ਹੁਸ਼ਿਆਰਪੁਰ, 19 ਜੁਲਾਈ (ਰਾਜਪੂਤ)- 2012 ਬੈਚ ਦੇ ਪੀ.ਸੀ.ਐਸ. ਅਧਿਕਾਰੀ ਸ੍ਰੀ ਅਮਿਤ ਮਹਾਜਨ ਨੇ ਅੱਜ ਹੁਸ਼ਿਆਰਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਫਿਰੋਜ਼ਪੁਰ ਵਿਖੇ ਏ.ਡੀ.ਸੀ. (ਜ) ਵਜੋਂ ਤਾਇਨਾਤ ਸਨ। ਸ੍ਰੀ ਅਮਿਤ ਮਹਾਜਨ ਸਕੱਤਰ, ਰਿਜ਼ਨਲ ਟਰਾਂਸਪੋਰਟ ਅਥਾਰਟੀ ਜਲੰਧਰ ਅਤੇ ਐਸ.ਡੀ.ਐਮ. ਵਜੋਂ ਮੁਕੇਰੀਆਂ ਤੇ ਹੁਸ਼ਿਆਰਪੁਰ ਵਿਖੇ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਅਹੁਦਾ ਸੰਭਾਲਦਿਆਂ ਸ੍ਰੀ ਮਹਾਜਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀ ਅਗਵਾਈ ਵਿਚ ਜ਼ਿਲ੍ਹਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿਚ ਸੇਵਾਵਾਂ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।