ਵਿਸ਼ੇਸ਼ ਰਿਪੋਰਟ
ਹੁਸ਼ਿਆਰਪੁਰ, 12 ਜੁਲਾਈ (ਰਾਜਪੂਤ)-
ਤੁਹਾਨੂੰ ਉਹ ਕਹਾਣੀ ਯਾਦ ਹੀ ਹੋਵੇਗੀ ਕਿ 1857 ‘ਚ ਪੰਜਾਬ ‘ਚ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨ ਵਾਲੇ ਅਹਿਮਦ ਖ਼ਾਨ ਖਰਲ ਨੂੰ ਕਤਲ ਕਰ ਦਿੱਤਾ ਗਿਆ ਸੀ ।
ਉਨ੍ਹਾਂ ਦੇ ਕੁਝ ਸਾਥੀਆਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਗਿਆ ਸੀ, ਕੁਝ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ ਅਤੇ ਬਾਕੀਆਂ ਨੂੰ ‘ਕਾਲਾ ਪਾਣੀ’ ਭੇਜ ਦਿੱਤਾ ਗਿਆ ਸੀ। ਉਪ- ਮਹਾਂਦੀਪ ‘ਚ ਆਮ ਤੌਰ ‘ਤੇ ਦੂਰ ਦੁਰਾਡੇ ਵਾਲੀਆਂ ਥਾਵਾਂ ਲਈ ‘ਕਾਲਾ ਪਾਣੀ’ ਸ਼ਬਦ ਵਰਤਿਆ ਜਾਂਦਾ ਹੈ। ਮੁਹਾਵਰੇ ‘ਚ ਲੰਮੀ ਦੂਰੀ ਦੇ ਲਈ ‘ਕਾਲੇ ਕੋਸ’ ਵਰਗੇ ਸ਼ਬਦ ਬਹੁਤ ਪਹਿਲਾਂ ਤੋਂ ਪ੍ਰਚਲਿਤ ਹਨ। ਪ੍ਰਾਚੀਨ ਭਾਰਤੀ ਮਾਨਤਾ ਇਹ ਸੀ ਕਿ ਦੇਸ਼ ਤੋਂ ਦੂਰ ਸਮੁੰਦਰ ਪਾਰ ਕਰਦੇ ਸਮੇਂ ਕੋਈ ਵੀ ਵਿਅਕਤੀ ‘ਪਵਿੱਤਰ ਗੰਗਾ’ ਤੋਂ ਵੱਖ ਹੋਣ ਦੇ ਕਾਰਨ ਆਪਣੀ ਜਾਤੀ ਤੋਂ ਵਾਂਝਾ ਹੋ ਜਾਵੇਗਾ ਅਤੇ ਸਮਾਜ ਤੋਂ ਵੱਖ ਜਾਂ ਕੱਟਿਆ ਜਾਵੇਗਾ। ਰਾਜਨੀਤਿਕ ਅਰਥਾਂ ‘ਚ ਕਾਲਾ ਪਾਣੀ ਤੋਂ ਭਾਵ ਹਿੰਦ ਮਹਾਸਾਗਰ ‘ਚ ਉਨ੍ਹਾਂ ਟਾਪੂਆਂ ਤੋਂ ਹੈ, ਜਿੱਥੇ ਅੰਗਰੇਜ਼ੀ ਹਕੂਮਤ ਕੈਦੀਆਂ ਨੂੰ ਦੇਸ਼ ਨਿਕਾਲਾ ਦਿੰਦੀ ਸੀ।
ਹਜ਼ਾਰਾਂ ਟਾਪੂਆਂ ਦਾ ਦੀਪ ਸਮੂਹ ‘ਅੰਡਮਾਨ ਅਤੇ ਨਿਕੋਬਾਰ’
ਕਲਕੱਤੇ (ਅਜੋਕਾ ਕੋਲਕਾਤਾ) ਤੋਂ 780 ਮੀਲ ਦੱਖਣ ‘ਚ ਲਗਭਗ ਇੱਕ ਹਜ਼ਾਰ ਛੋਟੇ ਅਤੇ ਵੱਡੇ ਟਾਪੂਆਂ ਦੇ ਸਮੂਹ ਨੂੰ ‘ਅੰਡਮਾਨ ਅਤੇ ਨਿਕੋਬਾਰ’ ਕਿਹਾ ਜਾਂਦਾ ਸੀ ਅਤੇ ਰਾਜਧਾਨੀ ਦਾ ਨਾਮ ‘ਪੋਰਟ ਬਲੇਅਰ’ ਰੱਖਿਆ ਗਿਆ ਸੀ।
ਇਤਿਹਾਸਕਾਰ ਅਤੇ ਖੋਜਕਾਰ ਵਸੀਮ ਅਹਿਮਦ ਸਈਦ ਆਪਣੀ ਖੋਜ ‘ਕਾਲਾ ਪਾਣੀ: 1857 ਦੇ ਗੁਮਨਾਮ ਸੁਤੰਤਰਤਾ ਸੈਨਾਨੀ’ ‘ਚ ਲਿਖਦੇ ਹਨ, “ਅੰਗਰੇਜ਼ਾਂ ਨੇ ਇੱਥੇ ਆਪਣਾ ਝੰਡਾ ਲਹਿਰਾਉਣ ਤੋਂ ਇਲਾਵਾ ਕੈਦੀਆਂ ਦੀ ਬਸਤੀ ਅਤੇ ਹੋਰ ਬਸਤੀਆਂ (ਉਪਨਿਵੇਸ਼) ਬਣਾਉਣ ਦਾ ਪਹਿਲਾ ਯਤਨ 1789 ‘ਚ ਕੀਤਾ ਸੀ ਪਰ ਇਹ ਅਸਫਲ ਰਿਹਾ ਸੀ। ਫਿਰ ਜਦੋਂ 1857 ਦਾ ਹੰਗਾਮਾ ਹੋਇਆ ਤਾਂ ਕ੍ਰਾਂਤੀਕਾਰੀਆਂ ਦੀਆਂ ਜਾਨਾਂ ਫਾਂਸੀ, ਗੋਲੀਆਂ ਅਤੇ ਤੋਪਾਂ ਨਾਲ ਲਈਆਂ ਗਈਆਂ ਸਨ।” “ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਪਰ ਕਿਸੇ ਦੂਰ ਦਰਾਡੇ ਵਾਲੀ ਜਗ੍ਹਾ ‘ਤੇ ਸਜ਼ਾ ਦੇਣ ਲਈ ਬਸਤੀ ਜਾਂ ਕੈਦੀਆਂ ਦੀ ਕਾਲੋਨੀ ਦੀ ਲੋੜ ਮਹਿਸੂਸ ਹੋਈ ਤਾਂ ਜੋ ਅੰਗਰੇਜ਼ਾਂ ਨਾਲ ਬਗ਼ਾਵਤ ਕਰ ਚੁੱਕੇ ਲੋਕ ਮੁੜ ਬਗ਼ਾਵਤੀ ਰੁਖ਼ ਨਾ ਅਪਣਾ ਲੈਣ ਜਾਂ ਵਿਰੋਧ ਨਾ ਕਰ ਸਕਣ। ਉਨ੍ਹਾਂ ਦੀ ਨਜ਼ਰ ਅੰਡਮਾਨ ਟਾਪੂ ‘ਤੇ ਹੀ ਗਈ।” ਇਹ ਟਾਪੂ ਪੂਰੀ ਤਰ੍ਹਾਂ ਨਾਲ ਚਿੱਕੜ ਨਾਲ ਭਰੇ ਹੋਏ ਸਨ। ਇੱਥੇ ਮੱਛਰਾਂ, ਖ਼ਤਰਨਾਕ ਸੱਪਾਂ, ਬਿੱਛੂਆਂ ਅਤੇ ਅਣਗਿਣਤ ਕਿਸਮਾਂ ਦੇ ਜ਼ਹਿਰੀਲੇ ਕੀੜੇ ਮੌਕੋੜਿਆਂ ਦੀ ਭਰਮਾਰ ਸੀ।
1858 ‘ਚ ਕੈਦੀਆਂ ਪਹਿਲਾ ਜੱਥਾ ਇੱਥੇ ਪਹੁੰਚਿਆ ਸੀ
ਮਿਲਟਰੀ ਡਾਕਟਰ ਅਤੇ ਆਗਰਾ ਜੇਲ੍ਹ ਦੇ ਵਾਰਡਨ ਜੇ ਪੀ ਵਾਕਰ ਅਤੇ ਜੇਲਰ ਡੇਵਿਡ ਬੇਰੀ ਦੀ ਨਿਗਰਾਨੀ ਹੇਠ ‘ਬਾਗ਼ੀਆਂ’ ਦਾ ਪਹਿਲਾ ਜੱਥਾ 10 ਮਾਰਚ, 1858 ਨੂੰ ਇੱਕ ਛੋਟੇ ਜੰਗੀ ਜਹਾਜ਼ ਰਾਹੀਂ ਇੱਥੇ ਪਹੁੰਚਿਆ ਸੀ। ਖਰਲ ਦੇ ਸਾਥੀਆਂ ਨੂੰ ਸੰਭਾਵਿਤ ਤੌਰ ‘ਤੇ ਇਸੇ ਜੰਗੀ ਜਹਾਜ਼ ਰਾਹੀਂ ਲਿਜਾਇਆ ਗਿਆ ਹੋਵੇਗਾ। ਫਿਰ ਕਰਾਚੀ ਤੋਂ 733 ਕੈਦੀ ਲਿਆਂਦੇ ਗਏ ਅਤੇ ਫਿਰ ਇਹ ਸਿਲਸਿਲਾ ਬਾਦਸਤੂਰ ਜਾਰੀ ਰਿਹਾ।
ਸਈਦ ਲਿਖਦੇ ਹਨ, ” ਕਾਲਾ ਪਾਣੀ ਇੱਕ ਅਜਿਹੀ ਜੇਲ੍ਹ ਸੀ, ਜਿਸ ਦੀਆਂ ਕੰਧਾਂ ਅਤੇ ਦਰਵਾਜ਼ੇ ਵੀ ਨਹੀਂ ਸਨ। ਜੇਕਰ ਚਾਰਦੀਵਾਰੀ ਜਾਂ ਬਾਊਂਡਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਸੀ ਸਮੁੰਦਰ ਦਾ ਕਿਨਾਰਾ ਅਤੇ ਜੇਲ੍ਹ ਦੇ ਵਰਾਂਡੇ ਦੀ ਗੱਲ ਕੀਤੀ ਜਾਵੇ ਤਾਂ ਉਹ ਸੀ ਉਛਾਲਾਂ ਮਾਰਦਾ ਸਮੁੰਦਰ ਦਾ ਪਾਣੀ।
ਕੈਦੀ ਕੈਦ ਹੋਣ ਦੇ ਬਾਵਜੂਦ ਵੀ ਆਜ਼ਾਦ ਸਨ, ਪਰ ਉੱਥੋਂ ਭੱਜਣ ਦੇ ਸਾਰੇ ਰਸਤੇ ਬੰਦ ਸਨ ਅਤੇ ਹਵਾਵਾਂ ਜ਼ਹਿਰੀਲੀਆਂ ਸਨ।
“ਜਦੋਂ ਕੈਦੀਆਂ ਦਾ ਪਹਿਲਾ ਜੱਥਾ ਉੱਥੇ ਪਹੁੰਚਿਆ ਤਾਂ ਉਨ੍ਹਾਂ ਦੇ ਸਵਾਗਤ ਲਈ ਸਿਰਫ ਪੱਥਰੀਲੀ ਅਤੇ ਬੇਜ਼ਾਨ ਜ਼ਮੀਨ, ਸੰਘਣੇ ਅਤੇ ਅਸਮਾਨ ਛੂਹਣ ਵਾਲੇ ਰੁੱਖਾਂ ਵਾਲੇ ਅਜਿਹੇ ਜੰਗਲ ਸਨ, ਜਿੰਨ੍ਹਾਂ ‘ਚੋਂ ਸੂਰਜ ਦੀਆਂ ਕਿਰਨਾਂ ਧਰਤੀ ‘ਤੇ ਰੱਤੀ ਜਿੰਨ੍ਹੀਆਂ ਵੀ ਨਹੀਂ ਪਹੁੰਚ ਸਕਦੀਆਂ ਸਨ। ਖੁੱਲ੍ਹਾ ਨੀਲਾ ਆਸਮਾਨ, ਜ਼ਹਿਰੀਲੀ ਹਵਾ, ਪਾਣੀ ਦਾ ਗੰਭੀਰ ਸੰਕਟ ਅਤੇ ਦੁਸ਼ਮਣੀ ਨਜ਼ਰੀਆ ਰੱਖਣ ਵਾਲੇ ਕਬੀਲੇ।”
ਦਿੱਲੀ ਦੇ ਇਸ ਖੋਜੀ ਅਨੁਸਾਰ ਅੰਡੇਮਾਨ ਨੂੰ ਹੀ ਭਾਰਤ ਦੀ ਆਜ਼ਾਦੀ ਦੀ ਜੰਗ ਦਾ ‘ਬਲੀਦਾਨ’ ਦੇਣ ਦੀ ਥਾਂ ਕਰਾਰ ਦਿੱਤਾ ਜਾਣਾ ਚਾਹੀਦਾ ਹੈ।
ਫਿਰੰਗੀਆਂ, ਉਨ੍ਹਾਂ ਦੇ ਅਹੁਦੇਦਾਰਾਂ, ਮੁਲਾਜ਼ਮਾਂ ਅਤੇ ਅਮਲੇ ਦੇ ਦੂਜੇ ਮੈਂਬਰਾਂ ਲਈ ਤਾਂ ਟੈਂਟ/ ਤੰਬੂ ਲਗਾਏ ਗਏ ਸਨ ਪਰ ਕੈਦੀਆਂ ਨੂੰ ਝੁੱਗੀ- ਝੌਂਪੜੀਆਂ ਅਤੇ ਤਬੇਲੇ ਵਰਗੀਆਂ ਥਾਵਾਂ ਵੀ ਬਹੁਤ ਦੇਰ ਨਾਲ ਨਸੀਬ ਹੋਈਆਂ ਸਨ। ਉੱਥੇ ਰਹਿਣ ਲਈ ਮੁੱਢਲੀ ਸਹੂਲਤਾਂ ਦੀ ਵੀ ਘਾਟ ਸੀ।
ਨਰਕ ਵਰਗੇ ਹਾਲਾਤ
ਝੌਂਪੜੀਆਂ ਦੀ ਇਹ ਸਥਿਤੀ ਸੀ ਕਿ ਮੀਂਹ ਦੌਰਾਨ ਅੰਦਰ ਅਤੇ ਬਾਹਰ ਦਾ ਹਾਲ ਇਕੋ ਜਿਹਾ ਹੁੰਦਾ ਸੀ। ਕੈਦੀਆਂ ਦਾ ਸਾਰਾ ਦਿਨ ਸਖ਼ਤ ਕੈਦ ਦੇ ਕਾਰਨ ਅਣਥੱਕ ਮਿਹਨਤ ਕਰਨਾ, ਜ਼ੁਲਮ ਅਤੇ ਹਿੰਸਾ ਦਾ ਸ਼ਿਕਾਰ ਹੋਣਾ ਸੀ। ਬਹੁਤ ਹੀ ਘਟੀਆ ਭੋਜਨ ਨਾਲ ਸੰਤੁਸ਼ਟ ਹੋ ਕੇ ਲਗਾਤਾਰ ਮੌਤ ਦੇ ਲਈ ਜ਼ਿੰਦਾ ਰਹਿਣਾ ਹੀ ਕੈਦੀਆਂ ਦੀ ਕਿਸਮਤ ਬਣ ਗਈ ਸੀ। ਲਿਹਾਜ਼ਾ ਹਰ ਕੈਦੀ ਮੌਤ ਲਈ ਅਰਦਾਸਾਂ ਕਰਦਾ ਸੀ ਕਿਉਂਕਿ ਇੰਨ੍ਹਾਂ ਮੁਸੀਬਤਾਂ ‘ਚੋਂ ਨਿਕਲਣ ਦਾ ਇੱਕੋ ਇੱਕ ਰਾਹ ਸਿਰਫ ‘ਮੌਤ’ ਹੀ ਸੀ।” ਮਜ਼ਹਬੀ ਆਲਿਮ, ਗ਼ਾਲਿਬ ਦੇ ਸਮਕਾਲੀ ਅਤੇ ਮਿੱਤਰ ਅੱਲਾਮਾ ਫਜ਼ਲ-ਏ-ਹੱਕ ਖ਼ੈਰਾਬਾਦੀ 1857 ਦੇ ਆਜ਼ਾਦੀ ਸੰਗਰਾਮ ਦੇ ਆਗੂ ਸਨ।
ਲੇਖਕ ਸਾਕਿਬ ਸਲੀਮ ਅਨੁਸਾਰ ਉਨ੍ਹਾਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਜਾਮਾ ਮਸਜਿਦ ਤੋਂ ‘ਜੇਹਾਦ’ ਦਾ ਫ਼ਤਵਾ ਦਿੱਤਾ ਸੀ। ਖ਼ੈਰਾਬਾਦੀ ਨੂੰ 4 ਮਾਰਚ 1859 ਨੂੰ ਕਤਲ ਲਈ ਉਕਸਾਉਣ ਅਤੇ ਵਿਦਰੋਹ ਦੇ ਇਲਜ਼ਾਮਾਂ ਹੇਠ ਬਤੌਰ ਸ਼ਾਹੀ ਕੈਦੀ ਵੱਜੋਂ ਉਮਰ ਕੈਦ ਲਈ ਕਾਲਾ ਪਾਣੀ ਅਤੇ ਸਾਰੀ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਸੁਣਾਈ ਗਈ ਸੀ।
ਬਿਮਾਰੀਆਂ ਦਾ ਖ਼ਜ਼ਾਨਾ ਸਨ ਅੰਡਮਾਨ ਦੀਆਂ ਜੇਲ੍ਹਾਂ
ਖ਼ੈਰਾਬਾਦੀ ਨੇ ਆਪਣੀ ਕਿਤਾਬ ‘ਅਸੁਰਤਲਹਿੰਦੀਆ’ ‘ਚ ਕੈਦ ਦੇ ਹਾਲਾਤ ਲਿਖੇ ਹਨ।
‘ਹਰ ਕੋਠੜੀ ‘ਤੇ ਇੱਕ ਕੱਚੀ ਛੱਤ ਸੀ ਜੋ ਕਿ ਦੁੱਖਾਂ ਅਤੇ ਬਿਮਾਰੀਆਂ ਨਾਲ ਭਰੀ ਹੋਈ ਸੀ। ਹਵਾ ਬਦਬੂਦਾਰ ਸੀ ਅਤੇ ਬਿਮਾਰੀਆਂ ਦਾ ਖ਼ਜ਼ਾਨਾ ਸੀ। ਬਿਮਾਰੀਆਂ, ਲਗਾਤਾਰ ਹੋਣ ਵਾਲੀ ਖੁਰਕ ਅਤੇ ਖਾਜ ਵਰਗਾ ਇੱਕ ਹੋਰ ਚਮੜੀ ਦਾ ਰੋਗ, ਜਿਸ ‘ਚ ਚਮੜੀ ਫੱਟਣ ਅਤੇ ਉਤਰਨ ਲੱਗਦੀ ਹੈ, ਆਮ ਸੀ। ਬਿਮਾਰੀ ਦੇ ਇਲਾਜ, ਸਿਹਤ ਦੀ ਸਾਂਭ ਸੰਭਾਲ ਅਤੇ ਜ਼ਖਮਾਂ ਨੂੰ ਭਰਨ ਦਾ ਕੋਈ ਬੰਦੋਬਸਤ ਨਹੀਂ ਸੀ।
ਦੁਨੀਆਂ ਦੀ ਕੋਈ ਵੀ ਮੁਸੀਬਤ ਇੱਥੋਂ ਦੀਆਂ ਦਰਦਨਾਕ ਸਮੱਸਿਆਵਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਸੀ। ਜਦੋਂ ਕਿਸੇ ਕੈਦੀ ਦੀ ਮੌਤ ਹੋ ਜਾਂਦੀ ਤਾਂ ਲਾਸ਼ ਨੂੰ ਚੁੱਕਣ ਵਾਲਾ ਵਿਅਕਤੀ ਮ੍ਰਿਤਕ ਦੀ ਲੱਤ ਫੜ੍ਹ ਕੇ ਉਸ ਨੂੰ ਘਸੀਟਦਾ ਅਤੇ ਬਿਨ੍ਹਾਂ ਇਸ਼ਨਾਨ ਕਰਵਾਏ ਹੀ ਉਸ ਦੇ ਕੱਪੜੇ ਉਤਾਰ ਕੇ ਉਸ ਨੂੰ ਰੇਤ ਦੇ ਢੇਰ ‘ਚ ਦੱਬ ਦਿੰਦਾ। ਨਾ ਹੀ ਉਸ ਦੀ ਕਬਰ ਪੁੱਟੀ ਜਾਂਦੀ ਅਤੇ ਨਾ ਹੀ ਉਸਦਾ ਨਮਾਜ਼-ਏ-ਜਨਾਜ਼ਾ ਪੜ੍ਹਿਆ ਜਾਂਦਾ ਹੈ।” ਸੰਘਣੇ ਜੰਗਲ ‘ਚ ਜੰਜ਼ੀਰਾਂ ਨਾਲ ਬੰਨ੍ਹੇ ਕੈਦੀਆਂ ਨੂੰ ਰਾਸ, ਹੁਲਾਕ ਅਤੇ ਚੈਥਮ ਟਾਪੂਆਂ ‘ਤੇ ਸਖ਼ਤ ਮਿਹਨਤ ਕਰਨ ਦੇ ਹੁਕਮ ਦਿੱਤੇ ਗਏ ਸਨ। ਬੇਅਬਾਦ ਟਾਪੂ ਦੇ ਜੰਗਲ਼ਾਂ ਦੀ ਸਫਾਈ ਦਾ ਸਖ਼ਤ ਕੰਮ ਖੈਰਾਬਾਦੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਜਿੰਮੇ ਆਇਆ ਸੀ।
ਇੱਥੋਂ ਤੱਕ ਕਿ ਰਾਤ ਨੂੰ ਵੀ ਉਨ੍ਹਾਂ ਨੂੰ ਬਿਨ੍ਹਾਂ ਆਬਾਦੀ ਵਾਲੇ ਇਲਾਕਿਆਂ ‘ਚ ਜੰਜ਼ੀਰਾਂ ‘ਚ ਜਕੜ ਕੇ ਰੱਖਿਆ ਜਾਂਦਾ ਸੀ। ਖੈਰਾਬਾਦੀ ਕਹਿੰਦੇ ਹਨ, ” ਮੈਂ ਆਪਣੀਆਂ ਅੱਖਾਂ ਨਾਲ ਦੂਜੇ ਕੈਦੀਆਂ ਨੂੰ ਬਿਮਾਰ ਹੋਣ ਦੇ ਬਾਵਜੂਦ ਜ਼ੰਜੀਰਾ ‘ਚ ਜਕੜੇ ਅਤੇ ਘਸੀਟਦੇ ਹੋਏ ਵੇਖਦਾ ਹਾਂ। ਇੱਕ ਗੰਦਾ ਅਤੇ ਕਠੋਰ ਵਿਅਕਤੀ ਜ਼ੁਲਮ ‘ਤੇ ਜ਼ੁਲਮ ਕਰਦਾ ਹੈ ਅਤੇ ਭੁੱਖੇ ਪਿਆਸੇ ਲੋਕਾਂ ‘ਤੇ ਰੱਤਾ ਜਿੰਨ੍ਹਾਂ ਵੀ ਤਰਸ ਨਹੀਂ ਖਾਂਦਾ ਹੈ। ਸਵੇਰ-ਸ਼ਾਮ ਇਸ ਤਰ੍ਹਾਂ ਬਤੀਤ ਹੁੰਦੀ ਹੈ ਕਿ ਪੂਰਾ ਸਰੀਰ ਹੀ ਜ਼ਖਮਾਂ ਦੀ ਤੁਰਦੀ ਫਿਰਦੀ ਲਾਸ਼ ਬਣ ਗਿਆ ਹੈ। ਰੂਹ ਕੰਬਾਉਣ ਵਾਲਾ ਦਰਦ ਅਤੇ ਤਕਲੀਫ ਵੱਧਦੀ ਹੀ ਜਾ ਰਹੀ ਹੈ। ਉਹ ਸਮਾਂ ਨਹੀਂ ਦੂਰ ਨਹੀਂ ਹੈ ਜਦੋਂ ਇਹ ਫੁੰਸੀਆਂ ਮੈਨੂੰ ਮੌਤ ਦੀ ਗੋਦ ‘ਚ ਲੈ ਜਾਣਗੀਆਂ।”
ਖੈਰਾਬਾਦੀ ਨੇ ਅੰਡਮਾਨ ‘ਚ ਆਖਰੀ ਸਾਹ ਲਏ ਅਤੇ ਉੱਥੇ ਹੀ ਦਫ਼ਨਾ ਦਿੱਤੇ ਗਏ ਸਨ।
ਔਰਤ ਕੈਦੀ ਅਤੇ ਵਿਆਹ
ਜਾਫ਼ਰ ਥਾਨੇਸਰੀ ਹਰਿਆਣਾ ਦੇ ਥਾਨੇਸਰ ਇਲਾਕੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੂੰ ਪਹਿਲਾਂ ਸਜ਼ਾ-ਏ-ਮੌਤ ਅਤੇ ਫਿਰ ਕਾਲੇ ਪਾਣੀ ਦੀ ਸਜ਼ਾ ਹੋਈ। ਉਹ ਆਪਣੀ ਕਿਤਾਬ ‘ਕਾਲਾ ਪਾਣੀ ਅਲਮਾਰੂਫ਼ ਤਵਾਰੀਖ਼ ਅਜਾਇਬ’ ‘ਚ 11 ਜਨਵਰੀ,1886 ਨੂੰ ਅੰਡਮਾਨ ਟਾਪੂ ਦੇ ਸਮੁੰਦਰੀ ਕੰਢੇ ‘ਤੇ ਪਹੁੰਚਣ ਦਾ ਦ੍ਰਿਸ਼ ਇਸ ਤਰ੍ਹਾਂ ਦੱਸਦੇ ਹਨ-
‘ਦੂਰੋਂ ਸਮੁੰਦਰ ਦੇ ਕੰਢੇ ਕਾਲੇ ਪੱਥਰ ਇੰਝ ਜਾਪਦੇ ਸਨ, ਜਿਵੇਂ ਮੱਝਾਂ ਦੇ ਝੁੰਡ ਪਾਣੀ ‘ਚ ਤੈਰ ਰਹੇ ਹੋਣ’।
ਉਦੋਂ ਤੱਕ ਇਹ ਇਲਾਕਾ ਮੁਕਾਬਲਤਨ ਸਾਫ਼ ਹੋ ਗਿਆ ਸੀ। ਕੈਦੀ ਜਿੱਥੇ ਇੱਕ ਪਾਸੇ ਜੰਗਲਾਂ ਦੀ ਸਾਫ਼ ਸਫਾਈ ਕਰ ਰਹੇ ਸਨ , ਉੱਥੇ ਹੀ ਉਹ ਨਵੇਂ ਰੁੱਖ ਵੀ ਲਗਾ ਰਹੇ ਸਨ। ਇਸ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਨੇ ਔਰਤ ਕੈਦੀਆਂ ਨੂੰ ਵੀ ਉੱਥੇ ਭੇਜਣਾ ਸ਼ੁਰੂ ਕਰ ਦਿੱਤਾ ਸੀ। ਹਬੀਬ ਮੰਜ਼ਰ ਅਤੇ ਅਸ਼ਫਾਕ ਅਲੀ ਦੀ ਖੋਜ ਇਹ ਹੈ ਕਿ ਮੁੱਢਲੇ ਦੌਰ ‘ਚ ਬ੍ਰਿਟਿਸ਼ ਸਰਕਾਰ ਵਿਆਹ ਅਤੇ ਫਿਰ ਬੱਚਿਆਂ ਦੇ ਜਨਮ ਨੂੰ ਕੈਦੀਆਂ ਦੇ ਸੁਧਾਰ ਦਾ ਇੱਕ ਉਪਾਅ ਸਮਝਦੀ ਸੀ।
ਮਦਰਾਸ, ਬੰਗਾਲ, ਬੰਬਈ (ਮੁਬੰਈ), ਉੱਤਰ ਪੱਛਮੀ ਸੂਬੇ, ਅਵਧ ਅਤੇ ਪੰਜਾਬ ਆਦਿ ਤੋਂ ਅਜਿਹੀਆਂ ਔਰਤਾਂ ਨੂੰ ਅੰਡਮਾਨ ਭੇਜਿਆ ਗਿਆ ਜੋ ਕਿ ਆਪਣੀ ਸਜ਼ਾ ਦੇ ਕੁਝ ਸਾਲ ਬ੍ਰਿਟਿਸ਼ ਭਾਰਤ ਦੀਆਂ ਜੇਲ੍ਹਾਂ ‘ਚ ਗੁਜ਼ਾਰ ਚੁੱਕੀਆਂ ਸਨ। ਪੋਰਟ ਬਲੇਅਰ ਦੇ ਸੁਪਰਡੈਂਟ ਨੇ ਭਾਰਤ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਕਿਹਾ, ” ਪੋਰਟ ਬਲੇਅਰ ‘ਚ ਔਰਤ ਕੈਦੀਆਂ ਦੀ ਗਿਣਤੀ ਘੱਟ ਰਹੀ ਹੈ ਅਤੇ ਜੇਕਰ ਪਿਛਲੇ ਤਿੰਨ ਸਾਲਾਂ ‘ਚ ਭੇਜੀਆਂ ਗਈਆਂ ਔਰਤ ਕੈਦੀਆਂ ਦੀ ਗਿਣਤੀ ਤੋਂ ਵੱਧ ਔਰਤ ਕੈਦੀਆਂ ਨੂੰ ਨਾ ਭੇਜਿਆ ਗਿਆ ਤਾਂ ਨਾ ਹੀ ਪੰਜ ਸਾਲ ਦੀ ਸਜ਼ਾ ਭੁਗਤ ਜਾਣ ਤੋਂ ਬਾਅਦ ਉਨ੍ਹਾਂ ਦੇ ਵਿਆਹ ਦਾ ਪ੍ਰਬੰਧ ਜਾਰੀ ਰਹਿ ਸਕੇਗਾ ਅਤੇ ਨਾ ਹੀ ਕਤਾਈ, ਬੁਣਾਈ ਦਾ ਕੰਮ ਹੋ ਸਕੇਗਾ, ਜਿਸ ਨਾਲ ਕਿ ਸਰਕਾਰ ਨੂੰ ਬਹੁਤ ਜ਼ਿਆਦਾ ਬਚਤ ਹੁੰਦੀ ਹੈ।”
ਸਵੈ-ਸਹਾਇਤਾ ਵਾਲੇ ਕੈਦੀ ਜੇਕਰ ਵਿਆਹ ਕਰਵਾਉਣਾ ਚਾਹੁੰਦੇ ਸਨ ਤਾਂ ਉਹ ਕਿਸੇ ਖਾਸ ਦਿਨ ਔਰਤ ਕੈਦੀਆਂ ‘ਚੋਂ ਇੱਕ ਨੂੰ ਚੁਣਦੇ ਅਤੇ ਜੇਕਰ ਉਹ ਵੀ ਵਿਆਹ ਲਈ ਰਜ਼ਾਮੰਦ ਹੋ ਜਾਂਦੀ ਤਾਂ ਸਾਸ਼ਨ ਉਨ੍ਹਾਂ ਦਾ ਵਿਆਹ ਕਰਵਾ ਦਿੰਦਾ ਅਤੇ ਉਨ੍ਹਾਂ ਦੇ ਵਿਆਹ ਨੂੰ ਕਾਨੂੰਨੀ ਰੂਪ ਦੇ ਦਿੰਦਾ। ਆਪਣਾ ਇੰਤਜ਼ਾਮ ਖੁਦ ਕਰਨ ਵਾਲੇ ਇਸ ਜੋੜੇ ਨੂੰ ਇੱਕ ਸਵੈ-ਸਹਾਇਤਾ ਵਾਲੇ ਪਿੰਡ ‘ਚ ਰਹਿਣ ਲਈ ਥਾਂ ਦੇ ਦਿੱਤੀ ਜਾਂਦੀ ਸੀ। ਪਰ ਔਰਤ ਕੈਦੀਆਂ ਨੂੰ ਅੰਡਮਾਨ ਭੇਜਣ ਦਾ ਸਿਲਸਿਲਾ ਕੁਝ ਸਾਲਾਂ ਤੱਕ ਹੀ ਚੱਲ ਸਕਿਆ ਸੀ। 1897 ‘ਚ 2447 ਸਵੈ-ਸਹਾਇਤਾ ‘ਚ 363 ਔਰਤਾਂ ਸਨ। ਔਰਤਾਂ ‘ਚ ਬਿਮਾਰੀ ਅਤੇ ਮੌਤ ਦੀ ਦਰ ਵੀ ਵੱਧ ਸੀ। ਥਾਨੇਸਰੀ ਨੇ ਜਿਸ ਕਸ਼ਮੀਰੀ ਔਰਤ ਨਾਲ ਵਿਆਹ ਕੀਤਾ ਸੀ, ਉਹ ਬਿਨ੍ਹਾਂ ਵਿਆਹ ਦੇ ਮਾਂ ਬਣਨ ਅਤੇ ਬੱਚੇ ਨੂੰ ਮਾਰਨ ਦੇ ਜ਼ੁਰਮ ‘ਚ ਸਜ਼ਾ ਭੁਗਤ ਰਹੀ ਸੀ।
ਥਾਨੇਸਰੀ 17 ਸਾਲ 10 ਮਹੀਨੇ ਬਾਅਦ ਅੰਡਮਾਨ ਤੋਂ 9 ਨਵੰਬਰ, 1883 ਨੂੰ ਭਾਰਤ ਲਈ ਰਵਾਨਾ ਹੋਏ ਸਨ। 1872 ‘ਚ ਪੋਰਟ ਬਲੇਅਰ ਦੇ ਦੌਰੇ ‘ਤੇ ਗਏ ਵਾਇਸ ਰਾਏ ਆਫ਼ ਇੰਡੀਆ ਲਾਰਡ ਮੇਓ ਨੂੰ ਇੱਕ ਕੈਦੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਸਮੇਂ ਥਾਨੇਸਰੀ ਵੀ ਉੱਥੇ ਹੀ ਮੌਜੁਦ ਸਨ।
ਭੱਜਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਫਾਂਸੀ
ਦਾਨਾਪੁਰ ਦੀ ਛਾਉਣੀ ‘ਚ ਬਗ਼ਾਵਤ ਦੇ ਕੈਦੀ ਨਾਰਾਇਣ ਪਹਿਲੇ ਅਜਿਹੇ ਵਿਅਕਤੀ ਸਨ ਜਿੰਨ੍ਹਾਂ ਨੇ ਭੱਜਣ ਦਾ ਯਤਨ ਕੀਤਾ ਸੀ। ਉਨ੍ਹਾਂ ਨੂੰ ਫੜਿਆ ਗਿਆ ਅਤੇ ਡਾਕਟਰ ਵਾਕਰ ਅੱਗੇ ਪੇਸ਼ ਕੀਤਾ ਗਿਆ ਅਤੇ ਫਾਂਸੀ ਦੇ ਦਿੱਤੀ ਗਈ। ‘ਤਾਰੀਖ਼-ਏ-ਅੰਡਮਾਨ ਜੇਲ੍ਹ’ ‘ਚ ਲਿਖਿਆ ਹੈ ਕਿ ਮਾਰਚ 1868 ‘ਚ 238 ਕੈਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਅਪ੍ਰੈਲ ਮਹੀਨੇ ਤੱਕ ਉਹ ਸਾਰੇ ਫੜੇ ਗਏ ਅਤੇ ਉਨ੍ਹਾਂ ‘ਚੋਂ ਇੱਕ ਨੇ ਤਾਂ ਖੁਦਕੁਸ਼ੀ ਹੀ ਕਰ ਲਈ ਅਤੇ ਵਾਕਰ ਨੇ 87 ਨੂੰ ਫਾਂਸੀ ਦੇਣ ਦਾ ਹੁਕਮ ਸੁਣਾਇਆ।
ਜਦੋਂ ਫਾਂਸੀ ਦੀ ਖ਼ਬਰ ਕਲਕੱਤੇ ਪਹੁੰਚੀ ਤਾਂ ਕੌਂਸਲਰ ਦੇ ਪ੍ਰਧਾਨ ਜੇ ਪੀ ਗ੍ਰਾਂਟ ਨੇ ਇਸ ‘ਤੇ ਅਫਸੋਸ ਜ਼ਾਹਰ ਕਰਦੇ ਹੋਏ ਇੱਕ ਪੱਤਰ ਲਿਖਿਆ, “ਮੈਂ ਫਾਂਸੀ ਦਿੱਤੇ ਜਾਣ ਦੇ ਉਨ੍ਹਾਂ ਵੱਲੋਂ ਦੱਸੇ ਗਏ ਕਿਸੇ ਵੀ ਕਾਰਨ ਨੂੰ ਸਵੀਕਾਰ ਨਹੀਂ ਕਰ ਸਕਦਾ।” ਪਰ ਵਾਕਰ ਸਰਕਾਰੀ ਮੁੱਕਦਮੇ ਤੋਂ ਬਚ ਗਏ ਅਤੇ ਗ੍ਰਾਂਟ ਦੇ ਹੁਕਮਾਂ ‘ਤੇ ਅਜਿਹੀ ਵਿਵਸਥਾ ਕੀਤੀ ਗਈ ਕਿ ਕੈਦੀ ਮੁੜ ਉੱਥੋਂ ਭੱਜਣ ਅਤੇ ‘ਜਨਤਾ ਨੂੰ ਉਕਸਾਉਣ’ ਦੇ ਯੋਗ ਨਾ ਹੋਣ। ਫਿਰ ਵੀ 26 ਮਾਰਚ, 1872 ਨੂੰ ਕੈਦੀ ਮਹਿਤਾਬ ਅਤੇ ਚੇਤਨ ਫਰਾਰ ਹੋ ਹੀ ਗਏ। ਉਨ੍ਹਾਂ ਨੇ ਬੰਗਾਲ ਦੀ ਖਾੜੀ ‘ਚ 750 ਮੀਲ ਦਾ ਸਫ਼ਰ ਆਪਣੇ ਵੱਲੋਂ ਬਣਾਈਆਂ ਕਿਸ਼ਤੀਆਂ ਰਾਹੀਂ ਕੀਤਾ।
ਉਨ੍ਹਾਂ ਨੇ ਬ੍ਰਿਟਿਸ਼ ਸਮੁੰਦਰੀ ਜਹਾਜ਼ ਦੇ ਅਮਲੇ ਨੂੰ ਇਹ ਦੱਸਿਆ ਕਿ ਉਹ ਇੱਕ ਤਬਾਹ ਹੋ ਚੁੱਕੀ ਕਿਸ਼ਤੀ ਦੇ ਮਛੇਰੇ ਹਨ। ਆਖਰਕਾਰ ਉਨ੍ਹਾਂ ਨੂੰ ਲੰਡਨ ‘ਚ ਸਟ੍ਰੇਂਜਰਸ ਹੋਮ ਫਾਰ ਏਸ਼ੀਆਟਿਕਸ ‘ਚ ਛੱਡ ਦਿੱਤਾ ਗਿਆ। ਦੋਵਾਂ ਨੂੰ ਖਿਲਾਇਆ-ਪਿਆਇਆ ਗਿਆ ਅਤੇ ਕੱਪੜੇ ਪਹਿਨਾਏ ਗਏ ਅਤੇ ਇੱਕ ਬਿਸਤਰਾ ਵੀ ਦਿੱਤਾ ਗਿਆ, ਪਰ ਜਦੋਂ ਉਹ ਸੌਂ ਰਹੇ ਸਨ ਤਾਂ ਮਾਲਕ ਕਰਨਲ ਹਿਊਜ਼ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਸਰਕਾਰ ਨੂੰ ਭੇਜ ਦਿੱਤੀਆਂ। ਫਿਰ ਇੱਕ ਸਵੇਰ ਜਦੋਂ ਮਹਿਤਾਬ ਅਤੇ ਚੇਤਨ ਉੱਠੇ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਜ਼ੰਜੀਰਾਂ ‘ਚ ਜੱਕੜਿਆ ਪਾਇਆ ਅਤੇ ਫਿਰ ਉਨ੍ਹਾਂ ਨੂੰ ਕੁਝ ਦਿਨ ਬਾਅਦ ਭਾਰਤ ਜਾਣ ਵਾਲੇ ਜਹਾਜ਼ ‘ਚ ਚੜ੍ਹਾ ਦਿੱਤਾ ਗਿਆ।
19ਵੀਂ ਸਦੀ ਦੇ ਅੰਤ ਤੱਕ ਆਜ਼ਾਦੀ ਦੀ ਲਹਿਰ ਨੇ ਪੂਰਾ ਜ਼ੋਰ ਫੜ ਲਿਆ ਸੀ। ਇਸ ਤਰ੍ਹਾਂ ਅੰਡਮਾਨ ਭੇਜੇ ਜਾਣ ਵਾਲੇ ਕੈਦੀਆਂ ਦੀ ਗਿਣਤੀ ਵੀ ਵੱਧਦੀ ਗਈ ਅਤੇ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਦੀ ਲੋੜ ਮਹਿਸੂਸ ਕੀਤੀ ਗੲੈ।
ਕੈਦੀਆਂ ਨੂੰ ਹੀ ਜੇਲ੍ਹ ਬਣਾਉਣੀ ਪਈ
ਅਗਸਤ 1889 ‘ਚ ਬ੍ਰਿਟਿਸ਼ ਰਾਜ ‘ਚ ਗ੍ਰਹਿ ਸਕੱਤਰ ਚਾਰਲਸ ਜੇਮਜ਼ ਲਾਇਲ ਨੂੰ ਪੋਰਟ ਬਲੇਅਰ ‘ਚ ਸਜ਼ਾ ਭੁਗਤ ਰਹੀ ਆਬਾਦੀ ਬਾਰੇ ਖੋਜ ਦਾ ਕੰਮ ਸੌਂਪਿਆ ਗਿਆ ਸੀ। ਇਹ ਉਹੀ ਲਾਇਲ ਹਨ, ਜਿੰਨ੍ਹਾਂ ਦੇ ਨਾਮ ‘ਤੇ 1890 ‘ਚ ਪਾਕਿਸਤਾਨ ‘ਚ ਲਾਇਲਪੁਰ ਦੀ ਨੀਂਹ ਰੱਖੀ ਗਈ ਸੀ ਅਤੇ 1979 ‘ਚ ਇਸਦਾ ਨਾਮ ਬਦਲ ਕੇ ਫੈਸਲਾਬਾਦ ਰੱਖਿਆ ਗਿਆ ਸੀ। ਲਾਇਲ ਅਤੇ ਬ੍ਰਿਟਿਸ਼ ਸਰਕਾਰ ਦੇ ਇੱਕ ਸਰਜਨ ਏਐਸ ਲੈਥਬ੍ਰਿਜ ਨੇ ਇਹ ਸਿੱਟਾ ਕੱਢਿਆ ਕਿ ਸਜ਼ਾ ਲਈ ਅੰਡੇਮਾਨ ਟਾਪੂ ‘ਤੇ ਭੇਜਣ ਦਾ ਉਦੇਸ਼ ਨਾਕਾਮ ਰਿਹਾ ਹੈ ਅਤੇ ਇਹ ਵੀ ਕਿ ਮੁਲਜ਼ਮਾਂ ਨੇ ਭਾਰਤੀ ਜੇਲ੍ਹਾਂ ‘ਚ ਕੈਦ ਰਹਿਣ ਦੀ ਬਜਾਏ ਇੱਥੇ ਜਾਣ ਨੂੰ ਤਰਜੀਹ ਦਿੱਤੀ ਹੈ।
ਲਾਇਲ ਅਤੇ ਲੈਥਬ੍ਰਿਜ ਨੇ ਸਿਫ਼ਾਰਿਸ਼ ਕੀਤੀ ਕਿ ਦੇਸ਼ ਨਿਕਾਲੇ ਦੀ ਸਜ਼ਾ ‘ਚ ਇੱਕ ਦੰਡ-ਸੈਸ਼ਨ ਵੀ ਹੋਣਾ ਚਾਹੀਦਾ ਹੈ, ਜਿਸ ਦੇ ਤਹਿਤ ਕੈਦੀਆਂ ਨਾਲ ਉੱਥੇ ਪਹੁੰਚਣ ‘ਤੇ ਸਖ਼ਤ ਸਲੂਕ ਕੀਤਾ ਜਾਵੇ। ਐਲੀਅਸਨ ਬਾਸ਼ਫੋਰਡ ਅਤੇ ਕੈਰੋਲੀਨ ਸਟੇਂਜ ਦੇ ਅਨੁਸਾਰ, ਇਸ ਦੇ ਨਤੀਜੇ ਵੱਜੋਂ ਹੀ ਸੈਲੂਲਰ ਜੇਲ੍ਹ ਦਾ ਨਿਰਮਾਣ ਹੋਇਆ ਸੀ ਜਿਸ ਨੂੰ ਕਿ ਦੂਰ ਦਰਾਡੇ ਦੇ ਦੰਡ ਕੇਂਦਰ ਦੇ ਅੰਦਰ ਅਤੇ ਜਲਾਵਤਨ ਅਤੇ ਇਕਾਂਤ ਦੀ ਜਗ੍ਹਾ ਵੱਜੋਂ ਦਰਸਾਇਆ ਗਿਆ ਸੀ। ਸੈਲੂਲਰ ਜੇਲ੍ਹ ਦਾ ਨਿਰਮਾਣ 1896 ਦੀ ਸ਼ੁਰੂਆਤ ‘ਚ ਹੋਇਆ ਸੀ। ਇੱਟਾਂ ਬਰਮਾ ਤੋਂ ਆਈਆਂ ਸਨ ਅਤੇ ਹੈਰਾਨੀ ਵਾਲੀ ਗੱਲ ਵੇਖੋ ਕਿ ਉਨ੍ਹਾਂ ਕੈਦੀਆਂ ਨੇ ਹੀ ਇਸ ਦੀ ਉਸਾਰੀ ਕੀਤੀ ਜਿੰਨ੍ਹਾਂ ਨੇ ਖੁਦ ਇਸ ‘ਚ ਕੈਦ ਹੋਣਾ ਸੀ।
ਸੈਲੂਲਰ ਜੇਲ੍ਹ ਦੀ ਉਸਾਰੀ ਦਾ ਕੰਮ 1906 ‘ਚ ਪੰਜ ਲੱਖ ਰੁਪਏ ਤੋਂ ਵੱਧ ਲਾਗਤ ਨਾਲ ਸਿਰੇ ਚਾੜਿਆ ਗਿਆ ਸੀ। ਜੇਲ੍ਹ ਦੇ ਵਿਚਕਾਰ ਬਣੇ ਇੱਕ ਟਾਵਰ ਦੇ ਜ਼ਰੀਏ ਕੈਦੀਆਂ ‘ਤੇ ਸਖ਼ਤ ਨਜ਼ਰ ਰੱਖੀ ਜਾਂਦੀ ਸੀ। ਕੈਦੀਆਂ ਨੂੰ ਸਾਢੇ ਤੇਰਾਂ ਫੁੱਟ ਲੰਮੇ ਅਤੇ ਸੱਤ ਫੁੱਟ ਚੌੜੇ ਸੱਤ ਕਮਰਿਆਂ ‘ਚ ਰੱਖਿਆ ਗਿਆ ਸੀ। ਜੇਲ੍ਹ ਦੇ ਕਮਰਿਆਂ ‘ਚ ਰੋਸ਼ਨਦਾਨ ਲਈ ਕੁਝ ਇਸ ਤਰ੍ਹਾਂ ਥਾਂ ਰੱਖੀ ਗਈ ਸੀ, ਜਿਸ ‘ਚੋਂ ਹਵਾ ਵੀ ਆਰ-ਪਾਰ ਨਹੀਂ ਹੋ ਸਕਦੀ ਸੀ। ਮਲ ਤਿਆਗਣ ਲਈ ਸਵੇਰ, ਦੁਪਹਿਰ ਅਤੇ ਸ਼ਾਮ ਦਾ ਸਮਾਂ ਤੈਅ ਕੀਤਾ ਗਿਆ ਸੀ। ਇਸ ਦੌਰਾਨ ਜੇਕਰ ਕਿਸੇ ਨੂੰ ਲੋੜ ਮਹਿਸੂਸ ਹੁੰਦੀ ਤਾਂ ਉਨ੍ਹਾਂ ਨੂੰ ਸਿਪਾਹੀਆਂ ਦੇ ਡੰਡੇ ਖਾਣੇ ਪੈਂਦੇ ਸਨ।
ਇਸ ਜੇਲ੍ਹ ‘ਚ ਫਾਂਸੀ ਘਰ ਵੀ ਬਣਾ ਦਿੱਤਾ ਗਿਆ ਸੀ ਤਾਂ ਜੋ ਅੰਗਰੇਜ਼ ਜਿਸ ਨੂੰ ਚਾਹੁਣ ਠਿਕਾਣੇ ਲਗਾ ਸਕਣ।
ਬਹੁਤ ਸਾਰੇ ਕ੍ਰਾਂਤੀਕਾਰੀ ਇੱਥੇ ਨਜ਼ਰਬੰਦ ਰਹੇ
ਕੈਦੀਆਂ ਨੂੰ ਮਾਨਸਿਕ ਤਸੀਹੇ ਦੇਣ ਲਈ ਜੇਲ੍ਹਰ ਕੋਠੜੀਆਂ ਨੂੰ ਤਾਲੇ ਲਗਾ ਕੇ ਚਾਬੀਆਂ ਅੰਦਰ ਸੁੱਟ ਦਿੰਦੇ ਸਨ ਪਰ ਤਾਲੇ ਇਸ ਤਰ੍ਹਾਂ ਨਾਲ ਬਣਾਏ ਗਏ ਸਨ ਕਿ ਕੈਦੀ ਜੇਲ੍ਹ ਦੇ ਅੰਦਰੋਂ ਤਾਲੇ ਤੱਕ ਨਹੀਂ ਪਹੁੰਚ ਸਕਦੇ ਸਨ। ਜੇਲ੍ਹ ਦੇ ਅੰਦਰ ਹਰੇਕ ਕੋਠੜੀ ‘ਚ ਸਿਰਫ ਇੱਕ ਹੀ ਮੰਜਾ, ਇੱਕ ਐਲੂਮੀਨੀਅਮ ਦੀ ਪਲੇਟ, ਦੋ ਭਾਂਡੇ- ਇੱਕ ਪਾਣੀ ਪੀਣ ਲਈ ਅਤੇ ਇੱਕ ਮਲ ਤਿਆਗਣ ਸਮੇਂ ਲਈ ਭਾਂਡਾ ਅਤੇ ਇੱਕ ਕੰਬਲ ਹੁੰਦਾ ਸੀ।
ਆਮ ਤੌਰ ‘ਤੇ ਕੈਦੀਆਂ ਲਈ ਇੱਕ ਛੋਟਾ ਜਿਹਾ ਬਰਤਨ ਕਾਫ਼ੀ ਨਹੀਂ ਹੁੰਦਾ ਸੀ ਅਤੇ ਇਸ ਲਈ ਉਨ੍ਹਾਂ ਨੂੰ ਮਲ ਤਿਆਗਣ ਲਈ ਕੋਠੜੀ ਦੇ ਇੱਕ ਕੋਨੇ ਦੀ ਵਰਤੋਂ ਕਰਨੀ ਪੈਂਦੀ ਸੀ ਅਤੇ ਫਿਰ ਆਪਣੀ ਹੀ ਗੰਦਗੀ ਨੇੜੇ ਲੇਟਣਾ ਪੈਂਦਾ ਸੀ। ਕੈਦ-ਏ-ਤਨਹਾਈ ਲਾਗੂ ਕੀਤੀ ਗਈ ਕਿਉਂਕਿ ਬ੍ਰਿਟਿਸ਼ ਬਸਤੀਵਾਦੀ ਹਕੂਮਤ ਇਹ ਯਕੀਨੀ ਬਣਾਉਣਾ ਚਾਹੁੰਦੀ ਸੀ ਕਿ ਸਿਆਸੀ ਕੈਦੀਆਂ ਨੂੰ ਇੱਕ ਦੂਜੇ ਤੋਂ ਵੱਖ ਰੱਖਿਆ ਜਾਵੇ।
ਸਿਆਸੀ ਕੈਦੀਆਂ ‘ਚ ਫਜ਼ਲ-ਏ-ਹੱਕ ਖੈਰਾਬਾਦੀ, ਯੋਗੇਂਦਰ ਸ਼ੁਕਲਾ, ਬਟੁਕੇਸ਼ਵਰ ਦੱਤ, ਬਾਬਾ ਰਾਓ ਸਾਵਰਕਰ, ਵਿਨਾਇਕ ਦਾਮੋਦਰ-ਵੀਰ-ਸਾਵਰਕਰ. ਸ਼ਚਿੰਦਰ ਨਾਥ ਸਾਨਿਆਲ, ਹਰੇ ਕ੍ਰਿਸ਼ਨ ਕੋਨਾਰ, ਭਾਈ ਪਰਮਾਨੰਦ , ਸੋਹਨ ਸਿੰਘ ਭਕਨਾ, ਸੁਬੋਧ ਰਾਓ , ਤਿਰਲੋਕੀ ਨਾਥ ਚੱਕਰਵਰਤੀ , ਮਹਿਮੂਦ ਹਸਨ ਦੇਵਬੰਦੀ, ਹੁਸੈਨ ਅਹਿਮਦ ਮਦਨੀ ਅਤੇ ਜਾਫ਼ਰ ਥਾਨੇਸਰੀ ਦੇ ਨਾਮ ਮਸ਼ਹੂਰ ਹਨ।
ਮੌਤ ਦੇ ਮੂੰਹ ‘ਚ
1911-1921 ਦੇ ਅਰਸੇ ਦੌਰਾਨ ਜੇਲ੍ਹ ‘ਚ ਕੈਦ ਦਾਮੋਦਰ ਸਾਵਰਕਰ ਨੇ ਆਪਣੀ ਰਿਹਾਈ ਤੋਂ ਬਾਅਦ ਉਨ੍ਹਾਂ ਭਿਆਨਕ ਹਾਲਤਾਂ ਬਾਰੇ ਲਿਖਿਆ, ਜਿੰਨ੍ਹਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ ਸੀ।
ਉਨ੍ਹਾਂ ਅਨੁਸਾਰ ਕੱਟੜ ਜੇਲ੍ਹਰ ਡੇਵਿਡ ਬੇਰੀ ਆਪਣੇ ਆਪ ਨੂੰ ‘ ਪੋਰਟ ਬਲੇਅਰ ਦਾ ਰੱਬ’ ਦੱਸਦਾ ਸੀ। ਉਹ ਲਿਖਦੇ ਹਨ, ਜਿਵੇਂ ਹੀ ਜੇਲ੍ਹ ਦੇ ਦਰਵਾਜ਼ੇ ਬੰਦ ਹੋਏ ਤਾਂ ਉਨ੍ਹਾਂ ਲੱਗਿਆ ਕਿ ਉਹ ਮੌਤ ਦੇ ਮੂੰਹ ‘ਚ ਚਲੇ ਗਏ ਹਨ। ਕੈਦੀਆਂ ਨੂੰ ਇੱਕ ਦੂਜੇ ਤੋਂ ਇਸ ਤਰ੍ਹਾਂ ਵੱਖ ਰੱਖਿਆ ਜਾਂਦਾ ਸੀ ਕਿ ਸਾਵਰਕਰ ਨੂੰ ਤਿੰਨ ਸਾਲ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੇ ਵੱਡੇ ਭਰਾ ਵੀ ਇਸੇ ਜੇਲ੍ਹ ‘ਚ ਕੈਦ ਹਨ।
ਬ੍ਰਿਟਿਸ਼ ਅਖ਼ਬਾਰ ‘ਦ ਗਾਰਡੀਅਨ’ ਵੱਲੋਂ 2021 ‘ਚ ਕੀਤੀ ਗਈ ਇੱਕ ਖੋਜ ਦੇ ਅਨੁਸਾਰ, ‘ ਬ੍ਰਿਟਿਸ਼ ਰਾਜ ਨੇ ਭਾਰਤੀ ਵਿਰੋਧੀਆਂ ਅਤੇ ਬਾਗ਼ੀਆਂ ਨੂੰ ਇੱਕ ਅਜਿਹੇ ‘ਪ੍ਰਯੋਗ’ ਤਹਿਤ ਇੱਕ ਦੂਰ ਦਰਾਡੇ ਬਸਤੀਵਾਦੀ ਟਾਪੂ ‘ਤੇ ਭੇਜਿਆ, ਜਿਸ ‘ਚ ਤਸ਼ੱਦਦ, ਦਵਾਈਆਂ ਦਾ ਪ੍ਰਯੋਗ, ਜ਼ਬਰਦਸਤੀ ਕੰਮ ਕਰਵਾਉਣਾ ਅਤੇ ਬਹੁਤ ਸਾਰੇ ਲੋਕਾਂ ਲਈ ਮੌਤ ਸ਼ਾਮਿਲ ਸੀ। ਦਵਾਈਆਂ ਦੇ ਪ੍ਰਯੋਗ ਤਹਿਤ ਉਨ੍ਹਾਂ ਦੀ ਟਰਾਈਲ ਹੁੰਦੀ ਸੀ , ਜਿਸ ‘ਚ ਕਈ ਲੋਕ ਬਿਮਾਰ ਹੋ ਗਏ ਅਤੇ ਕਈਆਂ ਦੀ ਜਾਨ ਤੱਕ ਚਲੀ ਗਈ’।
ਅਖ਼ਬਾਰ ਦੇ ਲਈ ਕੈਥੀ ਸਕਾਟ ਅਤੇ ਐਡਰੀਅਨ ਲੇਵੀ ਨੇ ਸਰਕਾਰੀ ਰਿਕਾਰਡਾਂ ਨੂੰ ਖੰਗਾਲਿਆ ਅਤੇ ਜੇਲ੍ਹ ਤੋਂ ਭੱਜਣ ਵਾਲਿਆਂ ਨਾਲ ਗੱਲਬਾਤ ਕੀਤੀ।
ਸੈਲੂਲਰ ਜੇਲ੍ਹ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਦੇ ਗਏ ਕੈਦੀਆਂ, ਜਿੰਨ੍ਹਾਂ ‘ਚ ਵੱਖ-ਵੱਖ ਜੁਰਮਾਂ ‘ਚ ਸਜ਼ਾਵਾਂ ਭੁਗਤਣ ਵਾਲੇ ਵੀ ਸ਼ਾਮਲ ਸਨ। ਉਹਨਾਂ ਨੂੰ ਭਿਆਨਕ ਤਸੀਹੇ ਦਿੱਤੇ ਗਏ ਸਨ। 1909 ਅਤੇ 1931 ਦੇ ਵਿਚਾਲੇ, ਸੈਲੂਲਰ ਜੇਲ੍ਹ ਦੇ ਜੇਲ੍ਹਰ ਡੇਵਿਡ ਬੇਰੀ ਨੂੰ ਨਵੇਂ-ਨਵੇਂ ਤਰੀਕਿਆਂ ਨਾਲ ਸਜ਼ਾ ਦੇਣ ‘ਚ ਮਾਹਰ ਮੰਨਿਆ ਜਾਂਦਾ ਸੀ। ਡੇਵਿਡ ਬੇਰੀ ਦਾ ਕਹਿਣਾ ਸੀ ਕਿ ਉਸ ਦੀ ਕਿਸਮਤ ‘ਚ ਲਿਖਿਆ ਹੈ ਕਿ ਉਹ ਆਪਣੀ ਮਹਾਰਾਣੀ ਦੇ ਦੁਸ਼ਮਣਾਂ ਨੂੰ ਫਾਂਸੀ ਦੇਣ ਜਾਂ ਗੋਲੀ ਮਾਰਨ ਦੀ ਬਜਾਏ ਤਸੀਹੇ ਅਤੇ ਸ਼ਰਮਨਾਕ ਅੱਤਿਆਚਾਰ ਰਾਹੀਂ ਹੀ ਖ਼ਤਮ ਕਰ ਦੇਵੇਗਾ।
ਇੰਨ੍ਹਾਂ ਸਜ਼ਾਵਾਂ ‘ਚ ਚੱਕੀ ਚਲਾਉਣਾ, ਤੇਲ ਕੱਢਣਾ, ਪੱਥਰ ਤੋੜਨਾ, ਲੱਕੜੀ ਕੱਟਣਾ, ਹਫ਼ਤਾ ਭਰ ਹੱਥਕੜੀਆਂ ਅਤੇ ਜ਼ੰਜੀਰਾਂ ‘ਚ ਖੜ੍ਹੇ ਰਹਿਣਾ, ਇੱਕਲੇ ਰਹਿਣਾ ਅਤੇ ਚਾਰ-ਚਾਰ ਦਿਨ ਤੱਕ ਭੁੱਖੇ ਰਹਿਣਾ ਆਦਿ ਸ਼ਾਮਲ ਸੀ। ਤੇਲ ਕੱਢਣਾ ਹੋਰ ਵੀ ਦਰਦਨਾਕ ਹੁੰਦਾ ਸੀ ਕਿਉਂਕਿ ਆਮ ਤੌਰ ‘ਤੇ ਸਾਹ ਲੈਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਸੀ, ਜੀਭ ਸੁੱਕ ਜਾਂਦੀ ਸੀ, ਦਿਮਾਗ ਸੁੰਨ ਹੋ ਜਾਂਦਾ ਸੀ ਅਤੇ ਹੱਥਾਂ ‘ਚ ਛਾਲੇ ਪੈ ਜਾਂਦੇ ਸਨ। ਲੇਖਕ ਰੌਬਿਨ ਵਿਲਸਨ ਨੇ ਇੱਕ ਬੰਗਾਲੀ ਕੈਦੀ ਸੁਸ਼ੀਲ ਦਾਸਗੁਪਤਾ ਦੇ ਪੁੱਤਰ ਨਾਲ ਮੁਲਾਕਾਤ ਕੀਤੀ। ਸੁਸ਼ੀਲ 26 ਸਾਲ ਦੇ ਸਨ ਜਦੋਂ ਉਨ੍ਹਾਂ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮੰਗਣ ਲਈ ਹਿਰਾਸਤ ‘ਚ ਲਿਆ ਗਿਆ ਸੀ ਅਤੇ 17 ਅਗਸਤ,1932 ਨੂੰ ਉਨ੍ਹਾਂ ਨੂੰ ਅੰਡਮਾਨ ਟਾਪੂ ਭੇਜ ਦਿੱਤਾ ਗਿਆ ਸੀ।
ਦਾਸਗੁਪਤਾ ਦੇ ਪੁੱਤਰ ਦੇ ਅਨੁਸਾਰ ਕੜਕਦੀ ਧੁੱਪ ‘ਚ ਛੇ ਘੰਟੇ ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਦੇ ਹੱਥ ਆਪਣੇ ਹੀ ਖੂਨ ਨਾਲ ਰੰਗੇ ਹੁੰਦੇ ਸਨ। ਉਨ੍ਹਾਂ ਦਾ ਸਰੀਰ ਰੇਸ਼ੇ ਬਣਾਉਣ ਲਈ ਦਿਨ ਭਰ ਦਾ ਕੋਟਾ ਪੂਰਾ ਕਰਨ ਲਈ ਨਾਰੀਅਲ ਕੁੱਟਦੇ-ਕੁੱਟਦੇ ਥੱਕ ਜਾਂਦਾ ਸੀ। ਉਨ੍ਹਾਂ ਦਾ ਗਲਾ ਸੁੱਕ ਚੁੱਕਾ ਸੀ ਅਤੇ ਸੁਸਤੀ ਵਿਖਾਉਣ ‘ਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਦੇ ਮਲ ਤਿਆਗਣ ਜਾਣ ਦੇ ਸਮੇਂ ‘ਤੇ ਵੀ ਸਖ਼ਤੀ ਵਰਤੀ ਜਾਂਦੀ ਸੀ। ਕਿਸੇ ਵੀ ਕੈਦੀ ਨੂੰ ਮਲ ਤਿਆਗਣ ਲਈ ਗਾਰਡ ਦੀ ਇਜਾਜ਼ਤ ਲਈ ਘੰਟਿਆਂ-ਬੱਧੀ ਇੰਤਜ਼ਾਰ ਕਰਨਾ ਪੈਂਦਾ ਸੀ। ਕੈਦੀਆਂ ਤੋਂ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਕੁਝ ਤਾਂ ਪਾਗਲ ਹੋ ਜਾਂਦੇ ਅਤੇ ਕੁਝ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਸਨ। ਕੈਦੀ ਇੰਦੂ ਭੂਸ਼ਣ ਰਾਏ ਨੇ ਤੇਲ ਦੇ ਕਾਰਖਾਨੇ ਦੀ ਅਣਥੱਕ ਮਿਹਨਤ ਤੋਂ ਤੰਗ ਆ ਕੇ ਫਟੇ ਹੋਏ ਕੁੜਤੇ ਨਾਲ ਫਾਹਾ ਲੈ ਲਿਆ ਸੀ। ਜਿੱਥੇ ਕੈਦੀ ਤੇਲ ਦੀਆਂ ਚੱਕੀਆਂ ਦੇ ਜਿੰਦਾ ਨਰਕ ‘ਚ ਬਿਨ੍ਹਾਂ ਰੁਕੇ ਕੰਮ ਕਰਦੇ ਉੱਥੇ ਹੀ ਬੇਰੀ ਅਤੇ ਦੂਜੇ ਬ੍ਰਿਟਿਸ਼ ਅਫ਼ਸਰ ਰਾਸ ਟਾਪੂ ‘ਤੇ ਪਾਣੀ ਦੇ ਪਾਰ ਖੁਸ਼ਹਾਲੀ ‘ਚ ਰਹਿੰਦੇ ਸਨ।
ਉਨ੍ਹਾਂ ਦੇ ਅਧਿਕਾਰਤ ਹੈੱਡਕੁਆਰਟਰ ਦੀਆਂ ਦੂਜੀਆਂ ਹੋਰ ਇਮਾਰਤਾਂ ‘ਚ ਉਨ੍ਹਾਂ ਦਾ ਆਪਣਾ ਟੈਨਿਸ ਕੋਰਟ, ਇੱਕ ਸਵਿਮਿੰਗ ਪੂਲ ਅਤੇ ਅਫ਼ਸਰਾਂ ਲਈ ਇੱਕ ਕਲੱਬ ਹਾਊਸ ਸੀ। ਕੈਦੀ ਉਲਾਹਸਕਰ ਦੱਤ ਨੂੰ ਇੰਨੇ ਤਸੀਹੇ ਦਿੱਤੇ ਗਏ ਸਨ ਕਿ ਉਹ ਪਾਗਲ ਹੀ ਹੋ ਗਿਆ ਸੀ। ਉਨ੍ਹਾਂ ਨੂੰ 14 ਸਾਲਾਂ ਤੱਕ ਟਾਪੂ ਦੇ ਇੱਕ ਇਲਾਕੇ ‘ਚ ਪਾਗਲਖਾਨੇ ‘ਚ ਰੱਖਿਆ ਗਿਆ ਸੀ। ਉਸ ਸਮੇਂ ਦੱਤ ਦੇ ਪਿਤਾ ਨੇ ਵਾਰ-ਵਾਰ ਵਾਇਸਰਾਏ ਆਫ਼ ਇੰਡੀਆ ਨੂੰ ਚਿੱਠੀ ਲਿਖ ਕੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਦੇ ਪੁੱਤਰ ਨਾਲ ਕੀ ਹੋਇਆ, ਪਰ ਉਨ੍ਹਾਂ ਨੂੰ ਕੋਈ ਜਵਾਬ ਨਾ ਮਿਲਿਆ।
ਇਸ ਤੋਂ ਬਾਅਦ ਅੱਠ ਹੋਰ ਚਿੱਠੀਆਂ ਤੋਂ ਬਾਅਦ ਆਖਰਕਾਰ ਉਨ੍ਹਾਂ ਨੂੰ ਅੰਡਮਾਨ ਦੇ ਚੀਫ਼ ਕਮਿਸ਼ਨਰ ਦੀ ਚਿੱਠੀ ਮਿਲੀ, ਜਿਸ ‘ਚ ਲਿਖਿਆ ਸੀ ਕਿ ‘ ਮਰੀਜ਼ ਦਾ ਪਾਗਲਪਨ ਮਲੇਰੀਆ ਦੀ ਲਾਗ ਕਰਕੇ ਹੈ। ਉਸ ਦੀ ਹਾਲਤ ਹੁਣ ਠੀਕ ਹੈ।”
ਕੈਦੀਆਂ ਵੱਲੋਂ ਬਗ਼ਾਵਤ
ਤਸੀਹਿਆਂ ਨੂੰ ਨਾ ਬਰਦਾਸ਼ਤ ਕਰਦਿਆ ਕੈਦੀਆਂ ਨੇ ਬਗ਼ਾਵਤ ਕਰ ਦਿੱਤੀ। ਇੱਕ ਵਾਰ 1930 ਦੇ ਦਹਾਕੇ ਦੇ ਸ਼ੁਰੂ ‘ਚ ਸੈਲੂਰ ਜੇਲ੍ਹ ਦੇ ਕੁਝ ਕੈਦੀਆਂ ਨੇ ਸਖ਼ਤ ਵਿਵਹਾਰ ਦੇ ਵਿਰੋਧ ‘ਚ ਭੁੱਖ ਹੜਤਾਲ ਕੀਤੀ ਸੀ। ਮਈ 1933 ‘ਚ ਕੈਦੀਆਂ ਵੱਲੋਂ ਕੀਤੀ ਗਈ ਭੁੱਖ ਹੜਤਾਲ ਨੇ ਜੇਲ੍ਹ ਪ੍ਰਸ਼ਾਸਨ ਦਾ ਧਿਆਨ ਖਿੱਚਿਆ। ਕੈਥੀ ਸਕਾਟ ਕਲਾਰਕ ਅਤੇ ਐਡਰੀਅਨ ਲੇਵੀ ਦੇ ਅਨੁਸਾਰ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਰਿਕਾਰਡ ‘ਚੋਂ ਉਨ੍ਹਾਂ ਨੇ ਰਾਜਾਂ ਦੇ ਗਵਰਨਰਾਂ ਅਤੇ ਮੁੱਖ ਕਮਿਸ਼ਨਰਾਂ ਵੱਲੋਂ ਦਿੱਤੇ ਗਏ ਹੁਕਮਾਂ ਪ੍ਰਤੀ ਬ੍ਰਿਟਿਸ਼ ਹਕੂਮਤ ਦੀ ਪ੍ਰਤੀਕਿਰਿਆ ਵੇਖੀ।
ਭੁੱਖ ਹੜਤਾਲ ‘ਤੇ ਬੈਠੇ ਸੁਰੱਖਿਆ ਕੈਦੀਆਂ ਦੇ ਬਾਰੇ ‘ਚ, ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣ , ਜਿੰਨ੍ਹਾਂ ਕੈਦੀਆਂ ਨੂੰ ਜ਼ਿੰਦਾ ਰੱਖਣਾ ਜ਼ਰੂਰੀ ਹੈ ਉਨ੍ਹਾਂ ਨੂੰ ਕੋਈ ਛੋਟ ਨਾ ਦਿੱਤੀ ਜਾਵੇ। ਉਨ੍ਹਾਂ ਨੂੰ ਰੋਕਣ ਲਈ ਹੱਥ ਦੀ ਵਰਤੋਂ ਸਭ ਤੋਂ ਵਧੀਆ ਤਰੀਕਾ ਹੈ ਅਤੇ ਜੇਕਰ ਫਿਰ ਵੀ ਉਹ ਵਿਰੋਧ ਕਰਨ ਤਾਂ ਫਿਰ ਮਸ਼ੀਨੀ ਤਰੀਕਾ ਅਪਣਾਇਆ ਜਾਵੇ। 33 ਕੈਦੀਆਂ ਨੇ ਆਪਣੇ ਇਲਾਜ ਦੇ ਵਿਰੋਧ ‘ਚ ਭੁੱਖ ਹੜਤਾਲ ਕੀਤੀ। ਇੰਨ੍ਹਾਂ ‘ਚ ਲਾਹੌਰ ਸਾਜਿਸ਼ ਮਾਮਲੇ ‘ਚ ਦੋਸ਼ੀ ਠਹਿਰਾਏ ਗਏ ਭਗਤ ਸਿੰਘ ਦੇ ਸਾਥੀ ਮਹਾਵੀਰ ਸਿੰਘ ਅਤੇ ਹਥਿਆਰ ਐਕਟ ਮਾਮਲੇ ‘ਚ ਸਜ਼ਾ ਪਾਉਣ ਵਾਲੇ ਮੋਹਨ ਰਾਕੇਸ਼ , ਕਿਸ਼ੋਰ ਨਾਮਾਦਾਸ ਅਤੇ ਮੋਹਿਤ ਮੋਇਤਰਾ ਵੀ ਸ਼ਾਮਲ ਸਨ।
ਆਰ ਵੀ ਆਰ ਮੂਰਤੀ ਅਨੁਸਾਰ ਤਿੰਨ੍ਹਾਂ ਦੀ ਮੌਤ ਜ਼ਬਰਦਸਤੀ ਖਾਣਾ ਖਿਲਾਉਣ ਕਰਕੇ ਹੋਈ ਸੀ। ਜ਼ਬਰਦਸਤੀ ਖਾਣਾ ਖਿਲਾਉਣ ਦੀ ਕੋਸ਼ਿਸ਼ ਕਰਦੇ ਸਮੇਂ ਉਨ੍ਹਾਂ ਦੇ ਫੇਫੜਿਆਂ ‘ਚ ਦੁੱਧ ਚਲਾ ਗਿਆ ਸੀ, ਜਿਸ ਦੇ ਨਤੀਜੇ ਵੱਜੋਂ ਉਨ੍ਹਾਂ ਨੂੰ ਨਮੋਨੀਆ ਹੋ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ । ਉਨ੍ਹਾਂ ਦੀਆਂ ਲਾਸ਼ਾਂ ਨੂੰ ਪੱਥਰਾਂ ਨਾਲ ਬੰਨ੍ਹ ਕੇ ਟਾਪੂ ਦੇ ਨਜ਼ਦੀਕੇ ਦੇ ਪਾਣੀਆਂ ‘ਚ ਡਬੋ ਦਿੱਤਾ ਗਿਆ ਸੀ।
ਅੰਡੇਮਾਨ ਦੇ ਟਾਪੂਆਂ ‘ਤੇ ਜਪਾਨ ਦਾ ਕਬਜ਼ਾ
1941 ‘ਚ ਇੱਕ ਭਿਆਨਕ ਭੂਚਾਲ ਆਇਆ , ਸੁਨਾਮੀ ਵੀ ਆਈ ਹੋਵੇਗੀ, ਪਰ ਜਾਨ-ਮਾਲ ਦੇ ਨੁਕਸਾਨ ਦੇ ਕੋਈ ਅੰਕੜੇ ਉਪਲਬਧ ਨਹੀਂ ਹਨ।
ਜਾਪਾਨ ਨੇ ਮਾਰਚ 1942 ‘ਚ ਅੰਡਮਾਨ ਦੇ ਟਾਪੂਆਂ ‘ਤੇ ਆਪਣਾ ਕਬਜ਼ਾ ਕਰ ਲਿਆ। ਸੈਲੂਲਰ ਜੇਲ੍ਹ ‘ਚ ਉਸ ਤੋਂ ਬਾਅਦ ਬਰਤਾਨੀਆ ਦੇ ਸ਼ੱਕੀ ਭਾਰਤੀ ਸਮਰਥਕ ਅਤੇ ਬਾਅਦ ‘ਚ ਭਾਰਤੀ ਸੁੰਤਤਰਤਾ ਦੇ ਮੈਂਬਰਾਂ ਨੂੰ ਕੈਦ ਕੀਤਾ ਗਿਆ ਸੀ। ਐਨ ਇਕਬਾਲ ਸਿੰਘ ਲਿਖਦੇ ਹਨ ਕਿ ਉੱਥੇ ਬਹੁਤ ਸਾਰੇ ਲੋਕਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਅਤੇ ਬਾਅਦ ‘ਚ ਮਾਰ ਦਿੱਤਾ ਗਿਆ। ਵਸੀਮ ਅਹਿਮਦ ਸਇਦ ਲਿਖਦੇ ਹਨ ਕਿ 30 ਜਨਵਰੀ,1944 ਨੂੰ ਜਾਪਾਨੀਆਂ ਨੇ ਸੈਲੂਲਰ ਜੇਲ੍ਹ ਤੋਂ 44 ਸਥਾਨਕ ਕੈਦੀਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਟਰੱਕਾਂ ‘ਚ ਲੱਦ ਕੇ ਹੰਫਰੀਗੰਜ ਲੈ ਗਏ, ਜਿੱਥੇ ਪਹਿਲਾਂ ਹੀ ਇੱਕ ਟੋਆ ਪੁੱਟਿਆ ਗਿਆ ਸੀ।
ਉਨ੍ਹਾਂ ਲੋਕਾਂ ਨੂੰ ਅੰਗਰੇਜ਼ਾਂ ਲਈ ਜਾਸੂਸੀ ਕਰਨ ਦੇ ਸ਼ੱਕ ‘ਚ ਗੋਲੀਆਂ ਨਾਲ ਭੁੰਨ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਉਸੇ ਟੋਏ ‘ਚ ਸੁੱਟ ਦਿੱਤਾ ਗਿਆ ਸੀ ਅਤੇ ਉਪਰੋਂ ਮਿੱਟੀ ਪਾ ਕੇ ਟੋਆ ਪੂਰ ਦਿੱਤਾ ਗਿਆ ਸੀ। ਜਦੋਂ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਹੋਣ ਲੱਗੀ ਤਾਂ ਜਪਾਨੀਆਂ ਨੇ ਬੁੱਢੇ ਅਤੇ ਅਜਿਹੇ ਕੈਦੀਆਂ ਤੋਂ ਨਜ਼ਾਤ ਪਾਉਣ ਦਾ ਫੈਸਲਾ ਕੀਤਾ ਜੋ ਕੰਮ ਕਰਨ ਦੇ ਯੋਗ ਨਹੀਂ ਸਨ। ਡੇਵਿਡ ਮਿਲਰ ਦੇ ਅਨੁਸਾਰ 13 ਅਗਸਤ, 1945 ਨੂੰ 300 ਭਾਰਤੀਆਂ ਨੂੰ ਤਿੰਨ ਕਿਸ਼ਤੀਆਂ ‘ਤੇ ਲੱਦ ਕੇ ਬੇਅਬਾਦ ਟਾਪੂ ‘ਤੇ ਲਿਜਾਇਆ ਗਿਆ ਅਤੇ ਜਦੋਂ ਕਿਸ਼ਤੀਆਂ ਸਮੁੰਦਰੀ ਕੰਢੇ ਤੋਂ ਕਈ ਸੌ ਗਜ਼ ਦੂਰ ਸਨ ਤਾਂ ਕੈਦੀਆਂ ਨੂੰ ਸਮੁੰਦਰ ‘ਚ ਛਾਲ ਮਾਰਨ ਲਈ ਮਜਬੂਰ ਕੀਤਾ ਗਿਆ ਸੀ।
ਉਨ੍ਹਾਂ ‘ਚੋਂ ਲਗਭਗ ਇੱਕ ਤਿਹਾਈ ਡੁੱਬ ਗਏ ਸਨ ਅਤੇ ਜੋ ਲੋਕ ਕੰਢੇ ਤੱਕ ਪਹੁੰਚ ਵੀ ਸਕੇ ਉਹ ਭੁੱਖ ਨਾਲ ਮਰ ਗਏ। ਜਦੋਂ ਬਰਤਾਨਵੀ ਰਾਹਤ ਕਰਮਚਾਰੀ ਛੇ ਹਫ਼ਤਿਆਂ ਬਾਅਦ ਪਹੁੰਚੇ ਤਾਂ ਸਿਰਫ 11 ਕੈਦੀ ਜ਼ਿੰਦਾ ਸਨ। ਅਗਲੇ ਦਿਨ 800 ਕੈਦੀਆਂ ਨੂੰ ਇੱਕ ਹੋਰ ਬੇਅਬਾਦ ਟਾਪੂ ‘ਤੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਕੰਢੇ ‘ਤੇ ਹੀ ਛੱਡ ਦਿੱਤਾ ਗਿਆ। ਬਾਅਦ ‘ਚ ਉਨ੍ਹਾਂ ਸਾਰਿਆਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਇੱਕ ਫੌਜੀ ਦਸਤਾ ਸਾਰੀਆਂ ਲਾਸ਼ਾਂ ਨੂੰ ਸਾੜਨ ਅਤੇ ਦਫ਼ਨਾਉਣ ਲਈ ਉੱਥੇ ਪਹੁੰਚਿਆ।
ਅਕਤੂਬਰ 1945 ‘ਚ ਜਾਪਾਨੀਆਂ ਨੇ ਸੰਯੁਕਤ ਫੌਜ ਅੱਗੇ ਹਥਿਆਰ ਸੁੱਟ ਦਿੱਤੇ ਅਤੇ ਇਹ ਟਾਪੂ ਮੁੜ ਬ੍ਰਿਟਿਸ਼ ਕੰਟਰੋਲ ਹੇਠ ਆ ਗਏ। ਇਸ ਵਾਰ ਪੀੜ੍ਹਤਾਂ ‘ਚ ਜਾਪਾਨੀ ਵੀ ਸ਼ਾਮਲ ਸਨ। ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ‘ਤੇ ਜਾਪਾਨ ਵੱਲੋਂ ਹਥਿਆਰ ਸੁੱਟਣ ਤੋਂ ਇੱਕ ਮਹੀਨੇ ਬਾਅਦ ਅੰਗਰੇਜ਼ਾਂ ਨੇ 7 ਅਕਤੂਬਰ, 1945 ਨੂੰ ਸਜ਼ਾ ਦੇਣ ਲਈ ਬਣਾਈ ਗਈ ਇਸ ਬਸਤੀ ਦੀ ਹੋਂਦ ਨੂੰ ਤਬਾਹ ਕਰ ਦਿੱਤਾ ਅਤੇ ਕੈਦੀਆਂ ਨੂੰ ਭਾਰਤ ਦੀਆਂ ਵੱਖੋ ਵੱਖ ਜੇਲ੍ਹਾਂ ‘ਚ ਭੇਜ ਦਿੱਤਾ।
ਰਿਕਾਰਡ ਦੇ ਅਨੁਸਾਰ ਸਾਲ 1860 ਤੋਂ ਲਗਭਗ 80 ਹਜ਼ਾਰ ਭਾਰਤੀ ਕੈਦੀਆਂ ਨੂੰ ਸਜ਼ਾ ਵੱਜੋਂ ਅੰਡੇਮਾਨ ਭੇਜਿਆ ਗਿਆ ਸੀ। ਆਜ਼ਾਦੀ ਘੁਲਾਟੀਆਂ ਦੀ ਵਧੇਰੇਤਰ ਗਿਣਤੀ ਬੰਗਾਲ, ਪੰਜਾਬ ਅਤੇ ਮਹਾਰਸ਼ਟਰ ਤੋਂ ਸੀ। ਉਹ ਜ਼ਿਆਦਾਤਰ ਹਿੰਦੂ, ਸਿੱਖ ਅਤੇ ਮੁਸਲਮਾਨ ਸਨ ਅਤੇ ਸਾਰੀਆਂ ਜਾਤਾਂ ਅਤੇ ਫਿਰਕਿਆਂ ਨਾਲ ਸਬੰਧ ਰੱਖਦੇ ਸਨ। ਸਾਲ 1957 ‘ਚ ਆਜ਼ਾਦੀ ਸੰਗਰਾਮ ਦੀ ਯਾਦ ‘ਚ ਭਾਰਤ ਅਤੇ ਪਾਕਿਸਤਾਨ ‘ਚ ਸ਼ਤਾਬਦੀ ਸਮਾਗਮ ਆਯੋਜਿਤ ਕੀਤੇ ਗਏ।
ਉਸ ਮੌਕੇ ਸ਼ਾਇਰ ਸਾਹਿਰ ਲੁਧਿਆਣਵੀ ਨੇ ਕਿਹਾ ਸੀ ਕਿ ‘ਬ੍ਰਿਟੇਨ ਨੂੰ ਆਜ਼ਾਦੀ ਦੀ ਜੰਗ ‘ਚ ਕਤਲੇਆਮ ‘ਤੇ ਭਾਵੇਂ ਨਾ ਸਹੀ ਪਰ ਕਾਲੇ ਪਾਣੀ ਦੇ ਤਸੀਹਿਆਂ ‘ਤੇ ਉਪ ਮਹਾਂਦੀਪ ਦੇ ਲੋਕਾਂ ਤੋਂ ਮੁਆਫ਼ੀ ਜ਼ਰੂਰ ਮੰਗਣੀ ਚਾਹੀਦੀ ਹੈ।’