ਤਲਵਾੜਾ, 12 ਅਕਤੂਬਰ (ਬਲਦੇਵ ਰਾਜ ਟੋਹਲੂ)- ਕੰਢੀ ਖ਼ੇਤਰ ‘ਚ ਪੰਜਾਬ ਭੂਮੀ ਰੱਖਿਆ ਐਕਟ ਪੀ.ਐਲ.ਪੀ.ਏ. ਦੀ ਅਸਪੱਸ਼ਟਤਾ ਲੱਕੜ ਮਾਫ਼ੀਆ ਨੂੰ ਖੂਬ ਰਾਸ ਆ ਰਹੀ ਹੈ। ਖ਼ੇਤਰ ਦਾ ਭੂ ਭਾਗ ਜੰਗਲਾਤ ਐਕਟ ਦੀ ਦਫ਼ਾ 5 ਅਧੀਨ ਆਉਂਦਾ ਹੈ। ਜਦਕਿ ਕੁਝ ਰੱਕਬਾ ਖੁੱਲ੍ਹਾ ਹੈ, ਖੁੱਲ੍ਹੇ ਰੱਕਬੇ ‘ਚ ਵਿਸ਼ੇਸ਼ ਹਾਲਾਤਾਂ ਵਿੱਚ ਹੀ ਲੱਕੜ ਦੀ ਕਟਾਈ ਦੀ ਆਗਿਆ ਦਿੱਤੀ ਜਾ ਸਕਦੀ ਹੈ ਪਰ ਪੀ.ਐਲ.ਪੀ.ਏ. ਦੀ ਅਸਪੱਸ਼ਟਤਾ ਲੱਕੜ ਮਾਫੀਏ ਅਤੇ ਜੰਗਲਾਤ ਵਿਭਾਗ ਦੀ ਮਿਲੀਭੁਗਤ ਨਾਲ ਖ਼ੇਤਰ ਦੇ ਜੰਗਲਾਂ ਦੀ ਕਥਿਤ ਕਟਾਈ ਦਾ ਗੋਰਖ ਧੰਦਾ ਲੰਮੇ ਸਮੇਂ ਤੋਂ ਨਿਰੰਤਰ ਚੱਲ ਰਿਹਾ ਹੈ। ਖ਼ੇਤਰ ‘ਚ ਜੰਗਲਾਤ ਐਕਟ ਦੀ ਅਸਪੱਸ਼ਟਤਾ ਕਾਰਨ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਪਿੰਡਾਂ ‘ਚ ਬੇਸ਼ਕੀਮਤੀ ਦਫਾ 5 ਵਿਚੋਂ ਹਰੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਪਿੰਡ ਭੋਲ ਬਦਮਾਣੀਆਂ ਦਾ ਹੈ, ਲੱਕੜ ਮਾਫੀਆ ਨੇ ਸੈਂਕੜਿਆਂ ਦੀ ਤਦਾਦ ਵਿੱਚ ਹਰੇ ਦਰੱਖਤ ਵੱਢ ਕੇ ਤਬਾਹ ਕਰ ਦਿੱਤੇ ਹਨ। ਬਲਾਕ ਦੇ ਨੀਮ ਪਹਾੜੀ ਇਲਾਕਿਆਂ ‘ਚ ਜੰਗਲਾ ਦੇ ਹਰੇ ਦਰੱਖਤਾਂ ਦੀ ਕਥਿਤ ਕਟਾਈ ਕਾਰਨ ਨੀਮ ਪਹਾੜੀ ਪਿੰਡਾਂ, ਤਾੜਾ ਗਰਨਾ ਦੇ ਜੰਗਲ, ਭੋਲ ਬਦਮਾਣੀਆਂ ਦੇ ਹਰੇ ਦਰੱਖਤ ਲਗਭਗ ਖ਼ਤਮ ਹੋਣ ਕੰਢੇ ਪੁੱਜ ਗਏ ਹਨ। ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੰਢੀ ਖ਼ੇਤਰ ‘ਚ ਖੁੱਲ੍ਹੇ ਰੱਕਬੇ ਵਿੱਚੋਂ ਵੀ ਵਿਭਾਗ ਸੀਮਿਤ ਮਾਤਰਾ ਵਿੱਚ ਹੀ ਲੱਕੜ ਦੇ ਕਟਾਨ ਦੀ ਆਗਿਆ ਦੇ ਸਕਦਾ ਹੈ, ਉਸਦੇ ਲਈ ਵੀ ਨਿਯਮਾਂ ਅਤੇ ਸ਼ਰਤਾਂ ਹਨ। ਪਰ ਬਹੁਤ ਚਤੁਰਾਈ ਨਾਲ ਬਿਨ੍ਹਾਂ ਜਾਂਚ ਅਤੇ ਨਿਸ਼ਾਨਦੇਹੀ ਤੋਂ ਫ਼ਰਦ ਅਤੇ ਖਸਰਾ ਨੰਬਰਾਂ ਦੇ ਸਹਾਰੇ ਕੰਢੀ ਖ਼ੇਤਰ ‘ਚ ਲੱਕੜ ਦੀ ਕਥਿਤ ਕਟਾਈ ਕਰਕੇ ਕੁਦਰਤੀ ਵਣ ਸੰਪਦਾ ਨੂੰ ਤਬਾਹ ਕੀਤਾ ਜਾ ਰਿਹਾ ਹੈ।
ਪਿਛਲੇ ਦਿਨੀਂ ਪੱਤਰਕਾਰਾਂ ਨੂੰ ਸੱਦ ਕੇ ਕਾਤਲਾਨਾ ਹਮਲਾ ਕਰਨ ਵਾਲਾ ਤੇ ਦੂਜਿਆਂ ਠੇਕੇਦਾਰਾਂ ਦੀ ਸ਼ਿਕਾਇਤ ਕਰਨ ਵਾਲੇ ਠੇਕੇਦਾਰ ਬਗੁ ਦੀਨ ਅਤੇ ਉਸ ਦੇ ਪੁੱਤਰ ਕਮਾਲ ਦੀਨ, ਬਿਨਾਂ ਕਿਸੇ ਦੀ ਪਰਵਾਹ ਕੀਤੇ ਦਿਨ ਦਿਹਾੜੇ ਦਫਾ 5 ਵਿੱਚ ਸ਼ਰੇਆਮ ਆਰਾ ਚਲਾ ਰਹੇ ਹਨ, ਇਹਨਾਂ ਨੂੰ ਕਿਸੇ ਦਾ ਵੀ ਡਰ ਭੈਅ ਨਹੀਂ ਹੈ।
ਜੰਗਲਾਤ ਵਿਭਾਗ ਦੇ ਗਾਰਡ ਅਸ਼ਵਨੀ (ਮੰਨਾ) ਨੂੰ ਵਾਰ-ਵਾਰ ਫੋਨ ਕੀਤਾ ਪਰ ਉਹਨਾਂ ਨੇ ਫੋਨ ਚੁੱਕਿਆ ਹੀ ਨਹੀਂ।
ਜਦੋ ਲਕੜ ਦੀ ਨਜਾਇਜ਼ ਕਟਾਈ ਸਬੰਧੀ ਡੀ.ਐਫ.ਓ. ਦਸੂਹਾ ਅੰਜਨ ਕੁਮਾਰ ਦਾ ਪੱਖ ਜਾਨਣਾ ਚਾਹਿਆ ਤਾਂ ਉਹਨਾਂ ਫੋਨ ਚੁੱਕਿਆ ਪਰ ਮੀਟਿੰਗ ਵਿੱਚ ਹੋਣ ਦਾ ਹਵਾਲਾ ਦੇ ਕੇ ਫ਼ੋਨ ਕੱਟ ਦਿੱਤਾ।