ਹੁਸ਼ਿਆਰਪੁਰ, 20 ਜੁਲਾਈ (ਰਾਜਪੂਤ)- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਦਰਬਾਰਾ ਸਿੰਘ ਵਲੋਂ ਭਾਰਤ ਸਰਕਾਰ ਦੀ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ ਸਬੰਧੀ ਮੀਟਿੰਗ ਕਰਕੇ ਇਸ ਯੋਜਨਾ ਦੀ ਸਮੀਖਿਆ ਕੀਤੀ ਗਈ। ਇਸ ਮੀਟਿੰਗ ਵਿਚ ਸਕੀਮ ਵਿਚ ਸ਼ਾਮਿਲ ਕੰਪਨੀਆਂ ਰਿਲਾਇੰਸ, ਕਵਾਂਟਮ ਪੇਪਰ ਮਿੱਲ, ਹਾਕਿੰਸ ਕੁਕਰ, ਪ੍ਰਤੀਕ ਇੰਜੀਨੀਅਰਿੰਗ ਕੰਪੋਨੈਂਟ, ਸਾਵਿਤ੍ਰੀ ਪਲਾਈਵੁਡ, ਜਗਦੰਬਾ ਫਾਈਨਾਂਸ ਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਪ੍ਰਤੀਨਿੱਧ ਸ਼ਾਮਿਲ ਹੋਏ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਯੋਜਨਾ ਨੂੰ ਜ਼ਿਲ੍ਹੇ ਵਿਚ ਸਹੀ ਤਰੀਕੇ ਨਾਲ ਲਾਗੂ ਕਰਨ ਅਤੇ ਇਸ ਦੇ ਲਾਭ ਦੇ ਪ੍ਰਚਾਰ ਤੇ ਪ੍ਰਸਾਰ ਸਬੰਧੀ ਹਦਾਇਤ ਕੀਤੀ। ਉਨ੍ਹਾਂ ਵੱਖ-ਵੱਖ ਉਦਯੋਗਾਂ ਦੇ ਪ੍ਰਤੀਨਿੱਧੀਆਂ ਨੂੰ ਸੰਸਥਾਵਾਂ ਵਿਚ ਆਈ.ਟੀ.ਆਈ. ਪਾਸ ਸਿਖਿਆਰਥੀਆਂ ਤੇ ਅੱਠਵੀਂ, ਦਸਵੀਂ ਤੇ ਬਾਹਰਵੀਂ ਪਾਸ ਤੇ ਡਰਾਪ ਆਊਟ ਸਿਖਿਆਰਥੀਆਂ ਨੂੰ ਅਪ੍ਰੈਂਟਿਸਸ਼ਿਪ ਦੀ ਟ੍ਰੇਨਿੰਗ ਦੇਣ ਲਈ ਉਤਸ਼ਾਹਿਤ ਕੀਤਾ ਅਤੇ ਸੰਸਥਾਵਾਂ ਨੂੰ ਅਪ੍ਰੈਂਟਿਸਸ਼ਿਪ ਪੋਰਟਲ (www. Apprenticeshipindia.gov.in ) ’ਤੇ ਰਜਿਸਟਰੇਸ਼ਨ ਕਰਵਾਉਣ ਬਾਰੇ ਜਾਣਕਾਰੀ ਦਿੱਤੀ। ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤੋਂ ਫੀਲਡ ਮਿਸ਼ਨ ਮੈਨੇਜਰ ਸ੍ਰੀ ਮਹਿੰਦਰ ਸਿੰਘ ਰਾਣਾ ਤੇ ਬੇਸਿਕ ਟ੍ਰੇਨਿੰਗ ਇੰਸਟੀਚਿਊਟ ਦੇ ਸਹਾਇਕ ਡਾਇਰੈਕਟਰ ਸ੍ਰੀ ਦਲਬੀਰ ਸਿੰਘ ਨੇ ਦੱਸਿਆ ਕਿ ਸੰਸਥਾਵਾਂ ਵਲੋਂ ਸਿਖਿਆਰਥੀਆਂ ਨੂੰ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਦੌਰਾਨ ਆਈ.ਟੀ.ਆਈ. ਦੋ ਸਾਲ ਦੇ ਕੋਰਸ ਕਰਨ ਵਾਲੇ ਨੂੰ 8050 ਰੁਪਏ, ਇਕ ਸਾਲ ਕੋਰਸ ਪਾਸ ਕਰਨ ਵਾਲੇ ਨੂੰ 7700 ਰੁਪਏ, 12ਵੀਂ ਪਾਸ ਨੂੰ 7000 ਰੁਪਏ ਅਤੇ 10ਵੀਂ ਪਾਸ ਨੂੰ 6000 ਰੁਪਏ ਦੇਣ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਪਲੇਸਮੈਂਟ ਇੰਚਾਰਜ ਸ੍ਰੀ ਰਮਨ ਭਾਰਤੀ ਤੇ ਮੋਬਾਇਲਾਈਜ਼ਰ ਸ੍ਰੀ ਸੁਨੀਲ ਕੁਮਾਰ ਵੀ ਮੌਜੂਦ ਸਨ।