ਸ਼੍ਰੀ ਲੰਕਾ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸਰਕਾਰੀ ਘਰ ਉੱਪਰ ਸ਼ਨੀਵਾਰ ਨੂੰ ਕਬਜ਼ਾ ਕਰਨ ਤੋਂ ਬਾਅਦ ਕੁਝ ਮਿੰਟਾਂ ਲਈ ਸ਼ਾਹੀ ਜ਼ਿੰਦਗੀ ਦਾ ਅਨੰਦ ਲਿਆ ਗਿਆ।
ਪੱਤਰਕਾਰ ਵੱਲੋਂ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਦਾ ਜਾਇਜ਼ਾ ਲਿਆ ਗਿਆ ਜਿਸ ਦੀ ਖਾਸ ਜਾਣਕਾਰੀ ਦੇ ਕੁਝ ਦਿਲਚਸਪ ਦ੍ਰਿਸ਼ ਉਨ੍ਹਾਂ ਨੇ ਬਿਆਨ ਕੀਤੇ ਹਨ।
ਸੈਕੜੇ ਲੋਕਾਂ ਨੇ ਸਵੀਮਿੰਗ ਪੂਲ ਵਿੱਚ ਛਾਲਾਂ ਮਾਰੀਆਂ ਅਤੇ ਇਸ ਵਿੱਚ ਨਹਾਏ ਵੀ।
ਮਹਿਲ ਦੇ ਕੋਲ ਇੱਕ ਵੱਡਾ ਸਵੀਮਿੰਗ ਪੂਲ ਵੀ ਹੈ। ਇਸ ਸਵੀਮਿੰਗ ਪੂਲ ਦੀ ਵਰਤੋਂ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਖਾਸ ਤੌਰ ‘ਤੇ ਕੀਤੀ ਜਾਂਦੀ ਸੀ। ਇੱਕ-ਇੱਕ ਕਰਕੇ ਪ੍ਰਦਰਸ਼ਨਕਾਰੀ ਆਉਂਦੇ ਰਹੇ ਅਤੇ ਜਾਂਦੇ ਰਹੇ। ਉਨ੍ਹਾਂ ਨੇ ਰਾਸ਼ਟਰਪਤੀ ਦੀ ਆਲੀਸ਼ਾਨ ਜ਼ਿੰਦਗੀ ਦਾ ਤਜਰਬਾ ਕੀਤਾ ਜਿੱਥੇ ਉਹ ਵੱਡੀਆਂ ਸਹੂਲਤਾਂ ਨਾਲ ਰਹਿ ਰਹੇ ਸਨ।
ਐਨਾ ਹੀ ਨਹੀਂ ਪ੍ਰਦਰਸ਼ਨਕਾਰੀ ਭਾਰੀ ਸੁਰੱਖਿਆ ਵਾਲੇ ‘ਰਾਸ਼ਟਰਪਤੀ ਮਹਿਲ’ ਦੇ ਲਗਭਗ ਹਰ ਕਮਰੇ ਵਿੱਚ ਦਾਖਲ ਹੋ ਗਏ ਸਨ। ਲੋਕ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰਕੇ ਸਵੇਰ ਤੱਕ (11 ਜੁਲਾਈ) ਵੀ ਉੱਥੇ ਹੀ ਸਨ।
ਇਹ ਪਤਾ ਲੱਗਾ ਹੈ ਕਿ ਜਿਸ ਸ਼ਖ਼ਸ ਨੇ ਸਭ ਤੋਂ ‘ਮਹਿਲ’ ਦੇ ਐਂਟਰੀ ਗੇਟ ‘ਤੇ ਛਾਲ ਮਾਰੀ ਸੀ, ਉਹ ਇੱਕ ਤਮਿਲ ਨੌਜਵਾਨ ਸੀ। ਇਸ ਸ਼ਖ਼ਸ ਦੇ ਪਿੱਛੇ-ਪਿੱਛੇ ਹੋਰ ਵੀ ਲੋਕ ‘ਮਹਿਲ’ ਦੇ ਅੰਦਰ ਦਾਖ਼ਲ ਹੋ ਗਏ।
ਸ਼੍ਰੀ ਲੰਕਾ ਦੀ ਆਰਥਿਕ ਸੰਕਟ
- ਲੋਕਾਂ ਵਿੱਚ ਦੇਸ਼ ‘ਚ ਲਗਾਤਾਰ ਵੱਧ ਰਹੀ ਮਹਿੰਗਾਈ, ਖਾਣ ਵਾਲੀ ਚੀਜ਼ਾਂ, ਪਟਰੋਲ ਡੀਜ਼ਲ ਅਤੇ ਦਵਾਈਆਂ ਦੀ ਕਮੀ ਕਾਰਨ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
- ਸ਼ਹਿਰਾਂ ਵਿੱਚ ਈਂਧਨ ਲਈ ਵੱਡੀਆਂ-ਵੱਡੀਆਂ ਕਤਾਰਾਂ ਪੂਰੇ ਉਪਨਗਰਾਂ ਦੇ ਆਲੇ-ਦੁਆਲੇ ਘੁੰਮਦੀਆਂ ਨਜ਼ਰ ਆ ਰਹੀਆਂ ਹਨ।
- ਭੋਜਨ, ਰਸੋਈ ਗੈਸ, ਕੱਪੜਿਆਂ, ਟਰਾਂਸਪੋਰਟ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਸਨ।
- ਇੱਥੇ ਕਿਸੇ ਸਮੇਂ ਤਾਜ਼ੀ ਮੱਛੀ ਭਰਪੂਰ ਮਿਲਦੀ ਸੀ। ਪਰ ਹੁਣ ਕਿਸ਼ਤੀਆਂ ਸਮੁੰਦਰ ਵਿੱਚ ਨਹੀਂ ਜਾ ਸਕਦੀਆਂ ਕਿਉਂਕਿ ਡੀਜ਼ਲ ਨਹੀਂ ਹੈ।
- ਜ਼ਿਆਦਾਤਰ ਬੱਚਿਆਂ ਨੂੰ ਹੁਣ ਲਗਭਗ ਬਿਨਾਂ ਪ੍ਰੋਟੀਨ ਵਾਲੀ ਖੁਰਾਕ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਰਾਸ਼ਟਰਪਤੀ ਭਵਨ ਅੰਦਰ ਦਾਖ਼ਲ ਲੋਕਾਂ ਨੇ ਸਭ ਤੋਂ ਪਹਿਲਾਂ ਉੱਥੇ ਮੌਜੂਦ ਸਾਮਾਨ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਇਹ ਮੌਜੂਦਾ ਪ੍ਰਦਰਸ਼ਨ ਕੋਲੰਬੋ ਦੇ ਬੋਧੀ ਭਿਕਸ਼ੂਆਂ, ਈਸਾਈ ਅਤੇ ਮੁਸਲਮਾਨਾਂ ਸਮੇਤ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਚਲਾਏ ਜਾ ਰਹੇ ਹਨ। ਕੁਝ ਲੋਕਾਂ ਨੇ ਰਾਸ਼ਟਰਪਤੀ ਭਵਨ ਵਿੱਚ ਚੀਜ਼ਾਂ ਦੀ ਭੰਨਤੋੜ ਕਰਨ ਵਾਲਿਆਂ ਦੀ ਨਿੰਦਾ ਵੀ ਕੀਤੀ ਅਤੇ ਉਨ੍ਹਾਂ ਨੂੰ ਜਨਤਕ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਚੇਤਾਵਨੀ ਦਿੱਤੀ।
ਇਸ ਪ੍ਰਦਰਸ਼ਨ ਦੌਰਾਨ ਧਾਰਮਿਕ ਆਗੂਆਂ ਨੇ ਰਾਸ਼ਟਰਪਤੀ ਭਵਨ ਵਿੱਚ ਵਸਤੂਆਂ ਨੂੰ ਵੇਖਣ ਅਤੇ ਆਨੰਦ ਲੈਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਬਾਹਰ ਜਾਣ ਅਤੇ ਦੂਜਿਆਂ ਨੂੰ ਇਸ ਮੌਕੇ ਦਾ ਆਨੰਦ ਮਾਨਣ ਦੇਣ ਦੀ ਗੱਲ ਆਖੀ। ਪ੍ਰਦਰਸ਼ਨਕਾਰੀ ਭਵਨ ਦੇ ਇੱਕ-ਇੱਕ ਕਮਰੇ ਵਿੱਚ ਗਏ। ਲੋਕ ਰਸੋਈ ਵਿੱਚ ਗਏ ਅਤੇ ਉੱਥੇ ਬਚਿਆ ਹੋਇਆ ਖਾਣਾ ਖਾ ਗਏ। ਇਹ ਭੋਜਨ ਇੱਕ ਦਿਨ ਪਹਿਲਾਂ ਪਕਾਇਆ ਗਿਆ ਸੀ। ਕੁਝ ਲੋਕਾਂ ਨੇ ਫਰਿੱਜ ਵਿੱਚੋਂ ਜੂਸ ਅਤੇ ਸ਼ਰਾਬ ਵਰਗੀਆਂ ਚੀਜ਼ਾਂ ਵੀ ਪੀ ਲਈਆਂ।
ਪ੍ਰਦਰਸ਼ਨਕਾਰੀਆਂ ਦਾ ਇੱਕ ਗਰੁੱਪ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵਰਤੇ ਜਾਣ ਵਾਲੇ ਕਮਰੇ ਵਿੱਚ ਚਲੇ ਗਏ ਸਨ। ਕੁਝ ਲੋਕ ਹੈਰਾਨ ਰਹਿ ਗਏ ਕਿ ਕਮਰੇ ਨੂੰ ਏਅਰ ਕੰਡੀਸ਼ਨ ਨਾਲ ਲੱਦਿਆ ਹੋਇਆ ਸੀ। ਲੋਕ ਟਾਇਲਟ ਵਿੱਚ ਪਿਸ਼ਾਬ ਕਰਨ ਵੀ ਚਲੇ ਗਏ। ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਬਾਥਰੂਮ ਇੱਕ ਵਿਸ਼ਾਲ ਕਮਰੇ ਵਰਗਾ ਸੀ। ਇਸ ਦੌਰਾਨ ਲੋਕ ਰਾਸ਼ਟਰਪਤੀ ਦੇ ਕਮਰੇ ਵਿੱਚ ਵੀ ਚਲੇ ਗਏ ਅਤੇ ਉਥੇ ਕੱਪਬੋਰਡ ਖੋਲ੍ਹਣ ਲੱਗੇ। ਉਹ ਕੋਟ ਪਾ ਕੇ ਫੋਟੋਆਂ ਖਿਚਵਾਉਣ ਲੱਗੇ।
ਅੱਧੀ ਰਾਤ ਲੋਕਾਂ ਵੱਲੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਪਟਾਕੇ ਵੀ ਚਲਾਏ ਗਏ। ਕੁਝ ਲੋਕਾਂ ਵੱਲੋਂ ਗਾਣੇ ਵੀ ਗਾਏ ਗਏ ਅਤੇ ਭੰਗੜੇ ਪਾਏ ਗਏ।
ਹੁਣ ਤੱਕ ਸ਼੍ਰੀਲੰਕਾ ਵਿੱਚ ਕੀ-ਕੀ ਹੋਇਆ ਹੈ
- ਸ਼ਨੀਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਕੋਲੰਬੋ ਵਿੱਚ ਸਥਿਤ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸਰਕਾਰੀ ਅਵਾਸ ਵਿੱਚ ਵੜ ਗਏ।
- ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਹਵਾਈ ਫਾਇਰ ਕੀਤੇ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ, ਕਈਆਂ ਨੂੰ ਹਸਪਤਾਲ ਵੀ ਭਰਤੀ ਕਰਵਾਉਣਾ ਪਿਆ।
- ਵੱਡੀ ਗਿਣਤੀ ਵਿੱਚ ਲੋਕ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਦੇ ਘਰ ਵੀ ਵੜ ਗਏ ਤੇ ਉੱਥੇ ਅੱਗ ਲਗਾ ਦਿੱਤੀ।
- ਸਿਆਸੀ ਪਾਰਟੀਆਂ ਦੀ ਐਮਰਜੈਂਸੀ ਮੀਟਿੰਗ ਸੱਦੀ ਤੇ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੂੰ ਸਰਬਸੰਮਤੀ ਨਾਲ ਅਸਥਾਈ ਰਾਸ਼ਟਰਪਤੀ ਐਲਾਨਿਆ ਗਿਆ।
- ਮੌਜੂਦਾ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਹੁਣ ਅਸਤੀਫ਼ਾ ਦੇਣਗੇ।
- ਇਸ ਤੋਂ ਪਹਿਲਾਂ ਮਈ ਮਹੀਨੇ ਇਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਸਤੀਫਾ ਦਿੱਤਾ ਸੀ।
- ਸੰਕਟ ਪੈਦਾ ਹੋਣ ਬਾਅਦ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦੇਸ਼ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
- ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਲਗਾਤਾਰ ਹੁੰਦੇ ਰਹੇ।
- ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਪਾਬੰਦੀ ਲਗਾਈ ਗਈ ਤੇ ਕਰਫਿਊ ਵੀ ਲਗਾਇਆ ਜਾਂਦਾ ਰਿਹਾ।
- 31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿੱਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਕਈ ਗੱਡੀਆਂ ਦੀ ਸਾੜ-ਫੂਕ ਵੀ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।