ਤਲਵਾੜਾ, 22 ਜੁਲਾਈ (ਬਲਦੇਵ ਰਾਜ ਟੋਹਲੂ)- ਕੰਢੀ ਖੇਤਰ ਬਲਾਕ ਤਲਵਾੜਾ ਦੇ ਨੇਡ਼ਲੇ ਪਿੰਡ ਭਟੇਡ਼ ਵਿਖੇ ਸਥਿਤ ਸਹਿਕਾਰੀ ਬਹੁਮੰਤਵੀ ਸਭਾ ’ਚ ਲੱਖਾਂ ਰੁਪਏ ਦੇ ਗਬਨ ਦੇ ਮਾਮਲੇ ’ਚ ਪੁਲੀਸ ਨੇ ਸਾਬਕਾ ਸਕੱਤਰ ’ਤੇ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਮੁਕੇਰੀਆਂ ਵੱਲੋਂ ਦਿੱਤੀ ਲਿਖ਼ਤੀ ਸ਼ਿਕਾਇਤ ’ਤੇ ਕੀਤੀ ਹੈ। ਸਭਾ ਨੇ ਆਪਣੀ ਨਕਲ ਮਤਾ ਮਿਤੀ 22/03/2021 ਰਾਹੀਂ ਪਾਸ ਕੀਤਾ ਕਿ ’ਦਿ ਭਟੇਡ਼ ਬਹੁਮੰਤਵੀ ਸਹਿਕਾਰੀ ਸਭਾ ਲਿਮ’ ਪਿੰਡ ਭਟੇਡ਼ ਵਿਖੇ ਤਾਇਨਾਤ ਸਕੱਤਰ ਅਜੇ ਕੁਮਾਰ ਪੁੱਤਰ ਗੁਰਪ੍ਰਸਾਦ ਵਾਸੀ ਪਿੰਡ ਭਟੇਡ਼ ਨੇ ਮਿਤੀ 05/10/ 2016 ਤੋਂ 15/04/2020 ਤੱਕ ਕੰਮ ਕੀਤਾ। ਆਪਣੇ ਕਾਰਜ਼ਕਾਲ ’ਚ ਅਜੇ ਕੁਮਾਰ ਨੇ 52.30 ਲੱਖ ਰੁਪਏ ਦੀਆਂ ਰਕਮਾਂ ਸੈਂਟਰਲ ਕੋਆਪ੍ਰੇਟਿਵ ਬੈਂਕ ਬ੍ਰਾਂਚ ਤਲਵਾੜਾ ਤੋਂ ਕਢਵਾਈਆਂ। ਪਰ ਇਹ ਰਕਮਾਂ ਸਭਾ ਦੇ ਰਿਕਾਰਡ ’ਚ ਦਰਜ ਨਹੀਂ ਕੀਤੀਆਂ ਅਤੇ ਆਪਣੇ ਨਿੱਜੀ ਕੰਮਾਂ ਲਈ ਵਰਤ ਕੇ ਗਬਨ ਕੀਤਾ ਹੈ। ਸੁਸਾਇਟੀ ‘ਚ ਗਬਨ ਦਾ ਮਾਮਲਾ ਸਾਲ 2020 ਵਿਚ ਸਾਹਮਣੇ ਆਇਆ ਸੀ। ਵਿਭਾਗ ਵੱਲੋਂ ਕੀਤੀ ਮੁੱਢਲੀ ਜਾਂਚ ’ਚ ਅਜੇ ਕੁਮਾਰ ਦੋਸ਼ੀ ਪਾਇਆ ਗਿਆ ਸੀ। ਉਪਰੰਤ ਸਾਲ 2020 ‘ਚ ਅਜੇ ਕੁਮਾਰ ਦੀਆਂ ਸੇਵਾਵਾਂ ਨਿਰੱਸਤ ਕਰ ਦਿੱਤੀਆਂ ਗਈਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮੁਕੇਰੀਆਂ ਨੇ ਦੱਸਿਆ ਕਿ ਵਿਭਾਗੀ ਜਾਂਚ ’ਚ ਅਜੇ ਕੁਮਾਰ ’ਤੇ ਜਨਤਾ ਦੇ 52.30 ਲੱਖ ਰੁਪਏ ਗਬਨ ਕਰਨ ਦੇ ਦੋਸ਼ ਸਿੱਧ ਹੁੰਦੇ ਹਨ। ਅਗਲੇਰੀ ਕਾਰਵਾਈ ਲਈ ਪੁਲੀਸ ਨੂੰ ਲਿਖਿਆ ਗਿਆ ਹੈ। ਤਲਵਾੜਾ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।