ਹੁਸ਼ਿਆਰਪੁਰ, 10 ਨਵੰਬਰ (ਜਨ ਸੰਦੇਸ਼ ਨਿਊਜ਼)- ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਸੰਦੀਪ ਹੰਸ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਊਨਾ ਅਤੇ ਕਾਂਗੜਾ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ 3 ਕਿਲੋਮੀਟਰ ਖੇਤਰ ਵਿਚ 10 ਨਵੰਬਰ ਸ਼ਾਮ 5 ਵਜੇ ਤੋਂ 12 ਨਵੰਬਰ ਸ਼ਾਮ 5 ਵਜੇ ਤੱਕ ਅਤੇ 8 ਦਸੰਬਰ ਨੂੰ ਡਰਾਈ ਡੇਅ ਘੋਸ਼ਿਤ ਕਰਦਿਆਂ ਸ਼ਰਾਬ ਦੇ ਠੇਕੇ ਬੰਦ ਰੱਖਣ ਅਤੇ ਕਿਸੇ ਵੀ ਵਿਅਕਤੀ ਦੁਆਰਾ ਸ਼ਰਾਬ ਸਟੋਰ ਕਰਨ ਅਤੇ ਵੇਚਣ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਹੈ। ਇਹ ਆਦੇਸ਼ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ’ਤੇ, ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਆਗਿਆ ਹੈ, ਉੱਤੇ ਪੂਰਨ ਤੌਰ ’ਤੇ ਲਾਗੂ ਹੋਣਗੇ। ਜਾਰੀ ਹੁਕਮਾਂ ਅਨੁਸਾਰ ਵੋਟਾਂ ਪੈਣ ਲਈ ਨਿਰਧਾਰਤ ਸਮਾਂ ਖ਼ਤਮ ਹੋਣ ਤੋਂ 48 ਘੰਟੇ ਪਹਿਲਾਂ ਇਹ ਪਾਬੰਦੀ ਸ਼ੁਰੂ ਹੋ ਕੇ ਵੋਟਾਂ ਵਾਲੇ ਦਿਨ ਵੋਟਿੰਗ ਪ੍ਰਕਿਰਿਆ ਖ਼ਤਮ ਹੋਣ ਤੱਕ, ਯਾਨਿ ਕਿ 10 ਨਵੰਬਰ ਸ਼ਾਮ 5 ਵਜੇ ਤੋਂ 12 ਨਵੰਬਰ ਸ਼ਾਮ 5 ਵਜੇ ਤੱਕ ਅਤੇ 8 ਦਸੰਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਐਲਾਨਿਆ ਗਿਆ ਹੈ।