ਹਰਿਆਣਾ/ਹੁਸ਼ਿਆਰਪੁਰ, 22 ਜੂਨ (ਜਨ ਸੰਦੇਸ਼ ਨਿਊਜ਼)- ਸਰਕਾਰ ਰੋਜ ਵੱਡੇ-ਵੱਡੇ ਇਸ਼ਤਿਹਾਰਾਂ ਰਾਹੀਂ ਵਿਕਾਸ ਦੇ ਐਲਾਨ ਕਰਦੀ ਹੈ ਪਰ ਜਮੀਨੀ ਪੱਧਰ ਤੇ ਲੋਕਾਂ ਦੀਆਂ ਕਿ ਪ੍ਰੇਸ਼ਾਨੀਆਂ ਹਨ ਕਦੇ ਸਰਕਾਰ ਉਸ ਵੱਲ ਧਿਆਨ ਨਹੀ ਦਿੰਦੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਚਿਲਡਰਨ ਐਂਡ ਯੂਥ ਫਾਉਡੇਸ਼ਨ ਰਜਿ. ਇੰਡੀਆ ਦੇ ਰਾਸ਼ਟਰੀ ਪ੍ਰਧਾਨ ਦਲਵੀਰ ਦੁਸਾਂਝ ਨੇ ਕਸਬਾ ਹਰਿਆਣਾ ਵਿਖੇ ਬੰਦ ਪਏ ਪਸ਼ੂਆਂ ਦੇ ਹਸਪਤਾਲ ਨੂੰ ਦਿਖਾਉਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਕਸਬਾ ਹਰਿਆਣਾ ਵਿੱਚ 50 ਪਿੰਡਾਂ ਨੂੰ ਲੱਗਦਾ ਇਹ ਪਸ਼ੂ ਹਸਪਤਾਲ ਪਿਛਲੇ ਕਈ ਸਾਲਾਂ ਤੋਂ ਬੰਦ ਹੈ। ਹਾਸ ਯੋਗ ਗੱਲ ਇਹ ਹੈ ਕਿ ਇੱਥੇ ਦੇ ਬਹੁਤ ਸਾਰੇ ਲੋਕਾਂ ਨੂੰ ਹਸਪਤਾਲ ਬਾਰੇ ਪਤਾ ਵੀ ਨਹੀ ਹੈ ਕਿ ਹਰਿਆਣਾ ‘ਚ ਪਸ਼ੂਆਂ ਦਾ ਹਸਪਤਾਲ ਵੀ ਹੈ।
ਇਹ ਪਸ਼ੂਆਂ ਦਾ ਹਸਪਤਾਲ ਸ਼ਾਮ ਚੁਰਾਸੀ ਰੌਡ ਤੇ ਸਥਿਤ ਹੈ ਜੋ ਕਿ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ। ਇਥੇ ਪਸ਼ੂ ਤਾਂ ਨਹੀ ਆਉਦੇ ਪਰ ਨਛੇੜੀ ਆਪਣਾ ਮਜ਼ਾ ਜ਼ਰੂਰ ਨਸ਼ੇ ਕਰਕੇ ਲੈਂਦੇ ਹਨ ।ਦੂਸਰੀ ਹੈਰਾਨੀ ਦੀ ਇਹ ਗੱਲ ਹੈ ਕਿ ਇਸ ਹਸਪਤਾਲ ਵਿੱਚ ਬਿਜਲੀ ਦਾ ਕੋਈ ਪ੍ਰਬੰਧ ਨਹੀ। ਇਹ ਹਸਪਤਾਲ 26 ਲੱਖ ਦੀ ਲਾਗਤ ਨਾਲ ਅਕਾਲੀ ਦਲ ਦੀ ਸਰਕਾਰ ਦੇ ਰਾਜ ਸਮੇਂ ਬਣਿਆ ਸੀ ਜਿਸ ਨੂੰ ਅਜੇ ਤੱਕ ਡਾਕਟਰ ਵੀ ਨਸੀਬ ਨਹੀ ਹੋਇਆ।
ਇਲਾਕਾ ਨਿਵਾਸੀ ਇੰਦਰਜੀਤ ਸਿੰਘ ਸੈਣੀ ਨੇ ਕਿਹਾ ਹਰਿਆਣਾ ਸਮੂਹ ਨਿਵਾਸੀ ਪਸ਼ੂਆਂ ਦੇ ਹਸਪਤਾਲ ਦੀ ਖ਼ਸਤਾ ਹਾਲਤ ਤੋਂ ਬਹੁਤ ਦੁਖੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਜਲਦ ਚਾਲੂ ਕੀਤਾ ਜਾਵੇ।
ਉੱਘੇ ਕਿਸਾਨ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਕਸਬਾ ਹਰਿਆਣਾ ਵਿਚ ਪਸ਼ੂਆਂ ਦਾ ਇਲਾਜ ਕਰਾਉਣ ਲਈ ਦੂਰ-ਦਰਾਜ਼ ਦੇ ਪ੍ਰਾਈਵੇਟ ਡਾਕਟਰਾਂ ਕੋਲ ਜਾਣਾ ਪੈਂਦਾ ਹੈ।