ਜੰਡਿਆਲਾ ਗੁਰੂ, 15 ਜੂਨ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਝੋਨਾ ਲਾਉਣ ਦੀ 14 ਜੂਨ ਮਿੱਥੀ ਗਈ ਸੀ, ਪਰ ਮਿੱਥੀ ਤਰੀਕ ’ਤੇ ਵੀ ਸਰਕਾਰ ਵੱਲੋਂ ਨਹਿਰਾਂ ਵਿੱਚ ਪਾਣੀ ਨਾ ਛੱਡਣ ਕਾਰਨ ਨਹਿਰਾਂ ਸੁੱਕੀਆਂ ਪਈਆਂ ਹਨ। ਸਰਕਾਰ ਵੱਲੋਂ ਝੋਨਾ ਲਗਾਉਣ ਦੀ ਮਿੱਥੀ ਤਰੀਕ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਕਿਸਾਨਾਂ ਨੂੰ ਮੋਟਰਾਂ ਵਾਸਤੇ ਅੱਠ ਘੰਟੇ ਬਿਜਲੀ ਸਪਲਾਈ ਵੀ ਨਹੀਂ ਮਿਲੀ। ਜਿਸ ਕਾਰਨ ਝੋਨਾ ਲਾਉਣ ਲਈ ਪੈਲੀਆਂ ਤਿਆਰ ਨਹੀਂ ਹੋ ਸਕੀਆਂ, ਨਾ ਹੀ ਜ਼ਮੀਨਾਂ ਨੂੰ ਪਾਣੀ ਮਿਲ ਸਕਿਆ ਤੇ ਨਾ ਹੀ ਕੱਦੂ ਹੋ ਸਕਿਆ। ਇਸ ਕਾਰਨ 14 ਜੂਨ ਨੂੰ ਕਿਸਾਨ ਝੋਨਾ ਲਾਉਣਾ ਸ਼ੁਰੂ ਨਹੀਂ ਕਰ ਸਕੇ ਤੇ ਇਸ ਕਾਰਨ ਪੰਜਾਬ ਸਰਕਾਰ ਪ੍ਰਤੀ ਕਿਸਾਨਾਂ ’ਚ ਭਾਰੀ ਰੋਸ ਹੈ।ਇਸ ਸਬੰਧੀ ਸਰਪੰਚ ਸਿਕੰਦਰ ਸਿੰਘ ਨੇ ਕਿਹਾ ਉਹ ਤੇ ਉਨ੍ਹਾਂ ਦੇ ਕਾਫੀ ਕਿਸਾਨ ਸਾਥੀ ਜਿਨ੍ਹਾਂ ਦੀਆਂ ਜ਼ਮੀਨਾਂ ਅੱਪਰ ਬਾਰੀ ਦੋਆਬ ਨਹਿਰ ਨਾਲ ਲੱਗਦੀਆਂ ਹਨ। ਉਹ ਨਹਿਰੀ ਪਾਣੀ ਦਾ ਇਸਤੇਮਾਲ ਕਰਦੇ ਹਨ ਪਰ ਸਰਕਾਰ ਵੱਲੋਂ ਝੋਨਾ ਲਗਾਉਣ ਦੀ ਮਿੱਥੀ 14 ਜੂਨ ਨੂੰ ਵੀ ਝੋਨਾ ਲਾਉਣਾ ਸ਼ੁਰੂ ਨਹੀਂ ਕਰ ਸਕੇ, ਕਿਉਂਕਿ ਅਜੇ ਤੱਕ ਨਹਿਰਾਂ ’ਚ ਪਾਣੀ ਨਹੀਂ ਛੱਡਿਆ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਮਹੀਨਿਆਂ ਤੋਂ ਨਹਿਰ ’ਚ ਸਰਕਾਰ ਵੱਲੋਂ ਪਾਣੀ ਨਹੀਂ ਛੱਡਿਆ ਗਿਆ। ਉਨ੍ਹਾਂ ਦੱਸਿਆ ਕਿ ਕਣਕ ਵੇਲੇ ਵੀ ਕੁਝ ਦਿਨਾਂ ਲਈ ਨਹਿਰ ’ਚ ਪਾਣੀ ਛੱਡਿਆ ਜਾਂਦਾ ਸੀ ਤੇ ਕਣਕ ਦੀ ਵਾਢੀ ਤੋਂ ਬਾਅਦ ਵੀ ਰੌਣੀ ਕਰਨ ਲਈ ਸਰਕਾਰ ਇੱਕ ਦੋ ਦਿਨ ਲਈ ਪਾਣੀ ਜ਼ਰੂਰ ਛੱਡਦੀ ਸੀ ਪਰ ਇਸ ਵਾਰ ਇੰਨਾ ਲੰਮਾ ਸਮਾਂ ਬੀਤ ਜਾਣ ’ਤੇ ਵੀ ਬਿਲਕੁਲ ਪਾਣੀ ਨਹੀਂ ਛੱਡਿਆ ਗਿਆ ਜਿਸ ਕਾਰਨ ਜ਼ਮੀਨਾਂ ਨੂੰ ਔੜ ਲੱਗੀ ਹੋਈ ਹੈ ਅਤੇ ਕਿਸਾਨਾਂ ਨੂੰ ਝੋਨਾ ਲਾਉਣ ’ਚ ਦੇਰੀ ਹੋ ਰਹੀ ਹੈ। ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਆਗੂ ਦਵਿੰਦਰ ਸਿੰਘ ਤੇ ਮੰਗਲ ਸਿੰਘ ਕਿਸਾਨਾਂ ਨੇ ਦੱਸਿਆ ਪੰਜਾਬ ਸਰਕਾਰ ਨੇ ਝੋਨਾ ਲਾਉਣ ਦੀ ਤਰੀਕ ਤਾਂ ਮਿੱਥ ਦਿੱਤੀ ਪਰ ਮਿਥੀ ਤਰੀਕ ਤੋਂ ਪਹਿਲਾਂ ਕਿਸਾਨਾਂ ਨੂੰ ਬੰਬੀਆਂ ਲਈ ਅੱਠ ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਗਈ। ਜਿਸ ਕਾਰਨ ਅੱਜ ਝੋਨਾ ਲਾਉਣ ਦੀ ਸ਼ੁਰੂਆਤ ਨਹੀਂ ਹੋ ਸਕੀ ਤੇ ਇਸ ਕਾਰਨ ਕਿਸਾਨਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਹੈ ਕਿਉਂਕਿ ਸਰਕਾਰ ਆਪਣਾ ਵਾਅਦਾ ਨਹੀਂ ਨਿਭਾ ਸਕੀ ਤੇ ਕਿਸਾਨ ਸਹੀ ਸਮੇਂ ’ਤੇ ਝੋਨਾ ਲਗਾਉਣ ਦੀ ਸ਼ੁਰੂਆਤ ਨਹੀਂ ਕਰ ਸਕੇ। ਕਿਸਾਨ ਆਗੂ ਨੇ ਕਿਹਾ ਕਿ ਨਹਿਰਾਂ ਵਿੱਚ ਵੀ ਪਾਣੀ ਨਹੀਂ ਛੱਡਿਆ ਗਿਆ ਤੇ ਬਿਜਲੀ ਵੀ ਪਤਾ ਨਹੀਂ ਆਉਂਦੇ ਦਿਨਾਂ ਵਿੱਚ ਮਿਲੇਗੀ ਜਾਂ ਨਹੀਂ। ਉਨ੍ਹਾਂ ਕਿਹਾ ਸਰਕਾਰ ਦੀਆਂ ਇਨ੍ਹਾਂ ਮਾੜੀਆਂ ਤੇ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨਾਂ ’ਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਹੈ। ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਗੁਰਿੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਪਿੱਛੋਂ ਨਹਿਰਾਂ ਵਿੱਚ 300 ਕਿਊਸਿਕ ਪਾਣੀ ਛੱਡਿਆ ਗਿਆ ਹੈ ਪਰ ਨਹਿਰਾਂ ਜ਼ਿਆਦਾ ਦੇਰ ਤੋਂ ਸੁੱਕੀਆਂ ਰਹਿਣ ਅਤੇ ਗਰਮੀ ਬਹੁਤ ਜ਼ਿਆਦਾ ਪੈਣ ਤੇ ਬਾਰਸ਼ ਨਾ ਹੋਣ ਕਾਰਨ ਪਾਣੀ ਬਹੁਤ ਜ਼ਿਆਦਾ ਪੀ ਰਹੀਆਂ ਹਨ ਤੇ ਪਾਣੀ ਹੌਲੀ ਹੌਲੀ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੇ ਸਭ ਕਰਮਚਾਰੀ ਰਾਤਾਂ ਤੱਕ ਨਹਿਰਾਂ ਉਪਰ ਕੰਮ ਕਰ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਜਲਦੀ ਨਹਿਰੀ ਪਾਣੀ ਮਿਲ ਸਕੇ।