ਓਟਵਾ: ਕੈਨੇਡਾ ਦੀ ਸੰਸਦ ‘ਤੇ ਬੰਬ ਹਮਲੇ ਦੀ ਅਫਵਾਹ ਦੇ ਆਧਾਰ ‘ਤੇ 2 ਸਿੱਖਾਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਅਤੇ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਮੰਤਰੀ ਟਿਮ ਉੱਪਲ ਵੱਲੋਂ ਸਵਾਲ ਚੁੱਕੇ ਗਏ ਹਨ। ਉਨ੍ਹਾਂ ਇਸ ਸਬੰਧੀ ਜਗਮੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਏਜੰਸੀਆਂ ਨੂੰ ਬੰਬ ਹਮਲੇ ਦੀ ਇਤਲਾਹ ਆਖਿਰ ਕਿੱਥੋਂ ਮਿਲੀ? ਤੇ ਬਗੈਰ ਕਿਸੇ ਸਬੂਤ ਦੇ ਦੋ ਸਿੱਖਾਂ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਗਿਆ। ਉਨ੍ਹਾਂ ਕਿਹਾ ਇਸ ਘਟਨਾ ਤੋਂ ਸਾਫ ਹੈ ਕਿ ਕੁਝ ਤਾਂ ਗੜਬੜ ਜ਼ਰੂਰ ਸੀ ਜਿਸ ਸਬੰਧੀ ਪੂਰੀ ਜਾਣਕਾਰੀ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ।
ਦੱਸ ਦਈਏ ਕਿ ਓਟਵਾ ਪੁਲਿਸ ਵੱਲੋਂ ਮਨਵੀਰ ਸਿੰਘ ਅਤੇ ਪਰਮਿੰਦਰ ਸਿੰਘ ਨਾਂ ਦੇ ਸਿੱਖਾਂ ਨੂੰ ਗਿ੍ਫ਼ਤਾਰ ਕਰਦਿਆਂ ਪੁੱਛਗਿਛ ਕੀਤੀ ਗਈ ਪਰ ਬਾਅਦ ‘ਚ ਮੁਆਫ਼ੀ ਮੰਗ ਕੇ ਛੱਡ ਦਿੱਤਾ ਗਿਆ। ਮਨਵੀਰ ਸਿੰਘ ਅਤੇ ਪਰਮਿੰਦਰ ਸਿੰਘ ਵੱਲੋਂ 1984 ਦੇ ਸਿੱਖ ਕਤਲੇਆਮ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ ਸੀ। ਕੰਜ਼ਰਵੇਟਿਵ ਪਾਰਟੀ ਦੇ ਐਮ. ਪੀ. ਅਤੇ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਮੰਤਰੀ ਬਣਨ ਵਾਲੇ ਟਿਮ ਉੱਪਲ ਨੇ ਕਿਹਾ ਕਿ ਇਸ ਘਟਨਾ ਦੇ ਭਵਿੱਖ ‘ਚ ਖ਼ਤਰਨਾਕ ਸਿੱਟੇ ਨਿੱਕਲ ਸਕਦੇ ਹਨ। ਇਸ ਲਈ ਮੇਰਾ ਮੰਨਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ।ਇਸ ਤੋਂ ਇਲਾਵਾ ਟਿਮ ਉੱਪਲ ਨੇ ਬੋਲਦਿਆਂ ਅੱਗੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਸਾਰੇ ਜਾਣਨਾ ਚਾਹੁੰਦੇ ਹਨ ਕਿ ਇਹ ਸਭ ਕਿਉਂ ਤੇ ਕਿਵੇਂ ਵਾਪਰਿਆ ? ਹੁਣ ਤੱਕ ਇਸ ਬਾਰੇ ਕਿਹੜੇ ਕਦਮ ਚੁੱਕੇ ਗਏ ਹਨ ਅਤੇ ਪੁਲਿਸ ਨੇ ਗ਼ੈਰਜ਼ਿੰਮੇਵਾਰੀ ਵਾਲਾ ਵਤੀਰਾ ਕਿਉਂ ਅਪਣਾਇਆ। ਉੱਧਰ ਦੂਜੇ ਪਾਸੇ ਓਟਵਾ ਪੁਲਿਸ ਮੁੱਖੀ ਸਟੀਵ ਬੇਲ ਨੇ ਕਿਹਾ ਹੈ ਕਿ ਮੌਕੇ ‘ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਜਾਣਕਾਰੀ ਨੂੰ ਸੱਚ ਮੰਨ ਕੇ ਕਾਰਵਾਈ ਕੀਤੀ ਅਤੇ ਉਹ ਚੰਗੀ ਤਰਾਂ ਜਾਣਦੇ ਸਨ ਕਿ ਇਸ ਮਾਮਲੇ ਦਾ ਓਟਵਾ ਸਿਟੀ ਅਤੇ ਗ੍ਰਿਫ਼ਤਾਰ ਕੀਤੇ ਗਏ ਦੋ ਲੋਕਾਂ ’ਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਖ ਭਾਈਚਾਰੇ ਨਾਲ ਮੁਲਾਕਾਤ ਕਰ ਕੇ ਚਰਚਾ ਕੀਤੀ ਜਾਵੇਗੀ।