ਹੁਸ਼ਿਆਰਪੁਰ, 12 ਅਕਤੂਬਰ (ਜਨਸੰਦੇਸ਼ ਨਿਓੂਜ਼)- ਸਕੂਲ ਬੱਸ ਅਪਰੇਟਰ ਯੂਨੀਅਨ, ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਯੂਨੀਅਨ ਦੇ ਕੌਮੀ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੁਸ਼ਿਆਰਪੁਰ ਚ ਹੋਈ। ਇਸ ਮੌਕੇ ਪ੍ਰਾਈਵੇਟ ਬੈਂਕਾਂ ਅਤੇ ਫਾਇਨਾਂਸ ਕੰਪਨੀਆਂ ਵਲੋਂ ਸਕੂਲ ਬੱਸ ਮਾਲਕਾਂ ਦੀ ਕੀਤੀ ਜਾ ਰਹੀ ਖੱਜਲ ਖੁਆਰੀ ਵਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਯੂਨੀਅਨ ਦੇ ਕੌਮੀ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਨੇ ਕਿਹਾ ਕਰੋਨਾ ਕਾਲ ਦੇ ਸਮੇਂ ਦੌਰਾਨ ਸਕੂਲ ਬੱਸ ਮਾਲਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿਹਾ ਕਿ ਸਕੂਲ ਬੰਦ ਹੋ ਜਾਣ ਕਾਰਨ ਪੂਰੀ ਤਰਾਂ ਇਨਕਮ ਰੁਕ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਰਕਾਰਾਂ ਵਲੋਂ ਬਣਦੀ ਲੋੜੀਂਦੀ ਰਾਹਤ ਨਹੀਂ ਦਿੱਤੀ ਗਈ ਸੀ ਅਤੇ ਬੈਂਕਾਂ ਵਲੋਂ ਉਨ੍ਹਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਹੁਣ ਜਦ ਕੁਝ ਬੱਸ ਮਾਲਕਾਂ ਵਲੋਂ ਜੁਰਮਾਨਿਆਂ ਸਮੇਤ ਸਾਰੀਆਂ ਕਿਸ਼ਤਾਂ ਦਾ ਭੁਗਤਾਨ ਵੀ ਕੀਤਾ ਜਾ ਚੁੱਕਾ ਹੈ, ਫਿਰ ਵੀ ਬੈਂਕਾਂ ਵਾਲੇ ਸਕੂਲ ਬੱਸ ਮਾਲਕਾਂ ਨੂੰ ਐਨ.ਓ.ਸੀ ਜਾਰੀ ਨਹੀਂ ਕਰ ਰਹੇ। ਰਿਕਾਰਡ ਮੁਤਾਬਕ ਸਾਰੇ ਪੈਸਿਆਂ ਦਾ ਭੁਗਤਾਨ ਕਰਨ ਦੇ ਬਾਵਜੂਦ ਵੀ ਬੈਂਕਾਂ ਟਰਾਂਸਪੋਰਟਰਾਂ ਨੂੰ ਅਜੇ ਤੱਕ ਡਿਫਾਲਟਰ ਹੀ ਦੱਸੀ ਜਾ ਰਹੀਆਂ ਹਨ। ਜਿਸ ਕਰਕੇ ਸਕੂਲ ਬੱਸ ਮਾਲਕਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਵੀ ਪਾਸਿਓਂ ਕੋਈ ਕਰਜਾ ਨਹੀਂ ਮਿਲ ਰਿਹਾ।
ਇਸ ਮੌਕੇ ਬੋਲਦਿਆਂ ਚਰਨਜੀਤ ਸਿੰਘ ਸੋਨੂੰ, ਹਰਮਿੰਦਰ ਸਿੰਘ ਅੱਜੋਵਾਲ, ਹਰਿੰਦਰ ਸਿੰਘ ਸ਼ੇਰਗੜ੍ਹ ਅਤੇ ਜੈਕਬ ਮਸੀਹ ਨੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਬਾਕੀ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ਼੍ਰੀ ਲਾਲਜੀਤ ਸਿੰਘ ਭੁੱਲਰ ਨਾਲ ਪਿਛਲੇ ਦਿਨੀਂ ਪੰਜਾਬ ਭਵਨ ਵਿਖੇ ਮੀਟਿੰਗ ਕੀਤੀ ਗਈ ਸੀ ਅਤੇ ਅਜੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਸੀ ਹੋਇਆ ਕਿ ਬੈਂਕਾਂ ਵਲੋਂ ਇਹ ਨਵੀਂ ਸਮੱਸਿਆ ਖੜੀ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਵਲੋਂ ਇਸ ਸਮੱਸਿਆ ਪ੍ਰਤੀ ਵੀ ਸਰਕਾਰ ਦਾ ਧਿਆਨ ਲਿਆਂਦਾ ਜਾਵੇਗਾ, ਜੇਕਰ ਫਿਰ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਦੇ ਰਾਹ ਤੇ ਚੱਲਣਾ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬ੍ਰਦਰਜ਼ ਗਰੁੱਪ ਟਰੱਕ ਯੂਨੀਅਨ ਪੰਜਾਬ ਦੇ ਆਗੂ ਰਾਜਵੀਰ ਸਿੰਘ ਰਾਜਾ, ਮਨਦੀਪ ਸਿੰਘ ਖਾਲਸਾ, ਜਰਨੈਲ ਸਿੰਘ, ਮਨਜੀਤ ਸਿੰਘ, ਹਰਭਜਨ ਸਿੰਘ ਬੱਸੀ, ਜਸਦੀਪ ਸਿੰਘ ਵਿੱਕੀ, ਗੁਲਸ਼ਨ ਕੁਮਾਰ, ਹਰਮਿੰਦਰ ਸਿੰਘ ਨੰਦਣ ਆਦਿ ਸਮੇਤ ਭਾਰੀ ਗਿਣਤੀ ਵਿੱਚ ਸਕੂਲ ਬੱਸ ਅਪਰੇਟਰ ਹਾਜਰ ਸਨ।