ਹੁਸ਼ਿਆਰਪੁਰ, 03 ਅਗਸਤ (ਰਾਜਪੂਤ)- ਮਾਲ ਤੇ ਮੁੜ ਵਸੇਬਾ, ਆਫ਼ਤ ਪ੍ਰਬੰਧਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਹਿਕਾਰੀ ਸਭਾ’ ਵਲੋਂ ਆਯੋਜਿਤ ਪ੍ਰੋਗਰਾਮ ਵਿਚ ਸੋਸਾਇਟੀ ਦੇ ਦੁੱਧ ਉਤਪਾਦਕ ਮੈਂਬਰਾਂ ਨੂੰ ਬੋਨਸ ਦੇ ਚੈਕ ਵੰਡ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਹੋਰ ਦੁੱਧ ਉਤਪਾਦਕ ਵੀ ਵੇਰਕਾ ਦੀ ਸਹਿਕਾਰੀ ਸੋਸਾਇਟੀਆਂ ਨਾਲ ਜੁੜ ਕੇ ਇਸ ਤਰ੍ਹਾਂ ਦੇ ਲਾਭ ਪ੍ਰਾਪਤ ਕਰਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਨਗਰ ਨਿਗਮ ਸ਼੍ਰੀ ਸੁਰਿੰਦਰ ਕੁਮਾਰ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਜੀ.ਐਮ. ਅਨਿਲ ਸਲਾਰੀਆ ਦੀ ਅਗਵਾਈ ਵਿਚ ਮਿਲਕ ਪਲਾਂਟ ਵਲੋਂ ਪਿਛਲੇ ਦੋ ਸਾਲਾਂ ਦੇ ਬੋਨਸ ਤਹਿਤ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ 22,95,839 ਰੁਪਏ ਸ਼ੁੱਧ ਲਾਭ ਦੇ ਰੂਪ ਵਿਚ ਬੋਨਸ ਦੇ ਚੈਕ ਸਭਾ ਦੇ ਉਪ ਨਿਯਮਾਂ ਅਨੁਸਾਰ ਦਿੱਤੇ ਜਾ ਰਹੇ ਹਨ, ਜਿਸ ਤਹਿਤ ਅੱਜ ਸਭਾ ਦੇ 82 ਮੈਂਬਰਾਂ ਨੂੰ ਕਰੀਬ 11 ਲੱਖ ਦੇ ਚੈਕ ਬੋਨਸ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਦੌਰਾਨ ਦੁੱਧ ਉਤਪਾਦਕਾਂ ਨੂੰ ਸਾਫ਼-ਸੁਥਰਾ ਦੁੱਧ ਪੈਦਾ ਕਰਕੇ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਵਿਚ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੇਰਕਾ ਮਿਲਕ ਪਲਾਟ ਵਲੋਂ ਦੁੱਧ ਉਤਪਾਦਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਇਹ ਕਾਰਜ ਸ਼ਲਾਘਾਯੋਗ ਹੈ, ਜਿਸ ਨਾਲ ਭਵਿੱਖ ਵਿਚ ਹੋਰ ਵੱਧ ਦੁੱਧ ਉਤਪਾਦਕ ਵੇਰਕਾ ਨਾਲ ਜੁੜਨਗੇ। ਮਿਲਕ ਪਲਾਂਟ ਹੁਸ਼ਿਆਰਪੁਰ ਦੇ ਮੈਨੇਜਰ ਨਵਤੇਜ ਸਿੰਘ ਰਿਆੜ ਨੇ ਸੋਸਾਇਟੀਜ਼ ਦੇ ਮੈਂਬਰਾਂ ਨੂੰ ਸਾਫ਼-ਸੁਥਰਾ ਦੁੱਧ ਪੈਦਾ ਕਰਨ ਦੇ ਲਾਭ ਤੇ ਤਰੀਕੇ ਸਾਂਝੇ ਕੀਤੇ ਅਤੇ ਸਾਰਾ ਦੁੱਧ ਆਪਣੀ ਸਭਾ ਵਿਚ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਪਸ਼ੂਆਂ ਦੀ ਸਿਹਤ ਬਰਕਰਾਰ ਰੱਖਣ ਲਈ ਵੇਰਵਾ ਕੈਟਲਫੀਡ ਤੇ ਮਿਨਰਲ ਮਿਕਚਰ ਦੀ ਵਰਤੋਂ ਕਰਨ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਸਭਾ ਵਿਚ ਦੁੱਧ ਠੰਡਾ ਕਰਨ ਲਈ 1000 ਕਿਲੋ ਸਮਰੱਥਾ ਦਾ ਬੀ.ਐਮ.ਸੀ. ਲੱਗਾ ਹੋਇਆ ਹੈ ਅਤੇ ਦੁੱਧ ਦੀ ਕਲੈਕਸ਼ਨ ਆਟੋਮੈਟਿਕ ਸਿਸਟਮ ਨਾਲ ਕੀਤੀ ਜਾਂਦੀ ਹੈ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚ ਪ੍ਰਧਾਨ ਦੇਸ ਰਾਜ, ਉਪ ਪ੍ਰਧਾਨ ਵਿਵੇਕ ਸਿੰਘ, ਪਰਮਿੰਦਰ ਕੁਮਾਰ, ਨਛੱਤਰ ਸਿੰਘ, ਹਨੀ, ਉਪ ਰਜਿਸਟਰਾਰ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ ਮਲਕੀਤ ਰਾਮ, ਇੰਦਰਜੀਤ ਸਿੰਘ, ਓਂਕਾਰ ਸਿੰਘ ਤੋਂ ਇਲਾਵਾ 150 ਦੁੱਧ ਉਤਪਾਦਕਾਂ ਨੇ ਹਿੱਸਾ ਲਿਆ।