇਗੀ ਜਿਸ ਨਾਲ ਪਾਣੀ ਦਾ ਪੱਧਰ ਹੋਰ ਡੂੰਘਾ ਹੋ ਜਾਵੇਗਾ ਤੇ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਨਹਿਰ ਸੁੱਕੀ ਰਹਿਣ ਨਾਲ ਪਹਿਲਾਂ ਹੀ ਬੋਰ ਡੂੰਘੇ ਹੋ ਚੁੱਕੇ ਹਨ। ਇਸ ਲਈ ਨਹਿਰ ਨੂੰ ਹੇਠਾਂ ਤੋਂ ਇੱਟਾਂ ਲਾ ਕੇ ਬਨਾਉਣ ਸਮੇਤ ਗਊ ਘਾਟ ਬਨਾਉਣ, ਨਹਿਰ ਕਿਨਾਰੇ ਰੇਲਿੰਗ ਲਗਾਉਣ, ਖੁੱਲ੍ਹੇ ਪੁਲ ਬਨਾਉਣ, ਲਿਫਟਿੰਗ ਸਿੰਚਾਈ ਸਹੂਲਤਾਂ, ਪਾਣੀ ਦੇ ਮੋਘੇ ਵੱਡੇ ਕਰਨ ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ, ਸਰਪੰਚ ਕਸ਼ਮੀਰ ਸਿੰਘ, ਸਰਪੰਚ ਕਰਨੈਲ ਸਿੰਘ, ਗੁਰਦਿਆਲ ਸਿੰਘ, ਉਂਕਾਰ ਸਿੰਘ, ਪੂਰਨ ਸਿੰਘ, ਰਮੇਸ਼ ਕੁਮਾਰ, ਅਮਰਜੀਤ ਸਿੰਘ, ਪ੍ਰੇਮ ਚੰਦ, ਬਾਪੂ ਚੰਡੀਗੜ੍ਹੀਆ, ਬਾਪੂ ਅਜੀਤ ਸਿੰਘ, ਕਸ਼ਮੀਰ ਸਿੰਘ, ਜਸਵੰਤ ਸਿੰਘ, ਕਰਮ ਚੰਦ, ਰਘੁਵੀਰ ਸਿੰਘ, ਬਹਾਦੁਰ ਸਿੰਘ, ਗੁਰਬਖ਼ਸ਼ ਸਿੰਘ, ਤਾਰਾ ਚੰਦ, ਬਲੀ ਸਿੰਘ, ਕਲਵੀਰ ਸਿੰਘ, ਨੰਦ ਪ੍ਰਕਾਸ਼, ਪ੍ਰੀਤਮ ਸਿੰਘ, ਤਰਸੇਮ ਸਿੰਘ ਆਦਿ ਹਾਜਰ ਸਨ।