ਕੰਢੀ ਇਲਾਕੇ ਦੇ ਜੰਗਲਾਂ ਵਿਚੋਂ ਨਹੀਂ ਰੁਕ ਰਹੀ ਚੋਰ ਬਾਜ਼ਾਰੀ , ਜੇਕਰ ਦਰੱਖਤ ਹੀ ਨਹੀਂ ਰਹਿਣਗੇ ਸਾਹ ਕਿੱਥੋਂ ਆਵੇਗਾ।
ਤਲਵਾੜਾ, 17 ਜੁਲਾਈ (ਬਲਦੇਵ ਰਾਜ ਟੋਹਲੂ)- ਕੰਢੀ ਇਲਾਕੇ ਦੇ ਪਿੰਡ ਭਵਨੌਰ ਵਿਖੇ ਸਥਿਤ ਡੇਅਰੀ ਫਾਰਮ ਦੇ ਅੰਦਰੋਂ ਜੰਗਲਾਤ ਵਿਭਾਗ ਨੇ ਕਰੀਬ ਪੰਜ ਕੁਇੰਟਲ ਖ਼ੈਰ ਦੀ ਲੱਕੜ ਬਰਾਮਦ ਕੀਤੀ ਹੈ। ਵਣ ਰੇਂਜ਼ ਨੰਬਰ 2 ਅਧੀਨ ਆਉਂਦੇ ਨੀਮ ਪਹਾੜੀ ਪਿੰਡ ਭਵਨੌਰ ‘ਚ ਵਣ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਛਾਪੇਮਾਰੀ ਕੀਤੀ। ਗਾਰਡ ਪੰਨਾ ਲਾਲ ਨੇ ਦੱਸਿਆ ਕਿ ਪਿੰਡ ਭਵਨੌਰ ਦੇ ਇੱਕ ਵਿਅਕਤੀ ਨੇ ਜੰਗਲ ‘ਚੋਂ ਕਥਿਤ ਤੌਰ ਤੇ ਵੱਢੇ ਖ਼ੈਰ ਦੇ 40 ਦੇ ਕਰੀਬ ਛਿੱਲੇ ਹੋਏ ਮੋਛੇ ਡੇਅਰੀ ਫਾਰਮ ਅੰਦਰ ਲੁਕਾ ਕੇ ਰੱਖੇ ਹੋਏ ਸਨ। ਵਿਅਕਤੀ ਦੀ ਪਛਾਣ ਸੁਰਿੰਦਰ ਸਿੰਘ ਉਰਫ਼ ਛਿੰਦਾ ਵਜੋਂ ਹੋਈ ਹੈ। ਜੋ ਵਿਭਾਗ ਨੂੰ ਵੱਢੀ ਖੈਰ ਦੀ ਲੱਕੜ ਸਬੰਧੀ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਜੰਗਲਾਤ ਵਿਭਾਗ ਨੇ ਖੈਰ ਦੇ ਮੋਛੇ ਆਪਣੇ ਕਬਜ਼ੇ ‘ਚ ਲੈ ਲਏ ਹਨ। ਵਣ ਗਾਰਡ ਪੰਨਾ ਲਾਲ ਨੇ ਦੱਸਿਆ ਕਿ ਸੁਰਿੰਦਰ ਸਿੰਘ ਉਰਫ਼ ਛਿੰਦਾ ਨੂੰ ਸੋਮਵਾਰ ਤੱਕ ਸਬੰਧਤ ਦਸਤਾਵੇਜ਼ ਤਲਵਾੜਾ ਦਫ਼ਤਰ ‘ਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਦਸਤਾਵੇਜ਼ ਪੇਸ਼ ਨਾ ਕਰਨ ਦੀ ਸੂਰਤ ‘ਚ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਤਲਵਾੜਾ ਖ਼ੇਤਰ ‘ਚ ਵੱਡੇ ਪੱਧਰ ’ਤੇ ਖ਼ੈਰ ਦੀ ਲੱਕੜ ਦੀ ਤਸਕਰੀ ਪਿਛਲੇ ਲੰਮੇ ਅਰਸੇ ਤੋਂ ਚੱਲ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਤੇ ਹੁਣ ਦੀ ਨਵੀਂ ਬਣੀ ਸਰਕਾਰ ਵਿੱਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ । ਸਰਕਾਰ ਤੇ ਪ੍ਰਸ਼ਾਸਨ ਨੇ ਚੁੱਪੀ ਧਾਰੀ ਹੋਈ ਹੈ। ਕੰਢੀ ਖ਼ੇਤਰ ‘ਚ ਆਰਾ ਮਿੱਲਾਂ ਦੇ ਨਾਂ ’ਤੇ ਚੱਲਦੀਆਂ ਰਸੂਖਦਾਰਾਂ ਦੀਆਂ ਕੱਥਾ ਫੈਕਟਰੀਆਂ ਚਰਚਾ ਦਾ ਵਿਸ਼ਾ ਵੀ ਬਣੀਆਂ ਰਹੀਆਂ।