ਹੁਸ਼ਿਆਰਪੁਰ, 5 ਜੂਨ (ਇੰਦਰਜੀਤ ਸਿੰਘ ਹੀਰਾ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਪੈਂਦੇ ਅਧੀਨ ਥਾਣਾ ਮੇਹਟੀਆਣਾ ਦੇ ਪਿੰਡਾਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਫਿਰ ਪਿੰਡ ਰਾਜਪੁਰ-ਭਾਈਆਂ ਵਿਖੇ ਇੱਕ ਲੁਟੇਰੇ ਵੱਲੋ ਪੁਲਸ ਤੋਂ ਬੇਖੌਫ ਹੋ ਕੇ ਇੱਕ ਵੈਸਟਰਨ ਯੂਨੀਅਨ ਦੇ ਦਫ਼ਤਰ ਵਿੱਚ ਇੱਕ ਲੜਕੀ ਨੂੰ ਛੁਰਾ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਾ ਵਾਰਦਾਤ ਨੂੰ ਅੰਜਾਮ ਦੇ ਕੇ ਬਿਨਾਂ ਕਿਸੇ ਡਰ ਤੋਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂਚੱਕਰ ਹੋ ਗਿਆ। ਲੁੱਟ ਦੀ ਘਟਨਾ ਦਾ ਸ਼ਿਕਾਰ ਹੋਏ ਪੀੜਤ ਸੁਖਵਿੰਦਰ ਲਾਲ ਵਾਸੀ ਬਡਲਾ ਖੁਰਦ ਨੇ ਦੱਸਿਆ ਕਿ ਉਹ ਰਾਜਪੁਰ ਭਾਈਆਂ ਵਿਖੇ ਵੈਸਟਨ ਯੂਨੀਅਨ ਦਾ ਕੰਮ ਕਰਦਾ ਹੈ। ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਉਹ ਆਪਣੇ ਬੱਚੇ ਨੂੰ ਉਸ ਦੀ ਭੂਆ ਦੇ ਪਿੰਡ ਛੱਡਣ ਗਿਆ ਹੋਇਆ ਸੀ। ਅਤੇ ਦਫ਼ਤਰ ਵਿਚ ਰੱਖੀ ਲੜਕੀ ਅੰਸ਼ਿਕਾ ਦਫ਼ਤਰ ਵਿਚ ਇਕੱਲੀ ਸੀ। ਉਸ ਨੂੰ ਇਕੱਲੀ ਨੂੰ ਦੇਖ ਇਕ ਸਰਦਾਰ ਲੜਕਾ ਦਫ਼ਤਰ ਵਿਚ ਦਾਖਲ ਹੋਇਆ। ਜਿਸ ਨੇ ਆਪਣਾ ਮੂੰਹ ਰੁਮਾਲ ਨਾਲ ਢਕਿਆ ਹੋਇਆ ਸੀ ਅਤੇ ਸਿਰ ਤੇ ਪਰਨਾ ਬੰਨਿਆਂ ਹੋਇਆ ਸੀ। ਦਫਤਰ ਵਿਚ ਕੰਮ ਕਰਦੀ ਲੜਕੀ ਦੀ ਗਰਦਨ ਤੇ ਛੁਰਾ ਰੱਖ ਕੇ ਗੋਲਕ ਵਿੱਚ ਪਈ ਨਕਦੀ ਲੁੱਟ ਕੇ ਅਤੇ ਲੜਕੀ ਨੂੰ ਧਮਕੀਆਂ ਦਿੰਦਾ ਹੋਇਆ ਮੋਟਰ ਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਥਾਣਾ ਮੇਹਟੀਆਣਾ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਲੁੱਟ ਦੀ ਘਟਨਾ ਦੀ ਜਾਂਚ ਸ਼ੁਰੂ ਕਰਕੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਹਨ। ਖਬਰ ਲਿਖੇ ਜਾਣ ਤੱਕ ਪੁਲਿਸ ਦੇ ਹੱਥ ਦੋਸ਼ੀ ਦੀ ਪਹੁੰਚ ਤੋਂ ਬਾਹਰ ਹੀ ਸਨ। ਦਿਨ ਦਿਹਾੜੇ ਹੋਈ ਇਸ ਲੁੱਟ ਦੀ ਵਾਰਦਾਤ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।