ਤਲਵਾੜਾ, 01 ਅਗਸਤ (ਬਲਦੇਵ ਰਾਜ ਟੋਹਲੂ)- ਲੋਕਾਂ ਨੂੰ ਸਾਫ਼ ਸੁਥਰਾ ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣਾ ‘ਆਪ’ ਸਰਕਾਰ ਦਾ ਮੁੱਖ ਟੀਚਾ ਹੈ। ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਸ਼ਬਦ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਅੱਜ ਬੀ.ਡੀ.ਪੀ.ਓ. ਦਫ਼ਤਰ ਵਿਖੇ ਲਗਾਏ ਆਪਣੇ ਪਲੇਠੇ ਖੁੱਲਾ ਦਰਬਾਰ ਦੌਰਾਨ ਆਮ ਲੋਕਾਂ ਨਾਲ ਮੁਖਾਤਿਬ ਹੁੰਦਿਆਂ ਕਹੇ। ਵਿਧਾਇਕ ਘੁੰਮਣ ਨੇ ਕਿਹਾ ਆਮ ਆਦਮੀ ਦੀ ਸਰਕਾਰ ਨੇ ਸਹੁੰ ਚੁੱਕਣ ਉਪਰੰਤ ਹੀ ਐਕਸ਼ਨ ਮੋਡ ’ਚ ਹੈ। ਅਧਿਕਾਰੀਆਂ ਨੂੰ ਸਰਕਾਰੀ ਦਫ਼ਤਰਾਂ ’ਚ ਸਾਫ਼ ਸਫ਼ਾਈ ਰੱਖਣ ਅਤੇ ਲੋਕਾਂ ਦੀ ਖੱਜਲ-ਖੁਆਰੀ ਰੋਕਣ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਲੋਕਾਂ ਤੋਂ ਵੀ ਸਾਫ਼ ਸੁਥਰੇ ਪ੍ਰਬੰਧ ਲਈ ਸਹਿਯੋਗ ਦੀ ਮੰਗ ਕੀਤੀ। ਸ਼੍ਰੀ ਘੁੰਮਣ ਨੇ ਕਿਹਾ ਕਿ ਉਹ ਰਾਜਨੀਤੀ ’ਚ ਦੌਲਤ ਜਾਂ ਸ਼ੌਹਰਤ ਕਮਾਉਣ ਲਈ ਨਹੀਂ ਬਲਕਿ ਹਲ਼ਕੇ ਦਾ ਵਿਕਾਸ ਕਰਵਾਉਣ ਲਈ ਆਏ ਹਨ, ਅਤੇ ਕੰਮ ਕਰਵਾਉਣਾ ਉਨ੍ਹਾਂ ਦਾ ਸ਼ੌਕ ਹੈ। ਲੋਕਾਂ ਨੇ ਉਨ੍ਹਾਂ ਨੂੰ ਆਪਣੀ ਆਵਾਜ਼ ਬਣਾ ਕੇ ਵਿਧਾਨ ਸਭਾ ’ਚ ਭੇਜਿਆ ਹੈ।
ਅੱਜ ਖੁੱਲ੍ਹੇ ਦਰਬਾਰ ’ਚ 700 ਤੋਂ ਵਧ ਸ਼ਿਕਾਇਤਾਂ ਆਈਆਂ। ਜਿਨ੍ਹਾਂ ਵਿੱਚੋਂ ਸਾਢੇ ਚਾਰ ਸੌ ਦੇ ਕਰੀਬ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ। ਵਿਧਾਇਕ ਘੁੰਮਣ ਨੇ ਐਲਾਨ ਕੀਤਾ ਕਿ ਹਲ਼ਕਾ ਦਸੂਹਾ ’ਚ ਹਰ ਮਹੀਨੇ ਅਲੱਗ-ਅਲੱਗ ਜਗ੍ਹਾ ’ਤੇ ਖੁੱਲ੍ਹਾ ਦਰਬਾਰ ਲਗਾ ਕੇ ਲੋਕ ਮਸਲਿਆਂ ਦਾ ਹੱਲ ਕੀਤਾ ਜਾਵੇਗਾ। ਅਗਲੇ ਮਹੀਨੇ ਕਸਬਾ ਅਮਰੋਹ ਵਿਖੇ ਖੁੱਲ੍ਹਾ ਦਰਬਾਰ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਬੀ.ਡੀ.ਪੀ.ਓ. ਤਲਵਾੜਾ ਸੁਖਪ੍ਰੀਤ ਸਿੰਘ, ਡੀ.ਐਫ.ਓ. ਦਸੂਹਾ ਅੰਜਨ ਕੁਮਾਰ, ਨਾਇਬ ਤਹਿਸੀਲਦਾਰ ਮਨੋਹਰ ਲਾਲ, ਥਾਣਾ ਤਲਵਾੜਾ ਮੁਖੀ ਹਰਗੁਰਦੇਵ ਸਿੰਘ, ਐਸ.ਡੀ.ਓ. ਰਾਜੇਸ਼ ਸ਼ਰਮਾ, ਐਸ.ਡੀ.ਓ. ਚਤਰ ਸਿੰਘ, ਲੇਖਾਕਾਰ ਸੁਰਜੀਤ ਚੰਦ, ਗ੍ਰਾਮ ਸੇਵਕ ਰਣਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।