ਹੁਸ਼ਿਆਰਪੁਰ, 13 ਜੁਲਾਈ (ਰਾਜਪੂਤ)- ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਮਿਲ ਕੇ ਉਪਰਾਲੇ ਕਰਨਗੀਆਂ, ਤਾਂ ਜੋ ਲੋਕਾਂ ਨੂੰ ਇਕ ਸ਼ੁੱਧ ਵਾਤਾਵਰਣ ਪ੍ਰਦਾਨ ਕੀਤਾ ਜਾ ਸਕੇ। ਉਹ ਅੱਜ ਗੁਰੂ ਨਾਨਕ ਐਜੂਕੇਸ਼ਨਲ ਟਰੱਸਟ ਵਲੋਂ ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਵਿਖੇ ਸਥਾਪਿਤ ਕੀਤੇ ਗਏ ਗੁਰੂ ਪਵਿੱਤਰ ਜੰਗਲ ਵਿਚ ਪੌਦੇ ਲਗਾਉਣ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨਲ ਟਰੱਸਟ ਵਲੋਂ ਜੋ ਪਵਿੱਤਰ ਜੰਗਲ ਸਥਾਪਿਤ ਕਰਕੇ ਇਸ ਦੇ ਵਿਸਥਾਰ ਕਰਨ ਲਈ ਫ਼ਲਾਂ ਵਾਲੇ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਹ ਸ਼ਲਾਘਾਯੋਗ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨਲ ਟਰੱਸਟ ਵਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਾਖਰ ਕਰਨ ਲਈ ਜੋ ਯਤਨ ਕੀਤੇ ਜਾ ਰਹੇ ਹਨ, ਸਹੀ ਅਰਥਾਂ ਵਿਚ ਇਹ ਸੱਚੀ ਸਮਾਜ ਸੇਵਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੰਗਲਾਂ ਤਹਿਤ ਘੱਟ ਹੋ ਰਹੀ ਜ਼ਮੀਨ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਵਲੋਂ ਵੱਡੇ ਪੱਧਰ ’ਤੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਤਾਂ ਜੋ ਸੂਬੇ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ।
ਸ੍ਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਸਿਗਲੀਗਰ ਬਸਤੀ ਦਾ ਵੀ ਦੌਰਾ ਕੀਤਾ ਗਿਆ,ਜਿਥੇ ਲੋਕ ਝੁੱਗੀਆਂ ਵਿਚ ਰਹਿ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ’ਤੇ ਜੀ.ਓ.ਜੀਜ਼ ਦੇ ਵਲੰਟੀਅਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪ੍ਰੀਤ ਨਗਰ ਵਿਚ ਵੀ ਪੌਦੇ ਲਗਾਏ ਗਏ।
ਟਰੱਸਟ ਦੇ ਪ੍ਰਧਾਨ ਡਾ. ਬਹਾਦਰ ਸਿੰਘ ਸੁਨੇਤ ਨੇ ਵਾਤਾਵਰਣ ਨੂੰ ਬਚਾਉਣ ਲਈ ਸਮੂਹ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸੰਗਠਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਛੋਟੇ-ਛੋਟੇ ਘਣੇ ਜੰਗਲ ਸਥਾਪਿਤ ਕਰਨ ਦੀ ਜ਼ਰੂਰਤ ਹੈ, ਤਾਂ ਜੋ ਵਾਤਾਵਰਣ ਦਾ ਸੰਤੁਲਨ ਬਰਕਰਾਰ ਰਹਿ ਸਕੇ। ਇਸ ਮੌਕੇ ਜਸਵੀਰ ਸਿੰਘ, ਸ੍ਰੀ ਬਲਜੀਤ ਸਿੰਘ ਪਨੇਸਰ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀਮਤੀ ਜਤਿੰਦਰ ਕੌਰ, ਸ੍ਰੀ ਓਂਕਾਰ ਸਿੰਘ ਧਾਮੀ, ਸ੍ਰੀ ਅਜੇ ਮੋਹਨ ਬੱਬੀ, ਸ੍ਰੀਮਤੀ ਸੰਤੋਸ਼ ਸੈਣੀ, ਸ੍ਰੀਮਤੀ ਮਨਦੀਪ ਕੌਰ, ਸ੍ਰੀ ਮਨਜੋਤ ਕੌਰ, ਡਾ. ਸਰਬਜੀਤ ਸਿੰਘ ਮਾਨਕੂ, ਸ੍ਰੀ ਹਰਭਗਤ ਸਿੰਘ ਤੁਲੀ, ਸ੍ਰੀ ਹਰਵਿੰਦਰ ਸਿੰਘ, ਸ੍ਰੀ ਮੁਖੀ ਰਾਮ, ਸ੍ਰੀ ਤੀਰਥ ਰਾਮ, ਸ਼੍ਰੀ ਵਿਜੇ ਕੁਮਾਰ, ਪ੍ਰਿੰਸੀਪਲ ਅਵਨਿੰਦਰ ਕੌਰ, ਪ੍ਰਧਾਨ ਸਿੰਘ, ਪੰਚ ਮਹਿੰਦਰ ਸਿੰਘ, ਜੋਗਿੰਦਰ ਸਿੰਘ ਤੋਂ ਇਲਾਵਾ ਜੀ.ਓ.ਜੀਜ਼ ਵੀ ਮੌਜੂਦ ਸਨ।