ਹੁਸ਼ਿਆਰਪੁਰ, 03 ਅਗਸਤ (ਰਾਜਪੂਤ)- ਮਾਤਾ ਚਿੰਤਪੁਰਨੀ ਮੇਲੇ ਦੌਰਾਨ ਸਫ਼ਾਈ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ, ਉਥੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੇ ਨਿਰਦੇਸ਼ਾਂ ’ਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਐਨ.ਐਸ.ਐਸ. ਵਲੰਟੀਅਰਾਂ ਰਾਹੀਂ ਮੇਲੇ ਦੌਰਾਨ ਵਾਤਾਵਰਣ ਦੀ ਸ਼ੁੱਧਤਾ ਦਾ ਬੀੜਾ ਉਠਾਇਆ ਗਿਆ ਹੈ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਵਿਭਾਗ ਵਲੋਂ ਇਸ ਦੀ ਪਹਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 4 ਅਗਸਤ ਤੱਕ ਚੱਲਣ ਵਾਲੇ ਮਾਤਾ ਚਿੰਤਪੁਰਨੀ ਮੇਲੇ ਦੌਰਾਨ ਲੋਕਾਂ ਨੂੰ ਸਾਫ਼-ਸਫਾਈ ਲਈ ਜਾਗਰੂਕ ਕਰਨ ਤੇ ਸਫ਼ਾਈ ਵਿਵਸਥਾ ਸੁਚਾਰੂ ਰੱਖਣ ਵਿਚ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਹਾਲ ਦੇ 60 ਐਨ.ਐਸ.ਐਸ. ਵਲੰਟੀਅਰ ਸਵੈ ਇੱਛਾ ਨਾਲ ਇਸ ਨੇਕ ਕਾਰਜ ਵਿਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਐਨ.ਐਸ.ਐਸ. ਵਲੰਟੀਅਰਾਂ ਨੂੰ ਟੀ ਸ਼ਰਟ, ਟੋਪੀ, ਮਾਸਕ ਤੇ ਦਸਤਾਨੇ ਉਪਲਬੱਧ ਕਰਵਾਏ ਗਏ ਹਨ।
ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਹਾਲ ਦੇ ਐਨ.ਐਸ.ਐਸ. ਵਲੰਟੀਅਰਾਂ ਦੀ ਇਸ ਸਮਾਜ ਸੇਵਾ ਵਿਚ ਆਮ ਜਨਤਾ ’ਤੇ ਕਾਫ਼ੀ ਸਕਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਐਨ.ਐਸ.ਐਸ. ਵਲੰਟੀਅਰ ਲੰਗਰ ਕਮੇਟੀਆਂ ਤੇ ਸ਼ਰਧਾਲੂਆਂ ਨੂੰ ਸਫ਼ਾਈ ਰੱਖਣ ਦੇ ਨਾਲ-ਨਾਲ ਸਰਕਾਰ ਵਲੋਂ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਪ੍ਰਤੀ ਵੀ ਜਾਗਰੂਕ ਕਰ ਰਹੇ ਹਨ, ਜੋ ਕਿ ਵਰਤਮਾਨ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਵਲੰਟੀਅਰ ਜਾਗਰੂਕਤਾ ਬੈਨਰ ਰਾਹੀਂ ਜਿਥੇ ਸ਼ਰਧਾਲੂਆਂ ਤੇ ਲੰਗਰ ਕਮੇਟੀਆਂ ਨੂੰ ਸਫ਼ਾਈ ਵਿਵਸਥਾ ਬਣਾਏ ਰੱਖਣ ਲਈ ਜਾਗਰੂਕ ਕਰ ਰਹੇ ਹਨ, ਉਥੇ ਨਗਰ ਨਿਗਮ ਦੇ ਸਹਿਯੋਗ ਨਾਲ ਰਸਤੇ ਵਿਚ ਪਏ ਕੂੜੇ ਕਰਕਟ ਨੂੰ ਵੀ ਚੁੱਕ ਰਹੇ ਹਨ।