ਤਲਵਾੜਾ, 23 ਜੁਲਾਈ (ਬਲਦੇਵ ਰਾਜ ਟੋਹਲੂ)- ਸ਼ਾਹ ਨਹਿਰ ਬੈਰਾਜ ਦੇ ਹੇਠਾਂ ਬਿਆਸ ਦਰਿਆ ’ਚ ਚੱਲਦੇ ਸਟੋਨ ਕਰੱਸ਼ਰ ਦੀ ਪੰਜਾਬ ਵਿੱਚ ਲੱਗੇ ਹੋਣ ਦੀ ਪੁਸ਼ਟੀ ਹੋਣ ਉਪਰੰਤ ਹਰਕਤ ਵਿੱਚ ਆਏ ਮਾਈਨਿੰਗ ਵਿਭਾਗ ਨੇ ਕਰੱਸ਼ਰ ਸੀਲ ਕਰ ਦਿੱਤਾ ਹੈ। ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਸਥਾਨਕ ਪੁਲੀਸ ਨੇ ਕਰੱਸ਼ਰ ਮਾਲਕ ’ਤੇ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਬਾਅਦ ਦੁਪਹਿਰ ਮਾਈਨਿੰਗ ਵਿਭਾਗ ਦੀ ਟੀਮ ਨਾਲ ਪੁਲੀਸ ਵੱਲੋਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸੀਮਾ ’ਤੇ ਸਥਿਤ ਬਿਆਸ ਦਰਿਆ ’ਚ ਲੱਗੇ ਸਟੋਨ ਕਰੱਸ਼ਰ ਦਾ ਦੌਰ੍ਹਾ ਕੀਤਾ ਗਿਆ। ਸਟੋਨ ਕਰੱਸ਼ਰ ਮਾਲਕ ਮਨੋਜ ਕੁਮਾਰ ਉਰਫ਼ ਰਿੰਕੂ ਪੁੱਤਰ ਸੁਰੇਸ਼ ਕੁਮਾਰ ਵਾਸੀ ਤਲਵਾੜਾ ਨੂੰ ਕਰੱਸ਼ਰ ਸਬੰਧੀ ਦਸਤਾਵੇਜ਼ ਪੇਸ਼ ਕਰਨ ਕਰਨ ਲਈ ਕਿਹਾ ਗਿਆ, ਪਰ ਉਹ ਕੋਈ ਦਸਤਾਵੇਜ਼ ਪੇਸ਼ ਨਾ ਕਰ ਸਕਿਆ। ਲਿਹਾਜ਼ਾ ਮਾਈਨਿੰਗ ਅਫ਼ਸਰ ਅਜੇ ਪਾਂਡੇ ਦੀ ਨਿਸ਼ਾਨਦੇਹੀ ’ਤੇ ਕਰੱਸ਼ਰ ਮਾਲਕ ਖ਼ਿਲਾਫ ਮਾਈਨਿਰ ਮਿਨਰਲ ਐਕਟ ਤਹਿਤ ਮਾਮਲਾ ਦਰਜ ਕਰ ਮਨੋਜ ਕੁਮਾਰ ਉਰਫ਼ ਰਿੰਕੂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਕਰੱਸ਼ਰ ’ਤੇ ਮੌਜ਼ੂਦ ਚਾਰ ਟਿੱਪਰ, ਤਿੰਨ ਟਰੈਕਟਰ ਟਰਾਲੀਆਂ ਅਤੇ ਦੋ ਪੋਕਲੈਨ ਤੇ ਇੱਕ ਜੇਸੀਬੀ ਮਸ਼ੀਨ ਦੀ ਮੌਕੇ ’ਤੇ ਬਰਾਮਦਗੀ ਕੀਤੀ।