ਹੁਸ਼ਿਆਰਪੁਰ, 22 ਮਈ (ਜਨ ਸੰਦੇਸ਼ ਨਿਊਜ਼)- ਖੇਡ ਵਿਭਾਗ ਪੰਜਾਬ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਸਕੂਲਾਂ ਵਿਚ ਖੇਡ ਵਿੰਗ ਸਥਾਪਿਤ ਕਰਨ ਲਈ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖ਼ਲ ਕਰਨ ਲਈ ਵੱਖ-ਵੱਖ ਖੇਡਾਂ (ਅੰਡਰ-14, 17 ਅਤੇ 19 ਸਾਲ) ਦੇ ਚੋਣ ਟ੍ਰਾਇਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 24 ਅਤੇ 25 ਮਈ ਨੂੰ ਰੱਖੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡੇ-ਸਕਾਲਰ ਉਮਰ ਵਰਗ ਅੰਡਰ 14, 17 ਅਤੇ 19 ਲਈ ਅਥਲੈਟਿਕਸ, ਬਾਸਕਟਬਾਲ, ਹੈਂਡਬਾਲ, ਖੋ-ਖੋ, ਵਾਲੀਬਾਲ, ਵੇਟ ਲਿਫਟਿੰਗ, ਫੁੱਟਬਾਲ ਅਤੇ ਹਾਕੀ ਦੇ ਚੋਣ ਟ੍ਰਾਇਲ ਆਊਟਡੋਰ ਸਟੈਡੀਅਮ, ਨੇੜੇ ਟਾਂਡਾ ਬਾਈਪਾਸ, ਹੁਸ਼ਿਆਰਪੁਰ ਵਿਖੇ ਹੋਣਗੇ। ਇਸੇ ਤਰ੍ਹਾਂ ਬਾਕਸਿੰਗ, ਜੂਡੋ ਅਤੇ ਕੁਸ਼ਤੀ ਦੇ ਟ੍ਰਾਇਲ ਇੰਡੋਰ ਸਟੇਡੀਅਮ, ਨੇੜੇ ਵੱਡਾ ਡਾਕਖਾਨਾ, ਹੁਸ਼ਿਆਰਪੁਰ ਵਿਖੇ ਅਤੇ ਤੈਰਾਕੀ ਦੇ ਟ੍ਰਾਇਲ ਤੈਰਾਕੀ ਪੂਲ, ਸਰਵਿਸ ਕਲੱਬ, ਹੁਸ਼ਿਆਰਪੁਰ ਵਿਖੇ ਹੋਣਗੇ।
ਉਨ੍ਹਾਂ ਦੱਸਿਆ ਕਿ ਰੈਜ਼ੀਡੈਂਸ਼ੀਅਲ ਉਮਰ ਵਰਗ ਅੰਡਰ 14 ਅਤੇ 17 ਲਈ ਅਥਲੈਟਿਕਸ, ਬਾਸਕਟਬਾਲ ਅਤੇ ਵਾਲੀਬਾਲ ਦੇ ਚੋਣ ਟ੍ਰਾਇਲ ਆਊਟਡੋਰ ਸਟੇਡੀਅਮ, ਨੇੜੇ ਟਾਂਡਾ ਬਾਈਪਾਸ, ਹੁਸ਼ਿਆਰਪੁਰ ਵਿਖੇ ਹੋਣਗੇ।
ਉਨ੍ਹਾਂ ਦੱਸਿਆ ਕਿ ਖੇਡ ਵਿੰਗਾਂ ਲਈ ਖਿਡਾਰੀਆਂ ਅਤੇ ਖਿਡਾਰਨਾਂ ਦਾ ਜਨਮ ਅੰਡਰ-14 ਲਈ ਮਿਤੀ 1 ਜਨਵਰੀ 2010, ਅੰਡਰ-17 ਲਈ 1 ਜਨਵਰੀ 2007 ਅਤੇ ਅੰਡਰ-19 ਲਈ 1 ਜਨਵਰੀ 2005 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀ ਕੋਲ ਜ਼ਿਲ੍ਹਾ ਪੱਧਰ ਮੁਕਾਬਲੇ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿਚੋਂ ਕੋਈ ਵੀ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵਲੋਂ ਰਾਜ ਪੱਧਰੀ ਮੁਕਾਬਲੇ ਵਿਚ ਭਾਗ ਲਿਆ ਗਿਆ ਹੋਵੇ। ਇਸ ਤੋਂ ਇਲਾਵਾ ਟ੍ਰਾਇਲਾਂ ਦੇ ਆਧਾਰ ’ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਗਏ ਡੇ-ਸਕਾਲਰ ਖਿਡਾਰੀਆਂ ਨੂੰ 100 ਰੁਪਏ ਅਤੇ ਰੈਜ਼ੀਡੈਂਸ਼ੀਅਲ ਖਿਡਾਰੀਆਂ ਨੂੰ 200 ਰੁਪਏ ਖੇਡ ਵਿਭਾਗ ਵਲੋਂ ਪ੍ਰਤੀ ਦਿਨ, ਪ੍ਰਤੀ ਖਿਡਾਰੀ ਦੀ ਦਰ ਨਾਲ ਰਿਫਰੈਸ਼ਮੈਂਟ/ਡਾਈਟ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਖਿਡਾਰੀ ਦਰਸਾਈਆਂ ਮਿਤੀਆਂ ਨੂੰ ਸਬੰਧਤ ਟ੍ਰਾਇਲ ਸਥਾਨ ਉੱਤੇ ਸਵੇਰੇ ਠੀਕ 8 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨ। ਉਨ੍ਹਾਂ ਕਹਾ ਕਿ ਦਾਖ਼ਲਾ ਫਾਰਮ ਨਿਰਧਾਰਤ ਮਿਤੀ ਨੂੰ ਟ੍ਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਜ਼ਿਲ੍ਹਾ ਖੇਡ ਦਫ਼ਤਰ, ਹੁਸ਼ਿਆਰਪੁਰ ਤੋਂ ਮੁਫ਼ਤ ਲਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਤਸਦੀਕ ਸ਼ੁਦਾ ਕਾਪੀਆਂ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ਼ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਟ੍ਰਾਇਲਾਂ ਵਿਚ ਭਾਗ ਲੈਣ ਲਈ ਖਿਡਾਰੀਆਂ ਨੂੰ ਵਿਭਾਗ ਵਲੋਂ ਕੋਈ ਟੀ. ਏ/ਡੀ. ਏ ਨਹੀਂ ਦਿੱਤਾ ਜਾਵੇਗਾ।