ਹੁਸ਼ਿਆਰਪੁਰ, 30 ਅਕਤੂਬਰ (ਜਨਸੰਦੇਸ਼ ਨਿਓੂਜ਼): ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਤੱਕ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਥੇ ਪੀਣ ਵਾਲੇ ਪਾਣੀ ਦੀ ਕਮੀ ਹੈ,
ਉਥੇ ਪੈਂਡਿੰਗ ਟਿਊਬਵੈਲਾਂ ਨੂੰ ਪਹਿਲ ਦੇ ਆਧਾਰ ’ਤੇ ਲਗਾਇਆ ਜਾ ਰਿਹਾ ਹੈ ਅਤੇ ਇਲਾਕੇ ਦੇ ਬਜ਼ੁਰਗਾਂ ਤੇ ਪਤਵੰਤਿਆਂ ਤੋਂ ਟਿਊਬਵੈਲਾਂ ਦੇ ਉਦਘਾਟਨ ਕਰਵਾਏ ਜਾ ਰਹੇ ਹਨ। ਉਹ ਅੱਜ ਵਾਰਡ ਨੰਬਰ 16 ਦੀ ਆਕਾਸ਼ ਕਲੋਨੀ ਵਿਚ 26 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਟਿਊਬਵੈਲ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸ਼੍ਰੀ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਵੀਨ ਸੈਣੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੀਣ ਦੇ ਪਾਣੀ ਵਾਲੇ ਇਸ ਟਿਊਬਵੈਲ ਦੇ ਲੱਗਣ ਨਾਲ ਵਾਰਡ ਨੰਬਰ 16, 10 ਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਘਰ ਜਲ ਪਹੁੰਚੇ, ਇਸ ਦੇ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ
ਕਿ ਸ਼ਹਿਰ ਦੇ ਸਾਰੇ ਇਲਾਕਿਆਂ ਵਿਚ ਪੂਰੇ ਪ੍ਰੈਸ਼ਰ ਨਾਲ ਲੋਕਾਂ ਦੇ ਘਰਾਂ ਵਿਚ ਪਾਣੀ ਪਹੁੰਚੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਬਿਨਾਂ ਭੇਦ-ਭਾਵ ਇਲਾਕੇ ਵਿਚ ਵਿਕਾਸ ਕਰਵਾ ਰਹੀ ਹੈ।
ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਹੁਸ਼ਿਆਰਪੁਰ ਵਿਚ ਰਾਜਨੀਤੀ ਤੋਂ ਉਪਰ ਉਠ ਕੇ ਸ਼ਹਿਰ ਦਾ ਵਿਕਾਸ ਕਰਵਾਇਆ ਜਾਵੇਗਾ।
ਇਸ ਮੌਕੇ ਕੌਂਸਲਰ ਜਸਪਾਲ ਸਿੰਘ ਚੇਚੀ, ਨਰਿੰਦਰ ਕੌਰ, ਅਮਰੀਕ ਚੌਹਾਨ, ਮੁਖੀ ਰਾਮ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਹੁੰਦਲ, ਕਾਮਰੇਡ ਗੰਗਾ ਪ੍ਰਸ਼ਾਦ, ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਸਿਮਰਨਜੀਤ ਸਿੰਘ, ਸਤਵੰਤ ਸਿੰਘ ਸਿਆਨ, ਅਜੀਤ ਸਿੰਘ ਲੱਕੀ, ਸੁਮੇਸ਼ ਸੋਨੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।