ਗੜ੍ਹਦੀਵਾਲਾ, 15 ਜੁਲਾਈ (ਮਲਹੋਤਰਾ)- ਸਤਲੁਜ ਦਰਿਆ ਦੇ ਟੁੱਟੇ ਬੰਨ੍ਹ ਕਾਰਨ ਹਲਕਾ ਲੋਹੀਆਂ ਤੇ (ਸੁਲਤਾਨਪੁਰ ਲੋਧੀ) ਹਲਕੇ ਦੇ ਕਈ ਪਿੰਡ ਹੜ੍ਹ ਦੀ ਚਪੇਟ ਵਿਚ ਆ ਗਏ ਹਨ ਅਤੇ ਲੋਕਾਂ ਦਾ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਨੂੰ ਲੈ ਕੇ ਪੰਜਾਬ ਭਰ ਦੀਆਂ ਵੱਖ-ਵੱਖ ਸੰਗਤਾਂ ਵੱਲੋ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਅੱਜ ਬਾਬਾ ਫਤਹਿ ਸਿੰਘ ਜੀ ਤਰਨਾ ਦਲ ਜ਼ਿਲਾ ਹੁਸ਼ਿਆਰਪੁਰ ਦੇ ਸੇਵਾਦਾਰ ਜਥੇਦਾਰ ਬਾਬਾ ਅਜਮੇਰ ਸਿੰਘ ਅਤੇ ਪਿੰਡ ਬਾਹਗਾ ਦੀ ਸੰਗਤ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਪੀਣ ਵਾਲਾ ਪਾਣੀ, ਦੁੱਧ, ਮੱਛਰ ਦਾਨੀਆਂ ਅਤੇ ਰਾਸ਼ਨ ਸਮੱਗਰੀ ਸੁਲਤਾਨਪੁਰ ਲੋਧੀ ਦੇ ਪ੍ਰਸ਼ਾਸ਼ਨ ਐੱਸ.ਡੀ.ਐੱਮ ਚੰਦਰਾ ਜੋਤੀ ਸਿੰਘ ਅਤੇ ਡੀ.ਡੀ.ਪੀ.ਓ. ਹਰਜਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਸੌਂਪੀ ਗਈ। ਇਸ ਮੌਕੇ ਉਹਨਾਂ ਦੇ ਨਾਲ ਸਮਾਜ ਸੇਵੀ ਮਨਦੀਪ ਸਿੰਘ ਭਿੰਡਰ ਅਤੇ ਪ੍ਰਗਟ ਸਿੰਘ, ਕਾਕਾ ਬਾਹਗਾ, ਜੋਨੀ ਬਾਹਗਾ, ਸ਼ਿੰਦਾ ਗਾਲੋਵਾਲ ਵੀ ਹਾਜ਼ਰ ਸਨ।
ਜਥੇਦਾਰ ਬਾਬਾ ਅਜਮੇਰ ਸਿੰਘ ਨੇ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਹੋਰ ਸਹਾਇਤਾ ਵੀ ਕੀਤੀ ਜਾਵੇਗੀ। ਸਾਨੂੰ ਇਸ ਦੁੱਖ ਦੀ ਘੜੀ ਵਿਚ ਆਪਣੇ ਪੰਜਾਬ ਵਾਸੀਆਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਜੋ ਵਿਅਕਤੀ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਸਮਾਜ ਸੇਵੀ ਅਮਨਦੀਪ ਸਿੰਘ ਭਿੰਡਰ ਤੇ ਉਨ੍ਹਾਂ ਦੀ ਜਥੇਬੰਦੀ ਦੀ ਸਮੁੱਚੀ ਟੀਮ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਤਕੀਆ, ਟਿੱਬੀ, ਭੋਰਾਆਣਾ ਅਤੇ ਮੰਡ ਇਲਾਕੇ ਦੇ ਹੋਰ ਪਿੰਡਾਂ ‘ਚ ਖਾਣ ਪੀਣ ਵਾਲਿਆਂ ਵਸਤੂਆਂ ਵੰਡੀਆਂ ਗਈਆ। ਇਸ ਮੌਕੇ ਤੇ ਐੱਸ.ਡੀ.ਐਮ. ਚੰਦਰਾ ਜੋਤੀ ਸਿੰਘ, ਤਹਿਸੀਲਦਾਰ ਗੁਰਲੀਨ ਕੌਰ, ਡੀ.ਡੀ.ਪੀ.ਓ. ਹਰਜਿੰਦਰ ਸਿੰਘ ਸੰਧੂ ਵਲੋਂ ਬਾਬਾ ਫਤਹਿ ਸਿੰਘ ਜੀ ਤਰਨਾ ਦਲ ਹੁਸ਼ਿਆਰਪੁਰ ਅਤੇ ਪਿੰਡ ਬਾਹਗਾ ਦੀਆਂ ਸੰਗਤਾਂ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।