ਹੁਸ਼ਿਆਰਪੁਰ, 3 ਜੁਲਾਈ (ਵਿਸ਼ੇਸ਼ ਰਿਪੋਰਟ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਰੀਬ ਇੱਕ ਮਹੀਨਾ ਬੀਤ ਚੁੱਕਿਆ ਹੈ।
ਉਦੋਂ ਤੋਂ ਪਾਕਿਸਤਾਨ ਵਿੱਚ ਰਹਿੰਦੇ ਉਨ੍ਹਾਂ ਦੇ ਪ੍ਰਸ਼ੰਸਕ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਹੁਣ ਉਨ੍ਹਾਂ ਦੀ ਤਸਵੀਰ ਪਾਕਿਸਤਾਨ ਦੀ ਘਰੇਲੂ ਸਿਆਸਤ ਵਿੱਚ ਵੀ ਵਰਤੀ ਜਾ ਰਹੀ ਹੈ। ਪਾਕਿਸਤਾਨ ਦੇ ਪੰਜਾਬ ‘ਚ ਹੋਈ ਜ਼ਿਮਨੀ ਚੋਣ ਵਿੱਚ ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਜ਼ੈਨ ਕੁਰੈਸ਼ੀ ਦੇ ਨਾਲ ਮੂਸੇਵਾਲਾ ਦੀ ਤਸਵੀਰ ਦੇਖਣ ਵਿੱਚ ਆਈ ਹੈ। ਜ਼ੈਨ ਕੁਰੈਸ਼ੀ ਮੁਲਤਾਨ ਖੇਤਰ ਦੇ ਪੀਪੀ 217 ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਚੋਣ ਹੋਰਡਿੰਗ ‘ਤੇ ਛਪੀ ਮੂਸੇਵਾਲਾ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਪੋਸਟਰ ‘ਤੇ ਉਨ੍ਹਾਂ ਦੀ ਪਾਰਟੀ ਦੇ ਕੁਝ ਅਹੁਦੇਦਾਰਾਂ ਦੇ ਨਾਂ ਅਤੇ ਤਸਵੀਰਾਂ ਵੀ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਸੀ ਅਤੇ ਮੂਸੇਵਾਲਾ ਦੀ ਤਸਵੀਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਗੀਤ ਵੱਲ ਇਸ਼ਾਰਾ ‘295’ ਲਿਖ ਕੇ ਵੀ ਕੀਤਾ ਗਿਆ ਹੈ।
ਜ਼ੈਨ ਕੁਰੈਸ਼ੀ ਦਾ ਮੂਸੇਵਾਲਾ ਨਾਲ ਕੀ ਸਬੰਧ ਹੈ?
ਜ਼ੈਨ ਕੁਰੈਸ਼ੀ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ‘ਪੀਟੀਆਈ’ ਦੇ ਉਪ ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਦੇ ਪੁੱਤਰ ਹਨ। ਉਹ ਪਿਛਲੀਆਂ ਆਮ ਚੋਣਾਂ ਵਿੱਚ ਮੁਲਤਾਨ ਤੋਂ ਚੁਣੇ ਜਾਣ ਤੋਂ ਬਾਅਦ ਨੈਸ਼ਨਲ ਅਸੈਂਬਲੀ ਵਿੱਚ ਪੁੱਜੇ ਸਨ। ਹਾਲ ਹੀ ਵਿੱਚ ਸਰਕਾਰ ਗੁਆਉਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੇ ਨੈਸ਼ਨਲ ਅਸੈਂਬਲੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਸੀ। ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੇ ਗੀਤ ਖ਼ਾਸ ਕਰਕੇ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹਨ। ਉਨ੍ਹਾਂ ਦੇ ਕਈ ਗੀਤਾਂ ਨੂੰ ਸੋਸ਼ਲ ਮੀਡੀਆ ‘ਤੇ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਪਾਕਿਸਤਾਨੀ ਪੰਜਾਬ ‘ਚ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੈ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਇਹੀ ਲੋਕਪ੍ਰਿਅਤਾ ‘ਪੀਟੀਆਈ’ ਦੇ ਉਮੀਦਵਾਰ ਜ਼ੈਨ ਕੁਰੈਸ਼ੀ ਦੇ ਪੋਸਟਰ ‘ਤੇ ਉਨ੍ਹਾਂ ਦੀ ਤਸਵੀਰ ਲਗਾਉਣ ਦਾ ਕਾਰਨ ਬਣ ਗਈ ਹੈ?
ਕਿਸ ਨੇ ਛਪਵਾਈ ਮੂਸੇਵਾਲਾ ਦੀ ਫ਼ੋਟੋ
ਹਾਲਾਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਪੋਸਟਰ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਕਿਵੇਂ ਆਈ ਅਤੇ ਕਿਸ ਨੇ ਛਾਪੀ ਹੈ। ‘ਪਰ ਜਿਸ ਨੇ ਵੀ ਇਹ ਤਸਵੀਰ ਛਾਪੀ ਹੈ, ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਸ ਕਾਰਨ ਇਹ ਪੋਸਟਰ ਇੰਨਾ ਵਾਇਰਲ ਹੋਇਆ ਹੈ ਜਿੰਨਾ ਸਾਡਾ ਕੋਈ ਵੀ ਪੋਸਟਰ ਵਾਇਰਲ ਨਹੀਂ ਹੋਇਆ।’ ਜ਼ੈਨ ਕੁਰੈਸ਼ੀ ਨੇ ਕਿਹਾ ਕਿ ਉਹ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ ਪੋਸਟਰ ਕਿਸ ਨੇ ਛਪਵਾਏ ਅਤੇ ਕਿੱਥੇ ਲਗਾਏ ਗਏ ਅਤੇ ਇਸ ਪਿੱਛੇ ਕੀ ਮਕਸਦ ਸੀ। ਹਾਲਾਂਕਿ ਉਨ੍ਹਾਂ ਦੇ ਵਿਚਾਰ ਵਿੱਚ ਜ਼ਰੂਰ ਉਨ੍ਹਾਂ ਦੀ ਪਾਰਟੀ ਦੇ ਕਿਸੇ ਹਮਾਇਤੀ ਨੇ ਉਨ੍ਹਾਂ ਦੀ ਹਮਾਇਤ ਵਿੱਚ ਅਜਿਹਾ ਕੀਤਾ ਹੋਵੇਗਾ। ਪੀਟੀਆਈ ਦੇ ਹਲਕਾ ਪੀਪੀ 217 ਤੋਂ ਉਮੀਦਵਾਰ ਜ਼ੈਨ ਕੁਰੈਸ਼ੀ ਨੇ ਕਿਹਾ ਕਿ ਉਹ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਬਾਰੇ ਬਹੁਤਾ ਨਹੀਂ ਜਾਣਦੇ ਸਨ। ‘ਸਿੱਧੂ ਖਾਸ ਤੌਰ ‘ਤੇ ਨੌਜਵਾਨਾਂ ਵਿੱਚ ਬਹੁਤ ਚਹੇਤੇ ਸਨ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਸਨ ਅਤੇ ਇਸ ਪ੍ਰਸਿੱਧੀ ਤੋਂ ਬਾਅਦ ਉਨ੍ਹਾਂ ਦਾ ਸਿਆਸਤ ਵਿੱਚ ਆਉਣਾ ਹੀ ਮੌਤ ਦੀ ਵਜ੍ਹਾ ਬਣੀ ਹੋਵੇ।’
ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲਾ ਪੋਸਟਰ ਪਾਉਣ ਤੋਂ ਬਾਅਦ ਇਸ ‘ਤੇ ਬਹਿਸ ਹੋਣ ਲੱਗੀ।