ਹੁਸ਼ਿਆਰਪੁਰ, 16 ਜੁਲਾਈ (ਰਾਜਪੂਤ)- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਦਰਬਾਰਾ ਸਿੰਘ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਵਿਸ਼ਵ ਹੁਨਰ ਦਿਵਸ ’ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਚ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਰੋਜ਼ਗਾਰ ਮੇਲੇ ਵਿਚ ਭਾਰਤ ਫਾਇਨਾਂਸ ਮਾਰਕੀਟਿੰਗ ਲਿਮ:, ਹੀਰੋ ਇਲੈਕਟ੍ਰੀਕਲ, ਟੈਕ ਮਹਿੰਦਰਾ (ਐਸ.ਆਰ.ਏ.), ਰਿਲਾਇੰਸ ਮਾਲ, ਐਸ.ਬੀ.ਆਈ. ਕਾਰਡ ਤੇ ਪੀ.ਐਨ.ਬੀ. ਮੈਟ ਲਾਈਫ ਇੰਸ਼ੋਰੈਂਸ ਆਦਿ ਨਾਮੀ ਕੰਪਨੀਆਂ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਮੇਲੇ ਵਿਚ 200 ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਕੰਪਨੀਆਂ ਵਲੋਂ 64 ਨੌਜਵਾਨਾਂ ਦੀ ਮੌਕੇ ’ਤੇ ਚੋਣ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬੇਹਤਰ ਮੌਕੇ ਮੁਹੱਈਆ ਕਰਵਾਉਣ ਲਈ ਲਗਾਤਾਰ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਗੁਰਮੇਲ ਸਿੰਘ, ਬੀ.ਐਮ.ਐਮ. ਮਹਿੰਦਰ ਸਿੰਘ ਰਾਣਾ, ਪਲੇਸਮੈਂਟ ਇੰਚਾਰਜ ਰਮਨ ਭਾਰਤੀ ਤੇ ਮੋਬਲਾਈਜ਼ਰ ਸੁਨੀਲ ਕੁਮਾਰ ਵੀ ਮੌਜੂਦ ਸਨ।