ਹੁਸ਼ਿਆਰਪੁਰ, 21 ਜੂਨ ( ਰਾਜਪੂਤ)- ਮਨਰੇਗਾ ਲੇਬਰ ਮੂਵਮੈਂਟ ਪੰਜਾਬ ਵਲੋਂ ਮਨਰੇਗਾ ਮੇਟਾਂ ਤੇ ਵਰਕਰਾਂ ਨਾਲ ਹੋ ਰਹੀ ਬੇਇਨਸਾਫੀ ਤੇ ਭ੍ਰਿਸ਼ਟ ਨੀਤੀਆਂ ਦੇ ਤਹਿਤ ਕੰਮ ਤੋਂ ਹਟਾਈਆਂ ਗਈਆਂ ਮਨਰੇਗਾ ਮੇਟਾਂ ਸਬੰਧੀ 2019 ਵਿਚ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਮਨਰੇਗਾ ਪ੍ਰੋਜੈਕਟ ਕੋਆਰਡੀਨੇਟਰ ਵਲੋਂ ਜਾਰੀ ਹੁਕਮਾਂ ਦੀ ਹੇਠਲੇ ਪੱਧਰ ਤੇ ਉਲੰਘਣਾ ਕਰਨ ਅਤੇ ਮਾਨਯੋਗ ਸੰਯੁਕਤ ਵਿਕਾਸ ਕਮਿਸ਼ਨਰ (ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ) ਵਲੋਂ ਮਿਤੀ 13 ਫਰਵਰੀ 2020 ਨੂੰ ਪੱਤਰ ਤਹਿਤ ਮਨਰੇਗਾ ਐਕਟ ਨੂੰ ਲਾਗੂ ਕਰਨ ਅਤੇ 50 ਤੋਂ ਵੱਧ ਮਨਰੇਗਾ ਵਰਕਰਾਂ ਲਈ ਅਲੱਗ ਮੇਟ ਦੀ ਨਿਯੁਕਤੀ ਕਰਨ ਦੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਉਣ, ਮਨਰੇਗਾ ਜਾਬ ਕਾਰਡਾਂ ਵਿਚ ਸੋਧ ਕਰਨ ਤੇ ਉਨ੍ਹਾਂ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਉਣ ਤੇ ਕੰਮਾਂ ਨੂੰ ਪਾਰਦਰਸ਼ਕ ਤਰੀਕੇ ਨਾਲ ਕੰਮ ਕਰਵਾਉਣ ਸੰਬੰਧੀ ਜਿਲ੍ਹੇ ਦੇ ਪਿੰਡ ਫੱਤੋਵਾਲ ਅਤੇ ਖਾਨਪੁਰ ਸਹੋਤਾ ਵਿਚ ਮਨਰੇਗਾ ਦੇ ਕੰਮਾਂ ਦੀ ਜਾਂਚ ਕਰਵਾਉਣ ਅਤੇ ਮਨਰੇਗਾ ਵਰਕਰਾਂ ਨੂੰ ਬਰਾਬਰਤਾ ਦੇ ਅਧਾਰ ਉਤੇ ਕੰਮ ਨਾ ਦੇਣ, ਜਿ਼ਲੇ ਵਿਚ ਮਨਰੇਗਾ ਲੋਕ ਪਾਲ ਦਾ ਦਫਤਰ ਬਨਾਉਣ ਅਤੇ ਮਨਰੇਗਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਅਨੁਸਾਰ ਦਿਹਾੜੀ ਦੇਣ ਤੇ ਮਨਰੇਗਾ ਮੇਟਾਂ ਨੂੰ ਸਕਿਲਡ ਪਰਸਨ ਦਾ ਦਰਜਾ ਦੇਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜੀ ਨੂੰ ਜੈ ਗੋਪਾਲ ਧੀਮਾਨ ਅਤੇ ਬਲਾਕ 1 ਦੀ ਪ੍ਰਧਾਨ ਪਰਵੀਨ ਕੁਮਾਰੀ ਦੀ ਅਗਵਾਈ ਵਿਚ ਮੰਗ ਪਤੱਰ ਸੋਂਪਿਆ। ਓੁਨਾਂ ਕਿ ਹੇਠਲੇ ਪੱਧਰ ਤੇ ਮਨਰੇਗਾ ਵਰਕਰਾਂ ਨਾਲ ਵੱਡਾ ਸੰਵਿਧਾਨਕ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਪਿੰਡਾਂ ਵਿਚ ਗ੍ਰਾਮ ਰੁਜਗਾਰ ਸੇਵਕਾਂ ਦੀ ਮਿਲੀ ਭੁਗਤ ਨਾਲ ਕੁੱਝ ਸਰਪੰਚ ਮਨਰੇਗਾ ਦਾ ਨਿਜੀ ਤੌਰ ਤੇ ਆਰਥਿਕ ਲਾਭ ਲੈ ਰਹੇ ਹਨ, ਜਦੋਂ ਕਿ ਇਹ ਲਾਭ ਨਹੀਂ ਲਿਆ ਜਾ ਸਕਦਾ।
ਧੀਮਾਨ ਨੇ ਦੱਸਿਆ ਕਿ ਮਨਰੇਗਾ ਦੇ ਕੰਮਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਮਨਰੇਗਾ ਐਕਟ, ਮਨਰੇਗਾ ਵਰਕਰਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਵੱਡੀ ਢਾਅ ਲੱਗਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਮਨਰੇਗਾ ਦੇ ਕੰਮਾਂ ਵਿੱਚ ਪਾਰਦਰਸ਼ਤਾ ਪੈਦਾ ਕਰਨ ਅਤੇ ਮਨਰੇਗਾ ਮੇਟਾਂ ਨਾਲ ਹੋ ਰਹੇ ਧੱਕੇਸ਼ਾਹੀ ਸੰਬੰਧੀ ਵਿਧਾਇਕ ਡਾਕਟਰ ਰਵਜੋਤ ਦੇ ਵੀ ਧਿਆਨ ਹੇਠ ਮਾਮਲਾ ਲਿਆ ਚੁੱਕੇ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ 5 ਵਾਰ ਮੰਗ ਪੱਤਰ ਭੇਜ ਚੁੱਕੇ ਹਨ। ਪਰ ਕਿਸੇ ਵਲੋਂ ਕੋਈ ਵੀ ਧਿਆਨ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀ ਕਰਨੀ ਅਤੇ ਕਥਨੀ ਵਿਚ ਵੱਡਾ ਅੰਤਰ ਹੈ। ਧੀਮਾਨ ਨੇ ਦੱਸਿਆ ਕਿ ਅਗਰ 09 ਜੁਲਾਈ ਤੱਕ ਕੋਈ ਇਨਸਾਫ ਨਹੀਂ ਮਿਲਿਆ ਅਤੇ ਪਿੰਡ ਫੱਤੋਵਾਲ ਦੇ ਮਨਰੇਗਾ ਦੇ ਕੰਮਾਂ ਦੀ ਜਾਂਚ ਨਹੀਂ ਕੀਤੀ ਗਈ ਤਾਂ 10 ਜੁਲਾਈ ਨੂੰ ਮਿੰਨੀ ਸੱਕਤਰੇਤ ਦੇ ਬਾਹਰ ਧਰਨਾ ਦਿਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੰਗ ਪੱਤਰ ਦਾ ਇਕ ਇਕ ਉਤਾਰਾ, ਮਾਨਯੋਗ ਮੁੱਖ ਮੰਤਰੀ ਪੰਜਾਬ, ਮਾਨਯੋਗ ਸੰਯੁਕਤ ਵਿਕਾਸ ਕਮਿਸ਼ਨਰ, ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਅਤੇ ਮਾਨਯੋਗ ਚੀਫ ਸਕੱਤਰ ਪੰਜਾਬ ਸਰਕਾਰ ਨੂੰ ਵੀ ਭੇਜਿਆ ਹੈ। ਇਸ ਮੌਕੇ ਚਰਨਜੀਤ ਕੌਰ ਮੇਟ, ਬਲਰਾਜ ਕੁਮਾਰ, ਸੁਰਿੰਦਰ ਕੌਰ, ਗੁਰਬਖ਼ਸ਼ ਕੌਰ ਮੇਟ, ਕਮਲਜੀਤ ਕੌਰ, ਰਾਕੇਸ਼ ਬਾਲਾ, ਇੰਦਰਜੀਤ ਕੌਰ, ਸੁਦੇਸ਼ ਕੁਮਾਰੀ, ਅਨੀਤਾ ਰਾਣੀ, ਬਲਵਿੰਦਰ ਕੌਰ ਅਤੇ ਕੁਲਵਿੰਦਰ ਕੌਰ ਹਾਜਰ ਸਨ।