ਭਾਰਤ ਦੇ ਉੱਤਰ-ਪੂਰਬੀ ਖੇਤਰ ਦੇ ਜ਼ਿਆਦਾਤਰ ਹਿੱਸੇ ਵਿੱਚ ਅੱਜ ਲਗਾਤਾਰ ਚੌਥੇ ਦਿਨ ਵੀ ਮੋਹਲੇਧਾਰ ਮੀਂਹ ਪੈਣ ਕਾਰਨ ਹੜ੍ਹ ਵਾਲੇ ਹਾਲਾਤ ਬਣੇ ਰਹੇ। ਇਸ ਦੌਰਾਨ ਜ਼ਿਆਦਾਤਰ ਨਦੀਆਂ ਨੱਕੋ-ਨੱਕ ਭਰ ਕੇ ਚੱਲ ਰਹੀਆਂ ਹਨ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਅਨੁਸਾਰ ਸੂਬੇ ਵਿੱਚ ਮੀਂਹ ਤੇ ਹੜ੍ਹਾਂ ਕਾਰਨ 11 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਵਿੱਚ ਵੀ ਸਥਿਤੀ ਬਿਹਤਰ ਨਹੀਂ ਹੈ। ਇਨ੍ਹਾਂ ਸੂਬਿਆਂ ਵਿੱਚ ਢਿੱਗਾਂ ਡਿੱਗਣ ਕਾਰਨ ਸੜਕਾਂ ਨੁਕਸਾਨੀਆਂ ਗਈਆਂ ਹਨ ਅਤੇ ਕਈ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਹਨ। ਅਸਾਮ ਦੇ ਸੋਨਿਤਪੁਰ ਜ਼ਿਲ੍ਹੇ ਵਿੱਚ ਚਾਰ ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਜੀਆ ਭਰੋਲੀ ਨਦੀ ਵਿੱਚ ਡੁੱਬ ਗਈ, ਜਿਸ ਕਾਰਨ ਇਕ ਵਿਅਕਤੀ ਲਾਪਤਾ ਹੈ। ਇਕ ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੂੰ ਬਚਾਅ ਲਿਆ ਗਿਆ ਪਰ ਇਕ ਵਿਅਕਤੀ ਨਹੀਂ ਮਿਲਿਆ। ਗੁਹਾਟੀ ਅਤੇ ਦੀਮਾ-ਹਸਾਓ, ਗੋਲਪਾੜਾ, ਹੋਜਾਈ, ਕਾਮਰੂਪ ਅਤੇ ਕਾਮਰੂਪ (ਐੱਮ) ਦੇ ਵੱਖ-ਵੱਖ ਖੇਤਰਾਂ ਵਿੱਚ ਢਿੱਗਾਂ ਡਿੱਗਣ ਦੀਆਂ ਖ਼ਬਰਾਂ ਮਿਲੀਆਂ ਹਨ। ਇਕ ਮਕਾਨ ਦੇ ਢਹਿਣ ਕਾਰਨ ਦੋ ਬੱਚਿਆਂ ਦੇ ਜਿਊਂਦੇ ਦਫਨ ਹੋਣ ਮਗਰੋਂ ਇਸ ਸਾਲ ਮੀਂਹ ਤੇ ਹੜ੍ਹਾਂ ਕਾਰਨ ਅਸਾਮ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀਰਵਾਰ ਤੱਕ 46 ਹੋ ਚੁੱਕੀ ਸੀ। ਕੇਂਦਰੀ ਮੰਤਰੀ ਸਰਬਨੰਦਾ ਸੋਨੋਵਾਲ ਨੇ ਸੂਬੇ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਫੋਨ ’ਤੇ ਗੱਲ ਕਰ ਕੇ ਹੜ੍ਹਾਂ ਸਬੰਧੀ ਸਥਿਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਬਿਸਵਾ ਨੇ ਕੇਂਦਰੀ ਮੰਤਰੀ ਨੂੰ ਸੂਬੇ ਦੇ ਹਾਲਾਤ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਵੇਂ ਵੱਖ-ਵੱਖ ਵਿਭਾਗ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਮਦਦ ਲਈ 24 ਘੰਟੇ ਕੰਮ ਕਰ ਰਹੇ ਹਨ। ਹੁਣ ਤੱਕ 5840 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਮੇਘਾਲਿਆ ਦੇ ਈਸਟ ਖਾਸੀ ਪਰਬਤ ਵਿੱਚ ਪੈਂਦੇ ਸੋਹਰਾ (ਚਿਰਾਪੂੰਜੀ) ਵਿੱਚ ਸ਼ੁੱਕਰਵਾਰ ਸਵੇਰੇ 8।30 ਵਜੇ ਤੱਕ ਪਿਛਲੇ 24 ਘੰਟਿਆਂ ’ਚ 972 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ 1995 ਤੋਂ ਬਾਅਦ ਜੂਨ ਮਹੀਨੇ ’ਚ ਪਿਆ ਸਭ ਤੋਂ ਵੱਧ ਮੀਂਹ ਹੈ।