ਹੁਸ਼ਿਆਰਪੁਰ, 19 ਜੁਲਾਈ (ਰਾਜਪੂਤ)- ਅੱਜ ਸਕੂਲ ਬੱਸ ਅਪਰੇਟਰ ਸੰਘਰਸ਼ ਕਮੇਟੀ, ਪੰਜਾਬ ਦੀ ਮੀਟਿੰਗ ਕੌਮੀ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਹੁਸ਼ਿਆਰਪੁਰ ਵਿਖੇ ਹੋਈ। ਜਿਸ ਵਿੱਚ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਟਰਾਂਸਪੋਰਟਰਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਓਹਨਾਂ ਸਕੂਲ ਬੱਸ ਮਾਲਕਾਂ ਅਤੇ ਡਰਾਈਵਰਾਂ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਦੀਆਂ ਸਾਰੀਆਂ ਸਕੂਲ ਬੱਸਾਂ “ਸਕੂਲ ਸੇਫ ਵਾਹਨ ਪਾਲਿਸੀ” ਦੇ ਤਹਿਤ ਚੱਲਣੀਆਂ ਚਾਹੀਦੀਆਂ ਹਨ। ਓਹਨਾਂ ਕਿਹਾ ਕਿ ਸਾਰੀਆ ਬੱਸਾਂ ਵਿੱਚ ਫਸਟ ਏਡ ਕਿੱਟਾਂ ਤੇ ਅੱਗ ਬੁਝਾਊ ਯੰਤਰ ਲਾਜ਼ਮੀ ਹੋਣੇ ਚਾਹੀਦੇ ਹਨ ਅਤੇ ਡਰਾਈਵਰ ਕੰਡਕਟਰ ਦੇ ਪੂਰੀ ਵਰਦੀ ਪਾਈ ਹੋਣੀ ਚਾਹੀਦੀ ਹੈ।
ਜਿਲ੍ਹੇ ਚ ਪਿਛਲੇ ਦਿਨੀਂ ਸਕੂਲ ਬੱਸਾਂ ਨਾਲ ਵਾਪਰੇ ਹਾਦਸਿਆਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ, ਸਰਕਾਰਾਂ, ਮੀਡੀਆ ਅਤੇ ਆਮ ਜਨਤਾ ਓਹਨਾਂ ਹਾਦਸਿਆਂ ਦੇ ਜਿੰਮੇਵਾਰ ਸਿਰਫ਼ ਡਰਾਈਵਰਾਂ ਨੂੰ ਹੀ ਮੰਨ ਰਹੇ ਹਨ, ਜਦਕਿ ਇਹਨਾਂ ਹਾਦਸਿਆਂ ਲਈ ਅਸਲ ਜਿੰਮੇਵਾਰ ਪ੍ਰਸ਼ਾਸਨ, ਸਰਕਾਰ ਅਤੇ ਓਹ ਲੋਕ ਹਨ ਜਿਹੜੇ ਸੜਕ ਨਾਲ ਲਗਦੇ ਕੱਚੇ ਕਿਨਾਰਿਆਂ ਨੂੰ ਵਾਹ-ਵਾਹ ਕੇ ਆਪਣੇ ਖੇਤਾਂ ਨਾਲ ਰਲਾ ਲੈਂਦੇ ਹਨ ਅਤੇ ਸੜਕ ਤੇ ਸਕੂਟਰ ਤੱਕ ਨੂੰ ਵੀ ਪਾਸ ਕਰਨ ਦੀ ਜਗ੍ਹਾ ਨਹੀਂ ਬਚਦੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਤੁਰੰਤ ਸਬੰਧਿਤ ਮਹਿਕਮੇ ਨੂੰ ਨੋਟਿਸ ਜਾਰੀ ਕਰਕੇ ਸੜਕਾਂ ਦੇ ਕਿਨਾਰੇ ਪੂਰੇ ਕਰਵਾਏ ਜਾਣੇ ਚਾਹੀਦੇ ਹਨ ਕਿਉਂਕਿ ਪਿੰਡਾਂ ਵਿੱਚ ਸੜਕਾਂ ਦੇ ਕਿਨਾਰੇ ਪੂਰੇ ਨਾ ਹੋਣ ਕਰਕੇ ਇੱਕ ਦੂਜੇ ਨੂੰ ਪਾਸ ਕਰਨ ਲੱਗਿਆਂ ਗੱਡੀਆਂ ਖੇਤਾਂ ਵਿਚ ਡਿਗ ਜਾਂਦੀਆਂ ਹਨ ਅਤੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਪੀ ਅੱਜੋਵਾਲ, ਜਰਨੈਲ ਸਿੰਘ, ਸੰਜੀਵ ਕੁਮਾਰ, ਬੱਲੀ ਸਿੰਘ, ਚਰਨਜੀਤ ਸਿੰਘ, ਗੋਲਡੀ ਬੁੱਲ੍ਹੋਵਾਲ, ਹਰਪ੍ਰੀਤ ਸਿੰਘ, ਯਾਕੂਬ ਮਸੀਹ, ਕਾਕਾ ਖਾਨਪੁਰ, ਭਜਨ ਸਿੰਘ ਅਤੇ ਮਨਜੀਤ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸਕੂਲ ਬੱਸਾਂ ਦੇ ਮਾਲਕ ਹਾਜਰ ਸਨ।