ਵਿਸ਼ੇਸ਼ ਰਿਪੋਰਟ
ਹੁਸ਼ਿਆਰਪੁਰ, 8 ਜੁਲਾਈ (ਚੀਫ ਬਿਓੂਰੋ)-
ਨਡੀਆਰਐੱਫ ਦੇ ਡੀਜੀ ਅਤੁਲ ਕਾਰਵਲ ਨੇ ਜਾਣਕਾਰੀ ਦਿੱਤੀ ਕਿ ਇਸ ਵੇਲੇ 10 ਲੋਕਾਂ ਦੀ ਮੌਤ ਦਾ ਅੰਕੜਾ ਹੈ ਅਤੇ 3 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਐੱਨਡੀਆਰਐੱਫ ਤੋਂ ਇਲਾਵਾ ਹੋਰ ਵੀ ਕਈ ਟੀਮਾਂ ਰਾਹਤ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਆਈਟੀਬੀ ਦੇ ਪੀਆਰਓ ਵਿਵੇਕ ਪਾਂਡੇ ਨੇ ਜਾਣਕਾਰੀ ਦਿੰਦਿਆਂ ਕਿਹਾ ਫਿਲਹਾਲ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਭਾਰਤੀ ਸਮੇਂ ਮੁਤਾਬਕ ਸ਼ਾਮ 5.30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ। ਐੱਨਡੀਆਰਐੱਫ ਤੇ ਐੱਸਡੀਆਰਐੱਫ ਸਮੇਤ ਕਈ ਟੀਮਾਂ ਬਚਾਅ ਕਾਰਜ ਵਿੱਚ ਜੁਟੀਆਂ ਹਨ।
ਦੇਸ਼ ਦੇ ਗ੍ਰਹਿ ਮੰਤਰ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਲਿਖਿਆ, “ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਸਬੰਧੀ ਮੈਂ ਜੰਮੂ-ਕਸ਼ਮੀਰ ਦੇ ਐੱਲਜੀ ਮਨੋਜ ਸਿਨ੍ਹਾ ਨਾਲ ਗੱਲ ਕਰ ਕੇ ਹਾਲਾਤ ਦੀ ਜਾਣਕਾਰੀ ਲਈ ਹੈ।”
“ਐੱਨਡੀਆਰਐੱਫ, ਸੀਆਰਪੀਐੱਫ, ਬੀਐੱਸਐੱਫ ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਲੋਕਾਂ ਦੀ ਜਾਨ ਬਚਾਉਣਾ ਸਾਡੀ ਪ੍ਰਾਥਮਿਕਤਾ ਹੈ। ਸਾਰੇ ਸ਼ਰਧਾਲੂਆਂ ਨੂੰ ਕੁਸ਼ਲਤਾ ਦੀ ਕਾਮਨਾ ਕਰਦਾ ਹਾਂ।”
ਦੋ ਸਾਲ ਬਾਅਦ ਮੁੜ ਸ਼ੁਰੂ ਹੋਈ ਯਾਤਰਾ
ਦੋ ਸਾਲ ਦੇ ਵਕਫ਼ੇ ਬਾਅਦ ਇਸ ਵਾਰ ਸ਼੍ਰੀ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ 43 ਦਿਨਾਂ ਤੱਕ ਚੱਲੇਗੀ। ਇਸ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਭਾਰਤ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਭਾਰਤ ਸ਼ਾਸਿਤ ਕਸ਼ਮੀਰ ਘਾਟੀ ਪਹੁੰਚਦੇ ਹਨ।
ਇਸ ਵਾਰ ਅਮਰਨਾਥ ਗੁਫ਼ਾ ਜਾਣ ਵਾਲੇ ਯਾਤਰੀ ਕਸ਼ਮੀਰ ਘਾਟੀ ਦੇ ਦੋ ਬੇਸ ਕੈਂਪਾਂ ਵਿੱਚ ਠਹਿਰਾਏ ਜਾ ਰਹੇ ਹਨ ਅਤੇ ਇਨ੍ਹਾਂ ਬੇਸ ਕੈਂਪਾਂ ਵਿੱਚੋਂ ਰੋਜ਼ਾਨਾ ਯਾਤਰੀਆਂ ਦੇ ਜੱਥੇ ਅਮਰਨਾਥ ਗੁਫ਼ਾ ਦਰਸ਼ਨ ਲਈ ਰਵਾਨਾ ਹੁੰਦੇ ਹਨ।
ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਟਰਾਂਜ਼ਿਟ ਕੈਂਪ ਵੀ ਬਣਾਏ ਗਏ ਹਨ, ਜਿੱਥੇ ਦੇਰ ਰਾਤ ਪਹੁੰਚਣ ਵਾਲੇ ਯਾਤਰੀਆਂ ਨੂੰ ਰੁਕਣ ਅਤੇ ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਬੇਸ ਕੈਂਪਾਂ ਵਿੱਚ ਜਾਣ ਦੀ ਆਗਿਆ ਹੋਵੇਗੀ।
ਅਮਰਨਾਥ ਯਾਤਰਾ ਦਾ ਮਹੱਤਵ
ਅਮਰਨਾਥ ਯਾਤਰਾ ਦਰਅਸਲ, ਹਿੰਦੂਆਂ ਲਈ ਪਵਿੱਤਰ ਅਮਰਨਾਥ ਗੁਫ਼ਾ ਤੱਕ ਦੀ ਯਾਤਰਾ ਹੈ। ਇਹ ਗੁਫ਼ਾ ਸਮੁੰਦਰ ਤਲ ਤੋਂ 3,888 ਮੀਟਰ ਯਾਨਿ 12,756 ਫੁੱਟ ਦੀ ਉੱਚਾਈ ‘ਤੇ ਸਥਿਤ ਹੈ।
ਇੱਥੋਂ ਤੱਕ ਕੇਵਲ ਪੈਦਲ ਜਾਂ ਖੱਚਰ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਭਾਰਤ ਪ੍ਰਸ਼ਾਸਿਤ ਦੱਖਣੀ ਕਸ਼ਮੀਰ ਦੇ ਪਹਿਲਗਾਮ ਤੋਂ ਇਹ ਦੂਰੀ ਕਰੀਬ 46 ਕਿਲੋਮੀਟਰ ਦੀ ਹੈ, ਜਿਸ ਨੂੰ ਪੈਦਲ ਪੂਰਾ ਕਰਨਾ ਹੁੰਦਾ ਹੈ। ਇਸ ਵਿੱਚ ਕਰੀਬ 5 ਦਿਨ ਤੱਕ ਦਾ ਸਮਾਂ ਲੱਗਦਾ ਹੈ।
ਇੱਕ ਦੂਜਾ ਰਸਤਾ ਸੋਨਮਰਗ ਦੇ ਬਾਲਟਾਲ ਤੋਂ ਵੀ ਹੈ, ਜਿਸ ਵਿੱਚ ਅਮਰਨਾਥ ਗੁਫ਼ਾ ਦੀ ਦੂਰੀ ਮਹਿਜ਼ 16 ਕਿਲੋਮੀਟਰ ਹੈ ਪਰ ਮੁਸ਼ਕਲ ਚੜਾਈ ਹੋਣ ਨਾਲ ਇਹ ਰਸਤਾ ਬੇਹੱਦ ਕਠਿਨ ਮੰਨਿਆ ਜਾਂਦਾ ਹੈ।
ਇਹ ਗੁਫ਼ਾ ਬਰਫ਼ ਨਾਲ ਢੱਕੀ ਰਹਿੰਦੀ ਹੈ ਪਰ ਗਰਮੀਆਂ ਵਿੱਚ ਥੋੜ੍ਹੇ ਸਮੇਂ ਲਈ ਜਦੋਂ ਬਰਫ਼ ਮੌਜੂਦ ਨਹੀਂ ਹੁੰਦੀ, ਉਸ ਵੇਲੇ ਤੀਰਥ ਯਾਤਰੀ ਇੱਥੇ ਪਹੁੰਚ ਸਕਦੇ ਹਨ। ਸਉਣ ਦੇ ਮਹੀਨੇ ਵਿੱਚ ਇਹ ਯਾਤਰਾ ਸ਼ੁਰੂ ਹੁੰਦੀ ਹੈ। ਇਨ੍ਹਾਂ 45 ਦਿਨਾਂ ਤੱਕ ਤੀਰਥ ਯਾਤਰੀ ਇੱਥੇ ਆ ਸਕਦੇ ਹਨ।
ਹਾਲਾਂਕਿ, ਯਾਤਰਾ ਦੀ ਸ਼ੁਰੂਆਤ ਕਦੋਂ ਹੋਈ ਇਸ ਦੀ ਅਧਿਕਾਰਤ ਜਾਣਕਾਰੀ ਉਪਲਬਧ ਨਹੀਂ ਹੈ। ਇਸ ਯਾਤਰਾ ਲਈ ਆਉਣ ਵਾਲੇ ਲੋਕਾਂ ਦੀ ਵਧਦੀ ਗਿਣਤੀ ਨੂੰ ਦੇਖ ਕੇ ਹੀ 2000 ਵਿੱਚ ਅਮਰਨਾਥ ਸ਼੍ਰਾਈਨ ਬੋਰਡ ਦਾ ਗਠਨ ਕੀਤਾ ਗਿਆ ਜੋ ਸੂਬਾ ਸਰਕਾਰ ਨਾਲ ਮਿਲ ਕੇ ਇਸ ਯਾਤਰਾ ਦੇ ਪ੍ਰਬੰਧ ਨੂੰ ਸਫ਼ਲ ਬਣਾਉਂਦਾ ਹੈ।
ਗੁਫ਼ਾ ਦੀ ਕੀ ਅਹਿਮੀਅਤ
ਦੰਤਕਥਾ ਇਹ ਹੈ ਕਿ ਇਸ ਗੁਫ਼ਾ ਵਿੱਚ ਸ਼ਿਵ ਨੇ ਆਪਣੀ ਹੋਂਦ ਅਤੇ ਅਮਰਤਵ ਦੇ ਰਹੱਸ ਬਾਰੇ ਪਾਰਵਤੀ ਨੂੰ ਦੱਸਿਆ ਸੀ। ਇਸ ਗੁਫ਼ਾ ਦਾ ਜ਼ਿਕਰ ਕਸ਼ਮੀਰੀ ਇਤਿਹਾਸਕਾਰ ਕਲਹਣ ਦੇ 12ਵੀਂ ਸਦੀ ਵਿੱਚ ਰਚਿਤ ਮਹਾਂਕਾਵਿ ਰਾਜਤਰੰਗਿਣੀ ਵਿੱਚ ਵੀ ਹੈ।
ਹਾਲਾਂਕਿ, ਇਸ ਤੋਂ ਬਾਅਦ ਲੰਬੇ ਸਮੇਂ ਤੱਕ ਇਸ ਗੁਫ਼ਾ ਨਾਲ ਜੁੜੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਇਸ ਗੁਫ਼ਾ ਦੀ ਛਤ ਤੋਂ ਬੂੰਦ-ਬੂੰਦ ਪਾਣੀ ਟਪਕਦਾ ਹੈ ਜੋ ਫ੍ਰੀਜਿੰਗ ਪੁਆਇੰਟ ‘ਤੇ ਜੰਮਦਿਆਂ ਹੋਇਆ ਇੱਕ ਵਿਸ਼ਾ ਕੋਨ ਦੇ ਆਕਾਰ ਦੀ ਆਕ੍ਰਿਤੀ ਬਣਾਉਂਦਾ ਹੈ, ਜਿਸ ਨੂੰ ਹਿੰਦੂ ਸ਼ਿਵਲਿੰਗ ਦਾ ਰੂਪ ਮੰਨਦੇ ਹਨ।
ਜੂਨ ਤੋਂ ਅਗਸਤ ਵਿਚਾਲੇ ਇਸ ਆਕ੍ਰਿਤੀ ਦਾ ਆਕਾਰ ਥੋੜ੍ਹਾ ਛੋਟਾ ਜੋ ਜਾਂਦਾ ਹੈ। ਸ਼ਿਵਲਿੰਗ ਦੇ ਨਾਲ ਗਣੇਸ਼ ਅਤੇ ਪਾਰਵਤੀ ਦੀ ਬਰਫ਼ ਨਾਲ ਬਣੀ ਮੂਰਤੀ ਵੀ ਨਜ਼ਰ ਆਉਂਦੀ ਹੈ।
ਇਸ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਹਿੰਦੂ ਅਮਰਨਾਥ ਯਾਤਰਾ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਂਦੇ ਹਨ।